ਪੰਜਾਬ ਮਾਮਲਿਆਂ ਬਾਰੇ ਬੋਲੇ ਹਰੀਸ਼ ਰਾਵਤ, ਕੈਪਟਨ ਦੀ ਕਾਰਗੁਜ਼ਾਰੀ ''ਤੇ ਜਤਾਈ ਸੰਤੁਸ਼ਟੀ

Tuesday, Sep 15, 2020 - 09:46 PM (IST)

ਜਲੰਧਰ/ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਹਰੀਸ਼ ਰਾਵਤ ਵਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵਿਚਾਲੇ ਕਈ ਮਸਲਿਆਂ ਨੂੰ ਲੈ ਕੇ ਗੱਲਬਾਤ ਹੋਈ, ਜਿਨ੍ਹਾਂ 'ਚ ਕੈਪਟਨ ਨੇ ਹਰੀਸ਼ ਰਾਵਤ ਨੂੰ ਪੰਜਾਬ ਸਰਕਾਰ ਸਾਹਮਣੇ ਆ ਰਹੀਆਂ ਦਿੱਕਤਾਂ ਤੇ ਪਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ ਅਤੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਜੀ. ਐਸ. ਟੀ. ਦਾ ਬਕਾਇਆ ਨਾ ਦੇਣ ਬਾਰੇ ਵੀ ਦੱਸਿਆ। ਕੈਪਟਨ ਨਾਲ ਮੁਲਾਕਾਤ ਤੋਂ ਬਾਅਦ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜੀ ਵਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਬਿਹਤਰ ਤਰੀਕੇ ਤੇ ਤਨਦੇਹੀ ਨਾਲ ਨਿਭਾਉਣਗੇ। ਪੰਜਾਬ ਦੇ ਮਾਮਲਿਆਂ 'ਤੇ ਬੋਲਦਿਆਂ ਹਰੀਸ਼ ਰਾਵਤ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਨੇਤਾ ਸੁਭਾਅ ਵਜੋਂ ਗਰਮ ਜ਼ਰੂਰ ਹਨ ਪਰ ਉਹ ਆਪਣੇ ਕੰਮ ਪ੍ਰਤੀ ਉਤਸਾਹੀ ਵੀ ਬਹੁਤ ਹਨ। ਉਥੇ ਹੀ ਉਨ੍ਹਾਂ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਇੱਛੁਕ ਹਨ ਅਤੇ ਉਹ ਬਾਹਗਾ ਬਾਰਡਰ ਵੀ ਜਾਣ ਦੀ ਇੱਛਾ ਰੱਖਦੇ ਹਨ।

ਨਵਜੋਤ ਸਿੰਘ ਸਿੱਧੂ ਬਾਰੇ ਕਹੀ ਇਹ ਗੱਲ
ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਵੀ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਗਰਮ ਸੁਭਾਅ ਦੇ ਵਿਅਕਤੀ ਹਨ ਪਰ ਉਹ ਆਪਣੇ ਕੰਮ ਪ੍ਰਤੀ ਬਹੁਤ ਉਤਸਾਹੀ ਹਨ ਅਤੇ ਉਹ ਅਜਿਹੇ ਆਗੂ ਹਨ, ਜਿਹੜੇ ਕਿ ਨੌਜਵਾਨ ਪੀੜੀ ਨੇਤਾ ਹਨ, ਜੋ ਕਿ ਆਪਣੇ ਕੰਮ ਨੂੰ ਬੜੀ ਸ਼ਿੱਦਤ ਨਾਲ ਕਰਦੇ ਹਨ।


Deepak Kumar

Content Editor

Related News