ਕੈਪਟਨ ਨੇ ਛੋਟੇ ਸ਼ਹਿਰਾਂ ''ਚ ਦੁਕਾਨਾਂ, ਕਾਰੋਬਾਰ ਤੇ ਉਦਯੋਗ ਚਾਲੂ ਕਰਨ ਦੀ ਕੇਂਦਰ ਨੂੰ ਕੀਤੀ ਅਪੀਲ
Monday, Apr 27, 2020 - 07:55 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਲਾਕਡਾਊਨ ਦੌਰਾਨ ਮਹੱਤਵਪੂਰਣ ਲੋੜਾਂ ਨੂੰ ਕੇਂਦਰ ਸਰਕਾਰ ਨੂੰ ਇਕ ਵਾਰ ਫਿਰ ਯਾਦ ਕਰਵਾਇਆ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਇਕ ਪੱਤਰ 'ਚ ਸੰਵੇਦਨਸ਼ੀਲ ਐਲਾਨੇ ਇਲਾਕਿਆਂ ਨੂੰ ਛੱਡ ਕੇ ਛੋਟੀਆਂ ਦੁਕਾਨਾਂ, ਵਪਾਰਾਂ ਤੇ ਉਦਯੋਗਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ।
ਜੀ. ਐਸ. ਟੀ. ਦੀ ਬਕਾਇਆ ਰਾਸ਼ੀ ਦੀ ਕੀਤੀ ਮੰਗ
ਅਮਿਤ ਸ਼ਾਹ ਨੂੰ ਭੇਜੇ ਪੱਤਰ 'ਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਜੀ. ਐਸ. ਟੀ. ਦੀ ਬਕਾਇਆ ਰਕਮ 4386.37 ਕਰੋੜ ਰੁਪਏ ਜਾਰੀ ਕਰਨ ਅਤੇ ਨਾਲ ਹੀ ਮਾਲੀਆ ਘਾਟੇ ਦੀ ਕਮੀ ਨੂੰ ਪੂਰਾ ਕਰਨ ਲਈ ਰਾਹਤ ਤੇ ਸਿਹਤ ਦੇਖਭਾਲ ਲਈ ਸੰਯੁਕਤ ਰੂਪ ਨਾਲ ਪ੍ਰਬੰਧ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ। ਮੁੱਖ ਮੰਤਰੀ ਨੇ ਕਣਕ ਦੀ ਖਰੀਦ ਲਈ ਕਿਸਾਨਾਂ ਨੂੰ ਬੋਨਸ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ। ਪ੍ਰਵਾਸੀਆਂ ਸਮੇਤ ਦੈਨਿਕ ਉਦਯੋਗਿਕ ਅਤੇ ਖੇਤੀਬਾੜੀ ਨੂੰ ਪ੍ਰਤੱਖ ਨਕਦ ਸਹਾਇਤਾ ਦੀ ਵੀ ਉਨ੍ਹਾਂ ਨੇ ਕੇਂਦਰ ਤੋਂ ਮੰਗ ਕੀਤੀ ਹੈ। ਉਨ੍ਹਾਂ ਨੇ ਐਮ. ਐਸ. ਐਮ. ਈ. ਅਤੇ ਪਾਵਰ ਜਨਰੇਸ਼ਨ ਅਤੇ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਵਿਆਜ ਆਰਥਿਕ ਸਹਾਇਤਾ, ਕਮਰਸ਼ੀਅਲ ਬੈਂਕਾਂ ਵਲੋਂ ਲੋਨ ਅਤੇ ਕੋਇਲੇ 'ਤੇ ਜੀ. ਐਸ. ਟੀ. 'ਚ ਕਟੌਤੀ ਦੀ ਮੰਗ ਨੂੰ ਵੀ ਦੁਹਰਾਇਆ ਹੈ।