ਕਾਰ ਅਤੇ ਮੋਟਰਸਾਈਕਲ ਦੀ ਟੱਕਰ ''ਚ ਦੋ ਜ਼ਖਮੀ
Monday, Aug 14, 2017 - 06:13 PM (IST)
ਕੋਟ ਈਸੇ ਖਾਂ (ਛਾਬੜਾ)— ਸਥਾਨਕ ਸ਼ਹਿਰ ਦੇ ਜ਼ੀਰਾ ਰੋਡ 'ਤੇ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰਾਂ ਨੂੰ ਸੱਟਾਂ ਲੱਗ ਗਈਆਂ, ਜਿਨ੍ਹਾਂ ਨੂੰ ਇਲਾਜ਼ ਲਈ ਸ਼ਹਿਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਪੁੱਤਰ ਮੀਤਾ ਸਿੰਘ ਵਾਸੀ ਪਿੰਡ ਮਨਾਵਾਂ ਆਪਣੀ ਗਰਭਵਤੀ ਪਤਨੀ ਬਲਜਿੰਦਰ ਕੌਰ ਅਤੇ ਦੋ ਕੁ ਸਾਲਾ ਲੜਕੇ ਮਨਪ੍ਰੀਤ ਸਿੰਘ ਅਤੇ ਆਪਣੇ ਵੱਡੇ ਭਰਾ ਗੁਰਪ੍ਰੀਤ ਸਿੰਘ ਨਾਲ ਆਪਣੇ ਸੀ. ਡੀ. ਡੀਲਕਸ ਮੋਟਰਸਾਈਕਲ 'ਤੇ ਦੁਪਿਹਰ ਢਾਈ ਕੁ ਵਜੇ ਸ਼ਹਿਰ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਉਹ ਹੇਮਕੁੰਟ ਸਕੂਲ ਦੇ ਨਜ਼ਦੀਕ ਪਹੁੰਚਿਆ ਤਾਂ ਉਸ ਦੇ ਅੱਗੇ ਜਾ ਰਹੀ ਸਵਿਫਟ ਕਾਰ ਨੇ ਇਕਦਮ ਗੱਡੀ ਵਾਪਸ ਮੋੜ ਲਈ, ਜਿਸ ਕਾਰਨ ਪਿੱਛੋਂ ਆ ਰਿਹਾ ਮੋਟਰਸਾਈਕਲ ਕਾਰ ਨਾਲ ਟਕਰਾਅ ਗਿਆ। ਸਵਿਫਟ ਕਾਰ ਨੂੰ ਸਰਬਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਫਤਿਹਗੜ੍ਹ ਕੋਰੋਟਾਣਾ ਚਲਾ ਰਿਹਾ ਸੀ। ਟੱਕਰ ਦੌਰਾਨ ਮੋਟਰਸਾਈਕਲ ਚਾਲਕ ਕਰਮਜੀਤ ਸਿੰਘ ਅਤੇ ਉਸ ਦੇ ਦੋ ਕੁ ਸਾਲਾ ਲੜਕੇ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਨੇੜਲੇ ਲੋਕਾਂ ਨੇ ਇਲਾਜ਼ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ।
