ਤੇਜ਼ ਰਫਤਾਰ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਹੋਈ ਮੌਤ
Tuesday, Feb 21, 2023 - 04:57 PM (IST)
ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੀ ਪੁਲਸ ਨੇ ਬੀਤੀ ਰਾਤ ਇਕ ਕਾਰ ਚਾਲਕ ਖ਼ਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਮਨੇਵਾਲ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ 19 ਫਰਵਰੀ ਨੂੰ ਆਪਣੇ ਭਰਾ ਸੁਖਵਿੰਦਰ ਸਿੰਘ ਦੇ ਨਾਲ ਮੋਟਰਸਾਈਕਲ ’ਤੇ ਮੈਗਾ ਫੂਡ ਪਾਰਕ ਵੱਲੋਂ ਆਪਣੇ ਘਰ ਜਾ ਰਹੇ ਸਨ ਕਿ ਜਦੋਂ ਉਨ੍ਹਾਂ ਨੇ ਮੈਗਾ ਫੂਡ ਪਾਰਕ ਦੇ ਸਾਹਮਣੇ ਪੁਲ ਦੇ ਥੱਲਿਓਂ ਨਿਕਲ ਰਹੇ ਸਨ ਤਾਂ ਉਸ ਸਮੇਂ ਇਕ ਤੇਜ਼ ਰਫਤਾਰ ਬਲੀਨੋ ਕਾਰ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦਾ ਭਰਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਦੌਰਾਨੇ ਇਲਾਜ ਉਸ ਦੇ ਭਰਾ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਮਹਿੰਦਰਪਾਲ ਨੇ ਦੱਸਿਆ ਕਿ ਪੁਲਸ ਨੇ ਕਾਰ ਚਾਲਕ ਆਸ਼ੀਸ਼ ਜੁਈਲ ਵਾਸੀ ਸ਼ਿਵਾਲਿਕ ਐਨਕਲੇਵ ਇਯਾਲੀ ਖੁਰਦ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਉਹ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਹੁਣ ਤੱਕ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ।