ਰਾਜਪਾਲ ਨੇ ਬਿੱਲ ''ਤੇ ਦਸਤਖਤ ਨਾ ਕੀਤੇ ਤਾਂ ਕਾਨੂੰਨੀ ਲੜਾਈ ਲੜਾਂਗੇ : ਕੈਪਟਨ
Wednesday, Oct 21, 2020 - 12:39 AM (IST)
ਚੰਡੀਗੜ੍ਹ,(ਅਸ਼ਵਨੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇਕਰ ਰਾਜਪਾਲ ਵੀ. ਪੀ. ਸਿੰਘ ਬਦਨੌਰ ਪੰਜਾਬ ਦੇ ਪਾਸ ਕੀਤੇ ਗਏ ਬਿੱਲ 'ਤੇ ਦਸਤਖਤ ਨਹੀਂ ਕਰਨਗੇ ਤਾਂ ਕਾਨੂੰਨੀ ਲੜਾਈ ਲੜੀ ਜਾਵੇਗੀ। ਹਾਲਾਂਕਿ ਉਮੀਦ ਹੈ ਕਿ ਰਾਜਪਾਲ ਇਸ ਵੱਲ ਧਿਆਨ ਦੇਣਗੇ ਕਿਉਂਕਿ ਇਹ ਵਿਧਾਨਸਭਾ ਵਿਚ ਸਰਬਸੰਮਤੀ ਨਾਲ ਲਿਆ ਗਿਆ ਫੈਸਲਾ ਹੈ। ਇਹ ਪੰਜਾਬ ਵਿਧਾਨਸਭਾ ਦੀ ਆਵਾਜ਼ ਹੈ। 2 ਤੋਂ 5 ਨਵੰਬਰ ਦੇ ਦਰਮਿਆਨ ਉਨ੍ਹਾਂ ਕੋਲ ਸਮਾਂ ਹੈ, ਉਹ ਜੋ ਵੀ ਸਮਾਂ ਦੇਣਗੇ, ਪੰਜਾਬ ਵਿਧਾਨਸਭਾ ਦੇ ਤਮਾਮ ਵਿਧਾਇਕ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਰਾਜਪਾਲ ਕੋਲ ਵੀ 2 ਹਫ਼ਤੇ ਦਾ ਸਮਾਂ ਹੈ। ਜੇਕਰ ਰਾਜਪਾਲ ਦਸਤਖਤ ਨਹੀਂ ਕਰਦੇ ਹਨ ਤਾਂ ਜ਼ਾਹਿਰ ਹੈ ਕਿ ਕਾਨੂੰਨੀ ਹੱਲ ਕੱਢਿਆ ਜਾਵੇਗਾ। ਮੁੱਖ ਮੰਤਰੀ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਨਸਭਾ ਮੈਬਰਾਂ ਸਮੇਤ ਮੰਗਲਵਾਰ ਸ਼ਾਮ ਨੂੰ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਰਾਜਪਾਲ ਨੂੰ ਵਿਧਾਨਸਭਾ ਵਲੋਂ ਪਾਸ ਕੀਤੇ ਗਏ ਚਾਰ ਬਿਲਾਂ ਦੀ ਕਾਪੀ ਦੇ ਕੇ ਛੇਤੀ ਤੋਂ ਛੇਤੀ ਹਸਤਾਖਰ ਕਰਨ ਦੀ ਬੇਨਤੀ ਕੀਤੀ। ਕਰੀਬ 20 ਮਿੰਟ ਦੀ ਮੁਲਾਕਾਤ ਤੋਂ ਬਾਅਦ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਰਬਸੰਮਤੀ ਨਾਲ ਵਿਧਾਇਕ ਰਾਜਪਾਲ ਭਵਨ ਪੁੱਜੇ ਹਨ। ਵਿਧਾਨਸਭਾ ਵਿਚ ਪਾਸ ਕੀਤੇ ਗਏ ਬਿੱਲਾਂ ਦੀ ਕਾਪੀ ਰਾਜਪਾਲ ਨੂੰ ਦਿੱਤੀ ਗਈ ਹੈ। ਰਾਜਪਾਲ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਇਨ੍ਹਾਂ ਬਿੱਲਾਂ ਨੂੰ ਆਪਣੀ ਮਨਜ਼ੂਰੀ ਪ੍ਰਦਾਨ ਕਰਨ।
ਮੁੱਖ ਮੰਤਰੀ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਅਤੇ ਹੋਰ ਵਿਧਾਇਕ ਮੌਜੂਦ ਸਨ। ਸਦਨ ਵਿੱਚ ਭਾਜਪਾ ਦੇ ਦੋਵੇਂ ਵਿਧਾਇਕਾਂ ਦੀ ਗੈਰ-ਹਾਜ਼ਰੀ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਨ੍ਹਾਂ ਨੂੰ ਕਿਸਾਨਾਂ ਨਾਲ ਕੋਈ ਪਿਆਰ ਨਹੀਂ ਅਤੇ ਨਾ ਹੀ ਕੋਈ ਫਿਕਰ ਹੈ। ਇਸ ਦੇ ਉਲਟ ਕਾਂਗਰਸ ਨੇ ਕੇਂਦਰੀ ਕਾਨੂੰਨਾਂ ਬਾਰੇ ਪਹਿਲਾਂ ਹੀ ਆਪਣੇ ਸਖ਼ਤ ਵਿਰੋਧ ਦਾ ਐਲਾਨ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਸਰਕਾਰ ਕੱਲ ਵਿਧਾਨ ਸਭਾ 'ਚ ਕਿਸਾਨ ਅਤੇ ਗਰੀਬ ਪੱਖੀ ਹੋਰ ਬਿੱਲ ਲਿਆਵੇਗੀ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਬਾਅਦ ਵਿੱਚ ਕਿਹਾ ਕਿ ਉਹ ਸਾਰੇ ਇਕੱਠੇ ਹੋ ਕੇ ਪਾਰਟੀ ਪੱਧਰ 'ਤੇ ਪੰਜਾਬ ਦੀ ਕਿਸਾਨੀ, ਜੋ ਕਿ ਸਭ ਲਈ ਪਹਿਲੀ ਤਰਜੀਹ ਹੈ, ਦੇ ਹਿੱਤ ਵਿੱਚ ਕੰਮ ਕਰ ਰਹੇ ਹਨ। ਸ਼ਰਨਜੀਤ ਸਿੰਘ ਢਿੱਲੋਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਛੋਟਾ ਜਿਹਾ ਸੂਬਾ ਸਮਝ ਕੇ ਅਣਗੌਲਿਆ ਨਾ ਜਾਵੇ।