ਰੇਤ ਦੀ ਨਾਜਾਇਜ਼ ਖੋਦਾਈ ਕਰਨ ਦੇ ਦੋਸ਼ ''ਚ 2 ਖਿਲਾਫ਼ ਕੇਸ ਦਰਜ
Thursday, Jun 08, 2017 - 07:10 AM (IST)

ਹੁਸ਼ਿਆਰਪੁਰ, (ਅਸ਼ਵਨੀ)- ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਦੌਰਾਨ ਥਾਣਾ ਹਰਿਆਣਾ ਦੀ ਪੁਲਸ ਨੇ 2 ਵਿਅਕਤੀਆਂ ਖਿਲਾਫ਼ ਧਾਰਾ 379 ਤੇ ਮਾਈਨਿੰਗ ਮਿਨਰਲ ਐਕਟ 1957 ਦੀ ਧਾਰਾ 21 (1) ਤਹਿਤ ਕੇਸ ਦਰਜ ਕੀਤੇ ਹਨ।
ਪੁਲਸ ਚੌਕੀ ਭੂੰਗਾ ਦੇ ਇੰਚਾਰਜ ਨੇ ਇਕ ਕੰਪਿਊਟਰ ਕੰਡੇ ਦੇ ਕੋਲ ਅੱਭੋਵਾਲ ਵੱਲੋਂ ਆ ਰਹੇ ਰੇਤ ਨਾਲ ਲੱਦੇ ਇਕ ਟਰੈਕਟਰ-ਟਰਾਲੀ ਨੂੰ ਰੋਕਿਆ ਤਾਂ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਟਰੈਕਟਰ-ਟਰਾਲੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਥਾਣਾ ਹਰਿਆਣਾ ਦੀ ਇਕ ਹੋਰ ਪੁਲਸ ਪਾਰਟੀ ਨੇ ਸਬ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ 'ਚ ਨਹਿਰ ਸਾਈਫਨ ਪਿੰਡ ਖੁੱਡੇ ਦੇ ਕੋਲ ਇਕ ਕੈਂਟਰ ਨੰ. ਪੀ ਬੀ 07-ਈ-6901 ਜਿਸ 'ਤੇ ਰੇਤ ਲੱਦੀ ਹੋਈ ਸੀ, ਨੂੰ ਕਬਜ਼ੇ ਵਿਚ ਲਿਆ ਪਰ ਚਾਲਕ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਪੁਲਸ ਦੋਵੇਂ ਫਰਾਰ ਚਾਲਕਾਂ ਦੀ ਭਾਲ ਕਰ ਰਹੀ ਹੈ।