ਸੱਤਾ ਸੰਭਾਲਦਿਆਂ ਹੀ ਕੈਪਟਨ ਦਾ ਇਕ ਹੋਰ ਵੱਡਾ ਫੈਸਲਾ, ਆਪਣੀ ਸੁਰੱਖਿਆ ''ਚੋਂ ਘਟਾਏ 376 ਮੁਲਾਜ਼ਮ

04/22/2017 8:55:29 AM

ਜਲੰਧਰ (ਧਵਨ) : ਪੰਜਾਬ ''ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵੀ. ਆਈ. ਪੀ. ਸੁਰੱਖਿਆ ਵਿਚ ਕਟੌਤੀ ਕਰਦਿਆਂ ਕੁੱਲ 2000 ਪੁਲਸ ਮੁਲਾਜ਼ਮਾਂ ਨੂੰ ਵਾਪਸ ਬੁਲਾ ਕੇ ਉਨ੍ਹਾਂ ਨੂੰ ਪੁਲਸਿੰਗ ਦੇ ਕੰਮ ਵਿਚ ਲਗਾਇਆ ਹੈ ਤਾਂ ਜੋ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕਾਬੂ ਵਿਚ ਰੱਖਿਆ ਜਾ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਮੁੱਖ ਸਕੱਤਰ ਸੁਰੇਸ਼ ਕੁਮਾਰ, ਡੀ. ਜੀ. ਪੀ. ਸੁਰੇਸ਼ ਅਰੋੜਾ ਤੇ ਏ. ਡੀ. ਜੀ. ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਦੇ ਨਾਲ ਸੁਰੱਖਿਆ ਨੂੰ ਲੈ ਕੇ ਸਮੀਖਿਆ ਕੀਤੀ। ਮੁੱਖ ਮੰਤਰੀ ਨੇ ਖੁਦ ਆਪਣੀ ਸੁਰੱਖਿਆ ਵਿਚ ਲੱਗੇ ਕੁਲ 1392 ਪੁਲਸ ਮੁਲਾਜ਼ਮਾਂ ਵਿਚੋਂ 376 ਪੁਲਸ ਮੁਲਾਜ਼ਮ ਵਾਪਸ ਕਰ ਦਿੱਤੇ ਹਨ। ਹੁਣ ਮੁੱਖ ਮੰਤਰੀ ਦੇ ਕੋਲ 1016 ਮੁਲਾਜ਼ਮ ਰਹਿ ਗਏ ਹਨ। ਹੋਰ ਸਾਬਕਾ ਮੰਤਰੀਆਂ ਤੇ ਸਾਬਕਾ ਅਕਾਲੀ ਆਗੂਆਂ ਕੋਲੋਂ ਵੀ 1500 ਪੁਲਸ ਮੁਲਾਜ਼ਮਾਂ ਨੂੰ ਵਾਪਸ ਬੁਲਾਇਆ ਗਿਆ ਹੈ।
ਮੁੱਖ ਮੰਤਰੀ ਨੇ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਟ੍ਰੈਵਲ ਰੂਟਾਂ ''ਤੇ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਨਾ ਕੀਤਾ ਜਾਵੇ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਆਪਣੀ ਸੁਰੱਖਿਆ ਵਿਚ ਹੋਰ ਕਟੌਤੀ ਕਰਨ ਲਈ ਆਲਾ ਪੁਲਸ ਅਧਿਕਾਰੀਆਂ ਨੂੰ ਕਿਹਾ ਹੈ ਪਰ ਇਸਦੇ ਲਈ ਖਤਰੇ ਦੇ ਮਾਪਦੰਡ ਨੂੰ ਵੀ ਧਿਆਨ ਵਿਚ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਰੂਰੀ ਸੁਰੱਖਿਆ ਤੋਂ ਇਲਾਵ ਫਾਲਤੂ ਸੁਰੱਖਿਆ ਨਹੀਂ ਚਾਹੀਦੀ। ਮੁੱਖ ਮੰਤਰੀ ਨੇ ਪੁਲਸ ਤੇ ਹੋਰ ਏਜੰਸੀਆਂ ਨੂੰ ਕਿਹਾ ਕਿ ਪੰਜਾਬ ਮੰਤਰੀ ਮੰਡਲ ਵਲੋਂ ਮਨਜ਼ੂਰ ਕੀਤੀ ਗਈ ਸੁਰੱਖਿਆ ਨੀਤੀ ਨੂੰ ਲਾਗੂ ਕੀਤਾ ਜਾਵੇ।
ਕੈਪਟਨ ਨੇ ਏਜੰਸੀਆਂ ਨੂੰ ਆਪਣੀ ਰਿਪੋਰਟ ਸਮੀਖਿਆ ਕਰਨ ਤੋਂ ਬਾਅਦ ਸੌਂਪਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਆਲਾ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਜ਼ਰੂਰਤ ਤੇ ਖਤਰੇ ਨੂੰ ਦੇਖ ਕੇ ਹੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਮੌਜੂਦਾ ਸੁਰੱਖਿਆ ਨੀਤੀ 3 ਸਾਲ ਪੁਰਾਣੀ ਹੈ, ਇਸ ਲਈ ਪੁਲਸ ਨੂੰ ਸੂਬੇ ਤੇ ਕੇਂਦਰੀ ਏਜੰਸੀਆਂ ਕੋਲੋਂ ਸੁਰੱਖਿਆ ਸੰਬੰਧੀ ਨਵੀਆਂ ਰਿਪੋਰਟਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਦੇ ਅਨੁਸਾਰ ਸੁਰੱਖਿਆ ਦੇਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਨ ਤੋਂ ਬਾਅਦ ਦੂਸਰੀ ਵਾਰ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਹੈ। ਪਹਿਲੀ ਮਾਰਚ ਮਹੀਨੇ ਵਿਚ ਕੀਤੀ ਗਈ ਸੀ, ਜਦੋਂ 749 ਪੁਲਸ ਤੇ ਨੀਮ ਫੌਜ ਦਸਤਿਆਂ ਦੇ ਜਵਾਨਾਂ ਨੂੰ ਵਾਪਸ ਬੁਲਾਇਆ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਦੇ ਸੁਰੱਖਿਆ ਸੰੰਬੰਧੀ ਨਿਯਮਾਂ ਦੀ ਵੀ ਪਾਲਣਾ ਕੀਤੀ ਜਾਵੇ। ਸੁਰੱਖਿਆ ਪ੍ਰਾਪਤ ਵਿਅਕਤੀਆਂ ਨੂੰ ਖਤਰੇ ਦਾ ਧਿਆਨ ਰੱਖਿਆ ਜਾਵੇ। ਸੁਰੱਖਿਆ ਵਿੰਗ ਨੂੰ ਇੰਟੈਲੀਜੈਂਸ ਵਿੰਗ ਤੇ ਫੀਲਡ ਯੂਨਿਟਾਂ ਤੋਂ ਨਵੇਂ ਸਿਰੇ ਤੋਂ ਖਤਰੇ ਸੰਬੰਧੀ ਰਿਪੋਰਟਾਂ ਲੈਣੀਆਂ ਚਾਹੀਦੀਆਂ ਹਨ। ਬੈਠਕ ਵਿਚ ਫੈਸਲਾ ਲਿਆ ਗਿਆ ਕਿ ਜਲਦੀ ਹੀ ਸੁਰੱਖਿਆ ਸੰਬੰਧੀ ਸਮੀਖਿਆ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਤੇ ਮੁੱਖ ਮੰਤਰੀ ਨੂੰ ਰਿਪੋਰਟ ਸੌਂਪ ਦਿੱਤੀ ਜਾਵੇਗੀ।ਕਾਂਗਰਸ ਦੇ ਚੋਣ ਐਲਾਨ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਰਾਜਸੀ ਵਿਅਕਤੀਆਂ ਤੇ ਅਧਿਕਾਰੀਆਂ ਵਿਚ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਲਈ ਗੈਰ-ਜ਼ਰੂਰੀ ਸੁਰੱਖਿਆ ਨਹੀਂ ਦਿੱਤੀ ਜਾਵੇਗੀ। ਕੈਪਟਨ ਲਗਾਤਾਰ ਪੁਲਸ ਸੁਧਾਰਾਂ ''ਤੇ ਜ਼ੋਰ ਦੇ ਰਹੇ ਹਨ।

Babita Marhas

News Editor

Related News