ਮਾਮਲਾ ਮੁੰਬਈ ਵਪਾਰੀ ਦੀ ਕਾਰ ਖੋਹਣ ਦਾ, ਪੁਲਸ ਹੱਥ ਲੱਗੇ ਅਹਿਮ ਸੁਰਾਗ

01/08/2018 2:53:33 PM

ਨਕੋਦਰ (ਪਾਲੀ)— ਬੀਤੇ ਸ਼ੁੱਕਰਵਾਰ ਰਾਤ ਨੂੰ ਨਕੋਦਰ ਦੇ ਇਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਆਏ ਦਿੱਲੀ ਵਾਸੀ ਮੁੰਬਈ ਦੇ ਇਕ ਹੋਟਲ ਮਾਲਕ ਦੀ ਸਵਿੱਫਟ ਕਾਰ ਨੂੰ ਲੈਂਸਰ ਕਾਰ ਸਵਾਰ ਕਾਰ ਲੁਟੇਰਿਆਂ ਵੱਲੋਂ ਖੋਹਣ ਦੀ ਵਾਰਦਾਤ ਨੇ ਪੁਲਸ ਤੰਤਰ ਹਿਲਾ ਕੇ ਰੱਖ ਦਿੱਤਾ ਸੀ। ਦਿਹਾਤੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਵਾਰਦਾਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵੱਖ-ਵੱਖ ਪੁਲਸ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ।
ਪੁਲਸ ਵੱਲੋਂ ਦਿਨ ਰਾਤ ਕੀਤੀ ਸਖਤ ਮਿਹਨਤ ਉਪਰੰਤ ਵਾਰਦਾਤ ਹੱਲ ਹੋਣ ਦੇ ਕੰਢੇ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਲੁਟੇਰਿਆਂ ਦੀ ਪਛਾਣ ਕਰ ਲਈ ਹੈ ਜੋ ਲੋਹੀਆਂ ਅਤੇ ਸ਼ਾਹਕੋਟ ਏਰੀਆ ਦੇ ਦੱਸੇ ਜਾ ਰਹੇ ਹਨ। ਪੁਲਸ ਨੇ ਇਕ ਨੌਜਵਾਨ ਨੂੰ ਕਾਬੂ ਕਰਕੇ ਲੁੱਟੀ ਗਈ ਸਵਿੱਫਟ ਕਾਰ ਬਰਾਮਦ ਕਰ ਲਈ ਹੈ। ਪੁਲਸ ਉਕਤ ਕਾਬੂ ਨੌਜਵਾਨ ਤੋਂ ਪੁੱਛਗਿੱਛ ਕਰਕੇ ਫਰਾਰ ਸਾਥੀਆਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। ਭਾਵੇਂ ਅਧਿਕਾਰਤ ਤੌਰ 'ਤੇ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਪੁਲਸ ਅਧਿਕਾਰੀ ਕਿਸੇ ਸਮੇਂ ਵੀ ਇਸ ਦਾ ਖੁਲਸਾ ਕਰ ਸਕਦੇ ਹਨ। 
ਬੀਤੇ ਸ਼ੁੱਕਰਵਾਰ ਵਾਰਦਾਤ ਉਪਰੰਤ ਫਿਸ਼ਲ ਮੈਸ ਕਿਚਨ ਹੋਟਲ ਮੁੰਬਈ ਦੇ ਮਾਲਕ ਪੰਕਜ ਸ਼ਰਮਾ ਪੁੱਤਰ ਦਰਸ਼ਨ ਲਾਲ ਵਾਸੀ ਮਹਾਵੀਰ ਨਗਰ ਦਿੱਲੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਆਪਣੇ ਸਹੁਰਿਆਂ ਦੀ ਚਿੱਟੇ ਰੰਗ ਦੀ ਸਵਿੱਫਟ ਕਾਰ ਨੰਬਰ ਡੀ. ਐਲ. 9 ਸੀ. ਏ. ਐਨ 0422 ਲੈ ਕੇ ਨਕੋਦਰ ਦੇ ਇਕ ਧਾਰਮਿਕ ਡੇਰੇ 'ਤੇ ਮੱਥਾ ਟੇਕਣ ਆਏ ਸਨ। ਹੋਟਲ ਬੈਸਟ ਵੈਸਟਰਨ 'ਚ ਕਮਰਾ ਬੁੱਕ ਕਰਾਉਣ ਉਪਰੰਤ ਕਰੀਬ 8 ਵਜੇ ਉਹ ਕਾਰ 'ਚ ਸ਼ਹਿਰ ਘੁੰਮਣ ਚਲੇ ਗਏ ਅਤੇ ਮਹਿਤਪੁਰ ਰੋਡ 'ਤੇ ਇਕ ਧਾਰਮਿਕ ਸਥਾਨ ਨਜ਼ਦੀਕ ਇਕ ਲੈਂਸਰ ਕਾਰ ਸਵਾਰ ਚਾਰ ਨੌਜਵਾਨ ਉਸ ਦੀ ਉਕਤ ਸਵਿੱਫਟ ਕਾਰ ਖੋਹ ਕੇ ਮਹਿਤਪੁਰ ਸਾਈਡ ਵੱਲ ਫਰਾਰ ਹੋ ਗਏ ਹਨ। 
ਪੰਕਜ ਸ਼ਰਮਾ ਦੀ ਸ਼ਿਕਾਇਤ 'ਤੇ ਪੁਲਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਵਾਰਦਾਤ ਉਪਰੰਤ ਸਿਟੀ ਪੁਲਸ ਨੂੰ ਉਕਤ ਰੋਡ ਅਤੇ ਆਸ ਪਾਸ ਦੇ ਪਿੰਡਾਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਫੁਟੇਜ ਸਮੇਤ ਹੋਰ ਕਈ ਅਹਿਮ ਸੁਰਾਗ ਹੱਥ ਲੱਗੇ ਹਨ। ਜਿਸ ਨਾਲ ਵਾਰਦਾਤ ਨੂੰ ਹੱਲ ਕਰਨ 'ਚ ਸਫਲਤਾ ਮਿਲ ਸਕਦੀ ਹੈ।


Related News