ਬੇਕਾਬੂ ਕਾਰ ਵੱਖ-ਵੱਖ ਵਾਹਨਾਂ ਨਾਲ ਟਕਰਾਈ, 1 ਦੀ ਮੌਤ

11/16/2019 5:53:23 PM

ਔੜ (ਛਿੰਜੀ ਲੜੋਆ) : ਪਿੰਡ ਗਰਚਾ ਨੇੜੇ ਤੇਜ਼ ਰਫਤਾਰ ਬੇਕਾਬੂ ਕਾਰ ਵੱਖ-ਵੱਖ ਵਾਹਨਾਂ 'ਤੇ ਜਾ ਚੜ੍ਹੀ ਅਤੇ ਭਾਰੀ ਨੁਕਸਾਨ ਕਰ ਦਿੱਤਾ। ਪੁਲਸ ਸੂਤਰਾਂ ਅਨੁਸਾਰ ਕਾਰ ਚਾਲਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮੁਖਤਿਆਰ ਸਿੰਘ ਥਾਣਾ ਔੜ ਨੇ ਦੱਸਿਆ ਕਿ ਹਰਗੁਣਪਾਲ ਪੁੱਤਰ ਪਰਮਿੰਦਰ ਪਾਲ (18) ਵਾਸੀ ਖੋਸਲਾ ਮੁਹੱਲਾ ਰਾਹੋਂ ਜੋ ਆਪਣੀ ਮਾਤਾ ਨੂੰ ਦਵਾਈ ਲੈਣ ਉਪਰੰਤ ਘਰ ਛੱਡ ਕੇ ਬਾਜ਼ਾਰ ਲਈ ਘਰੋਂ ਨਿਕਲਿਆ ਸੀ ਕਿ ਗਰਚਾ ਪਿੰਡ 'ਚ ਪੁੱਜਦਿਆਂ ਉਸਦੀ ਤੇਜ਼ ਰਫਤਾਰ ਕਾਰ ਬੇਕਾਬੂ ਹੋ ਗਈ ਜੋ ਪਹਿਲਾਂ ਗਰਚਾ ਦੀ ਡਿਸਪੈਂਸਰੀ ਦੀ ਕੰਧ ਨਾਲ ਟਕਰਾਈ ਉਪਰੰਤ ਉਲਟ ਪਾਸੇ ਜਾ ਕੇ ਬੈਂਕ ਮੈਨੇਜਰ ਦੀ ਖੜ੍ਹੀ ਕਾਰ ਵਿਚ ਵੱਜਣ ਉਪਰੰਤ ਅੱਗੇ ਖੜ੍ਹੇ ਬੁਲਟ ਮੋਟਰਸਾਈਕਲ ਨਾਲ ਟਕਰਾਉਂਦੀ ਹੋਈ ਬੁਰੀ ਤਰ੍ਹਾਂ ਨੁਕਸਾਨੀ ਗਈ। 

ਹਾਦਸੇ 'ਚ ਕਾਰ ਦਾ ਚਾਲਕ ਹਰਗੁਣ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਗੰਭੀਰ ਹਾਲਤ ਵਿਚ ਲੋਕਾਂ ਵਲੋਂ 108 ਐਂਬੂਲੈਂਸ ਰਾਹੀਂ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਮੁਤਾਬਕ ਨੌਜਵਾਨ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਮ੍ਰਿਤਕ ਆਪਣੇ ਅਮਰੀਕਾ ਵੱਸਦੇ ਇਕਲੌਤੇ ਭਰਾ ਅਤੇ ਮਾਤਾ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ ਅਤੇ ਉਸਦੇ ਪਿਤਾ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।


Gurminder Singh

Content Editor

Related News