ਕੈਪਟਨ ਦੀ ਰਾਹੁਲ ਨਾਲ ਮੁਲਾਕਾਤ ਹੁਣ ਭਲਕੇ

Friday, Jul 07, 2017 - 06:42 AM (IST)

ਕੈਪਟਨ ਦੀ ਰਾਹੁਲ ਨਾਲ ਮੁਲਾਕਾਤ ਹੁਣ ਭਲਕੇ

ਜਲੰਧਰ  (ਧਵਨ)  - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਹੁਣ ਮੁਲਾਕਾਤ 8 ਜੁਲਾਈ ਨੂੰ ਦਿੱਲੀ 'ਚ ਹੋਣ ਦੀ ਉਮੀਦ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਕੈਪਟਨ ਦੀ ਰਾਹੁਲ ਨਾਲ ਮੁਲਾਕਾਤ 7 ਨੂੰ ਹੋਣੀ ਸੀ ਪਰ ਹੁਣ 8 ਦੀ ਮਿਤੀ ਉੱਭਰ ਕੇ ਸਾਹਮਣੇ ਆਈ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਮੰਤਰੀ ਮੰਡਲ ਵਿਸਤਾਰ ਨੂੰ ਲੈ ਕੇ 2 ਚਰਚਾਵਾਂ ਚਲ ਰਹੀਆਂ ਹਨ। ਪਹਿਲੀ ਚਰਚਾ ਇਹ ਹੈ ਕਿ ਕੈਪਟਨ ਵਲੋਂ ਆਪਣੇ ਮੰਤਰੀ ਮੰਡਲ 'ਚ 6 ਵਿਧਾਇਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਜਦਕਿ ਦੂਜੀ ਚਰਚਾ ਇਹ ਹੈ ਕਿ ਉਹ ਇਕ ਹੀ ਵਾਰ ਮੰਤਰੀ ਮੰਡਲ 'ਚ ਖਾਲੀ ਪਏ 8 ਅਹੁਦਿਆਂ ਨੂੰ ਭਰਨ ਜਾ ਰਹੇ ਹਨ। ਰਾਹੁਲ ਗਾਂਧੀ ਨਾਲ ਮੁਲਾਕਾਤ ਨੂੰ ਧਿਆਨ 'ਚ ਰੱਖਦੇ ਹੋਏ ਮੰਤਰੀ ਅਹੁਦੇ ਲੈਣ ਦੇ ਇਛੁੱਕ ਕਈ ਕਾਂਗਰਸੀ ਵਿਧਾਇਕ ਕੈਪਟਨ ਦੇ ਆਲੇ-ਦੁਆਲੇ ਡੇਰਾ ਲਾਈ ਬੈਠੇ ਹਨ ਅਤੇ ਉਹ ਕੈਪਟਨ ਨੂੰ ਰਿਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਮੰਡਲ ਨੂੰ ਹੁਣ ਨਵਾਂ ਰੂਪ ਦੇਣਾ ਚਾਹੁੰਦੇ ਹਨ। ਮੰਤਰੀ ਮੰਡਲ 'ਚ ਸ਼ਾਮਿਲ ਹੋਣ ਲਈ ਇਸ ਸਮੇਂ ਸੁਖਜਿੰਦਰ ਰੰਧਾਵਾ, ਰਾਣਾ ਗੁਰਮੀਤ ਸੋਢੀ, ਰਾਕੇਸ਼ ਪਾਂਡੇ, ਰਾਜਾ ਵੜਿੰਗ, ਓ. ਪੀ. ਸੋਨੀ, ਡਾ. ਰਾਜ ਕੁਮਾਰ, ਵਿਜੇਇੰਦਰ ਸਿੰਗਲਾ ਆਦਿ ਦੇ ਨਾਂ ਚਰਚਾ 'ਚ ਚਲ ਰਹੇ ਹਨ ਪਰ ਇਹ ਕੈਪਟਨ ਅਮਰਿੰਦਰ ਸਿੰਘ ਹੀ ਜਾਣਦੇ ਹਨ ਕਿ ਉਹ ਰਾਹੁਲ ਗਾਂਧੀ ਦੇ ਸਾਹਮਣੇ ਕਿਹੜੇ-ਕਿਹੜੇ ਵਿਧਾਇਕਾਂ ਨੂੰ ਮੰਤਰੀ ਦਾ ਅਹੁਦਾ ਦੇਣ ਦਾ ਮਾਮਲਾ ਰੱਖਣਗੇ।


Related News