ਲਾੜਾ-ਲਾੜੀ ਨੂੰ ਪਰਿਵਾਰ ਸਣੇ ਗੁਰੂਘਰ ''ਚ ਬਣਾਇਆ ਬੰਦੀ

Tuesday, Feb 13, 2018 - 03:25 AM (IST)

ਸੰਗਰੂਰ, (ਬਾਵਾ)— ਨੇੜਲੇ ਤੀਰਥ ਅਸਥਾਨ ਨਾਨਕਿਆਣਾ ਸਾਹਿਬ 'ਚ ਇਕ ਨਵਾਂ ਵਿਆਹਿਆ ਜੋੜਾ ਪਰਿਵਾਰਕ ਮੈਂਬਰਾਂ ਸਣੇ  ਗੁਰੂਘਰ 'ਚ ਨਤਮਸਤਕ ਹੋਣ ਆਇਆ ਸੀ ਪਰ ਗੁਰੂਘਰ ਦੇ ਮੈਨੇਜਰ ਨੇ ਉਕਤ ਜੋੜੇ ਨੂੰ ਸਣੇ ਪਰਿਵਾਰ ਇਹ ਆਖ ਕੇ ਬੰਦੀ ਬਣਾ ਲਿਆ ਕਿ ਉਨ੍ਹਾਂ ਅਨੰਦ ਕਾਰਜ ਇਥੇ ਕਿਉਂ ਨਹੀਂ ਕਰਵਾਏ। ਮੈਨੇਜਰ ਨੇ ਗੁਰੂਘਰ ਦੇ ਮੁੱਖ ਗੇਟ ਨੂੰ ਜਿੰਦਾ ਲਾ ਦਿੱਤਾ ਅਤੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਅਨੰਦ ਕਾਰਜ ਦਾ ਸਬੂਤ ਦਿਓ। 
ਪੀੜਤ ਵਿਆਹੁਤਾ ਜੋੜੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਬੀਤੇ ਕੱਲ ਵਿਆਹ ਦੀ ਖੁਸ਼ੀ ਵਿਚ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਉਹ ਸਜ-ਧਜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ, ਜਿਥੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੁਮਾਲਾ ਸਾਹਿਬ ਧਰ ਕੇ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਫੋਟੋਗ੍ਰਾਫੀ ਵੀ ਕੀਤੀ ਗਈ। ਜਗਤਾਰ ਸਿੰਘ ਅਤੇ ਉਸ ਦੀ ਨਵ-ਵਿਆਹੁਤਾ ਪਤਨੀ ਜਸਮੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਗੁਰੂਘਰ ਵਿਚੋਂ ਬਾਹਰ ਨਿਕਲ ਰਹੇ ਸਨ ਤਾਂ ਗੁਰੂਘਰ ਦੇ ਮੈਨੇਜਰ ਨੇ ਉਨ੍ਹਾਂ ਨੂੰ ਬੰਦੀ ਬਣਾਉਣ ਦਾ ਹੁਕਮ ਸੁਣਾਉਂਦਿਆਂ ਗੁਰੂਘਰ ਦਾ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ। 
ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ : ਲੌਂਗੋਵਾਲ
ਓਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ, ਜਿਸ ਦੀ ਨਿਰਪੱਖ ਪੜਤਾਲ ਕਰਵਾ ਕੇ ਦੋਸ਼ੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। 
ਕੀ ਕਹਿਣਾ ਹੈ ਲਾੜੀ ਦੀ ਮਾਤਾ ਦਾ
ਲਾੜੀ ਦੀ ਮਾਤਾ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਮੇਹਰ ਸਿੰਘ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬਹੁਤ ਹੀ ਕਰੀਬੀ ਸਨ ਅਤੇ ਉਨ੍ਹਾਂ ਦੇ ਪਿਤਾ ਨੇ ਨੇਤਾ ਜੀ ਨੂੰ 7000 ਅਮਰੀਕੀ ਡਾਲਰ ਦੇ ਕੇ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਸੀ ਪਰ ਅੱਜ ਸ਼ਰਮ ਨਾਲ ਸਿਰ ਝੁੱਕਦਾ ਹੈ ਸਾਡੇ ਧਾਰਮਿਕ ਪੈਰੋਕਾਰਾਂ ਦੇ ਕਾਰਨਾਮਿਆਂ ਕਾਰਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਛੋਟੀ ਧੀ ਜਸਮੀਤ ਕੌਰ ਦੇ ਵਿਆਹ ਵਿਚ ਖਲਲ ਪੈਣ ਨਾਲ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। 
ਕੀ ਕਹਿੰਦੇ ਹਨ ਗੁਰੂਘਰ ਦੇ ਮੈਨੇਜਰ
ਮੌਕੇ 'ਤੇ ਮੌਜੂਦ ਗੁਰੂਘਰ ਦੇ ਮੈਨੇਜਰ ਰਣਜੀਤ ਸਿੰਘ ਨੇ ਮੰਨਿਆ ਕਿ ਉਨ੍ਹਾਂ ਉਕਤ ਜੋੜੇ ਨੂੰ ਪਰਿਵਾਰ ਸਣੇ ਗੁਰੂਘਰ 'ਚ ਰੋਕਿਆ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਇਹ ਜੋੜੀ ਆਪਣੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਗੁਰੂਘਰ ਵਿਚ ਲਾਵਾਂ ਲੈਣ ਪਹੁੰਚੀ ਸੀ, ਜਿਸ ਕਾਰਨ ਇਨ੍ਹਾਂ ਦੇ ਪਛਾਣਕਾਰਾਂ ਨੂੰ ਗੁਰੂਘਰ ਸੱਦਿਆ ਗਿਆ ਸੀ ।


Related News