ਕੈਪਟਨ ਵਲੋਂ ਪੁਲਸ ਨੂੰ ਲਾਕਡਾਊਨ ਦੀਆਂ ਬੰਦਿਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਹੁਕਮ
Tuesday, May 19, 2020 - 09:37 PM (IST)
ਚੰਡੀਗੜ੍ਹ: ਸੂਬੇ 'ਚ ਅੱਜ ਬਹੁਤ ਸਾਰੀਆਂ ਛੋਟਾਂ ਅਮਲ ਵਿੱਚ ਆਉਣ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਨੂੰ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਸਮੇਤ ਕੋਵਿਡ ਨਾਲ ਸਬੰਧਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਸੁਚੇਤ ਕਰਦਿਆਂ ਆਖਿਆ ਕਿ ਆਰਥਿਕਤਾ ਦੇ ਨਾਲ-ਨਾਲ ਦਫਤਰਾਂ ਤੇ ਵਪਾਰਕ ਗਤੀਵਿਧੀਆਂ ਸ਼ੁਰੂ ਹੋਣ ਦੇ ਮੱਦੇਨਜ਼ਰ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅਗਲੇ 25-30 ਦਿਨ ਬਹੁਤ ਜ਼ਿਆਦਾ ਨਾਜ਼ੁਕ ਹਨ। ਮੁੱਖ ਮੰਤਰੀ ਨੇ ਪੰਜਾਬ ਪੁਲਸ ਨੂੰ ਪ੍ਰੋਟੋਕੋਲ ਅਤੇ ਬੰਦਿਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕਾਇਮ ਰੱਖਣ ਲਈ ਸਖ਼ਤ ਮਿਹਨਤ ਅਤੇ ਵਚਨਬੱਧਤਾ ਨਾਲ ਡਿਊਟੀ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ। ਜਿਸ ਨਾਲ ਸੂਬੇ ਨੂੰ ਮਹਾਮਾਰੀ ਦੇ ਫੈਲਾਅ ਨੂੰ ਕਾਬੂ ਹੇਠ ਰੱਖਣ 'ਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪਿਛਲੇ 55 ਦਿਨਾਂ ਤੋਂ ਤੁਹਾਡੇ ਵਲੋਂ ਕੀਤੇ ਕੰਮਾਂ ਦੇ ਲਾਭ ਅਤੇ ਪੰਜਾਬ ਦੇ ਲੋਕਾਂ ਦੁਆਰਾ ਕੀਤੀਆਂ ਕੁਰਬਾਨੀਆਂ ਨੂੰ ਹੁਣ ਅਵੇਸਲੇ ਹੋਣ ਜਾਣ ਨਾਲ ਰੋਲ ਨਹੀਂ ਸਕਦੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪਿਛਲੇ ਹਫ਼ਤੇ 18 ਮਈ ਤੋਂ ਕਰਫਿਊ ਹਟਾਉਣ ਦਾ ਐਲਾਨ ਕੀਤਾ ਸੀ ਪਰ ਸੂਬੇ ਵਿੱਚ ਲਾਕਡਾਊਨ 30 ਮਈ ਤਕ ਜਾਰੀ ਰਹੇਗਾ। ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਲੀਹ 'ਤੇ ਸੂਬੇ ਨੇ ਗੈਰ-ਸੀਮਿਤ ਜ਼ੋਨਾਂ 'ਚ ਕਈ ਛੋਟਾਂ ਦਿੱਤੀਆਂ ਅਤੇ ਅੱਜ ਤੋਂ ਪੜਾਅਵਾਰ ਢੰਗ ਨਾਲ ਸਥਾਨਕ ਬੱਸਾਂ ਵੀ ਸ਼ੁਰੂ ਹੋ ਗਈਆਂ ਹਨ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਅਮਲ ਕਰਦਿਆਂ ਪੰਜਾਬ ਪੁਲਸ ਮੁਖੀ ਦਿਨਕਰ ਗੁਪਤਾ ਵੱਲੋਂ ਸਾਰੇ ਪੁਲਸ ਕਮਿਸ਼ਨਰਾਂ ਅਤੇ ਜ਼ਿਲਾ ਪੁਲਸ ਮੁਖੀਆਂ ਨੂੰ ਲਾਕਡਾਊਨ ਦੀਆਂ ਪਾਬੰਦੀਆਂ ਦੀ ਉਲੰਘਣਾ ਦੇ ਮਾਮਲੇ ਵਿੱਚ ਐਫ.ਆਈ. ਆਰ ਦਰਜ ਕਰਨ, ਵਾਹਨਾਂ ਨੂੰ ਜ਼ਬਤ ਕਰਨ ਅਤੇ ਚਲਾਨ ਕੱਟਣ ਲਈ ਆਖਿਆ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਪੰਜਾਬ ਪੁਲਸ ਮੁਖੀ ਵੱਲੋਂ ਅਧਿਕਾਰੀਆਂ ਨੂੰ ਆਖਿਆ ਗਿਆ ਕਿ ਵੱਖ-ਵੱਖ ਪਾਬੰਦੀਆਂ ਨੂੰ ਪੁਖਤਾ ਰੂਪ 'ਚ ਲਾਗੂ ਕਰਨ ਲਈ ਸਖਤ ਸੁਨੇਹਾ ਜਾਣਾ ਚਾਹੀਦਾ ਹੈ।
ਸੂਬਾ ਪੁਲਸ ਮੁਖੀ ਵਲੋਂ ਸਾਰੇ ਪੁਲਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਕਿਹਾ ਗਿਆ ਕਿ ਉਹ ਨਿਸ਼ਚਤ ਰੂਪ 'ਚ ਇਹ ਯਕੀਨੀ ਬਣਾਉਣ ਕਿ ਹਰ ਕੋਈ ਘਰਾਂ ਤੋਂ ਬਾਹਰ ਨਿਕਲਣ ਸਮੇਂ ਮਾਸਕ ਜ਼ਰੂਰ ਪਹਿਨੇ। ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਦੁਕਾਨਾਂ, ਦਫਤਰਾਂ, ਬੈਂਕਾਂ ਅਤੇ ਸ਼ਰਾਬ ਦੇ ਠੇਕਿਆਂ ਦੇ ਨਾਲ-ਨਾਲ ਵਾਹਨਾਂ (ਕਾਰ, ਸਕੂਟਰ, ਮੋਟਰ ਸਾਈਕਲ) ਅਤੇ ਪਬਲਿਕ/ਪ੍ਰਾਈਵੇਟ ਬੱਸਾਂ 'ਚ ਵੀ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ। ਪਾਬੰਦੀਆਂ 'ਚ ਢਿੱਲ ਵਾਲੀਆਂ ਨਵੀਆਂ ਹਦਾਇਤਾਂ ਤਹਿਤ ਇਹ ਵਾਹਨ ਰਾਜ ਦੀ ਹਦੂਦ ਅੰਦਰ, ਸੀਮਤ ਜ਼ੋਨਾਂ ਨੂੰ ਛੱਡ ਕੇ, ਚੱਲ ਸਕਣਗੇ ਪਰ ਇਸ ਸਬੰਧੀ ਨਿਯਮਾਂ ਦਾ ਸਖਤੀ ਨਾਲ ਪਾਲਣਾ ਕਰਨਾ ਹੋਵੇਗਾ। ਮੁੱਖ ਮੰਤਰੀ ਵੱਲੋਂ ਰਾਤ ਦੇ ਵੇਲੇ ਦੇ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਕੇਂਦਰ ਵੱਲੋਂ ਲਾਕਡਾਊਨ ਦੇ ਚੌਥੇ ਗੇੜ ਲਈ ਜਾਰੀ ਹਦਾਇਤਾਂ ਅਨੁਸਾਰ ਮੈਡੀਕਲ ਅਤੇ ਜ਼ਰੂਰੀ ਲੋੜਾਂ ਤੋਂ ਇਲਾਵਾ ਲੋਕਾਂ ਦੇ ਰਾਤ ਦੇ 7 ਵਜੇ ਤੋਂ ਸਵੇਰ ਦੇ 7 ਵਜੇ ਤੱਕ ਬਾਹਰ ਨਿਕਲਣ 'ਤੇ ਰੋਕ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੰਦਿਸ਼ਾਂ ਵਿੱਚ ਢਿੱਲ ਲੋਕਾਂ ਨੂੰ ਸੌਖ ਅਤੇ ਸੁਵਿਧਾ ਮੁਹੱਈਆ ਕਰਵਾਉਣ ਲਈ ਦਿੱਤੀ ਗਈ ਹੈ ਕਿਉਂਕਿ ਸੂਬੇ ਦੇ ਲੋਕਾਂ ਨੂੰ ਕਰਫਿਊ ਦੇ ਸਮੇਂ ਦੌਰਾਨ ਬਹੁਤ ਔਖਿਆਈਆਂ ਹੰਢਾਉਣੀਆਂ ਪਈਆਂ ਹਨ ਪਰ ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।