ਕੈਪਟਨ ਵਲੋਂ ਕਲੱਬਾਂ ਨੂੰ ਸ਼ਰਾਬ ਦੀ ਪਾਬੰਦੀ ਤੋਂ ਬਾਹਰ ਕਰਨ 'ਤੇ ਕਟਾਰੀਆ ਨੇ ਕੀਤੀ ਤਿੱਖੀ ਪ੍ਰਤੀਕਿਰਿਆ ਕਿਹਾ...

06/22/2017 4:21:13 PM

ਕਪੂਰਥਲਾ (ਸ.ਹ.)— ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਨੇਤਾ ਜਗਦੀਸ਼ ਕਟਾਰੀਆ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸੂਬੇ 'ਚ ਰਾਸ਼ਟਰੀ ਰਾਜਮਾਰਗਾਂ 'ਤੇ ਸਥਿਤ ਹੋਟਲਾਂ, ਰੇਸਟਰੋਰੈਂਟ ਅਤੇ ਕਲੱਬਾਂ ਨੂੰ ਸ਼ਰਾਬ ਦੀ ਪਾਬੰਦੀ ਤੋਂ ਬਾਹਰ ਕਰਨ ਲਈ ਆਬਕਾਰੀ ਕਾਨੂੰਨ 'ਚ ਸ਼ੋਧ ਕਰਨ ਦੀ ਸਿਧਾਂਤਕ ਮਨਜੂਰੀ ਕਰਨ 'ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਕਿ ਕੈਪਟਨ ਪੰਜਾਬ 'ਚ 'ਖੂਨ ਪੀਓ-ਘੱਟ ਜੀਓ' ਦੀ ਮੁਹਿੰਮ ਚਲਾਉਣ ਤੋਂ ਗੁਰੇਜ਼ ਕਰਨ। 
ਜਗਦੀਸ਼ ਕਟਾਰੀਆ ਨੇ ਕਿਹਾ ਕਿ ਕਾਂਗਰਸ ਵਲੋਂ ਪੰਜਾਬ ਦੇ ਸੱਤਾ ਸਿਹਾਂਸਨ 'ਤੇ ਬੈਠਣ ਤੋਂ ਪਹਿਲਾਂ ਸ਼ਰਾਬ ਮਾਫੀਆ ਅਤੇ ਰੇਤ ਮਾਫੀਆ ਆਦਿ ਨੂੰ ਸਖਤੀ ਨਾਲ ਨਕੇਲ ਪਾਉਣ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਨਾ ਅਤੇ ਸੱਤਾ ਸਿੰਹਾਸਨ 'ਤੇ ਬੈਠਦੇ ਹੀ ਉਨ੍ਹਾਂ ਦੇ ਕਥਿਤ ਸ਼ੁੱਭਚਿੰਤਕ ਅਤੇ ਰੱਖਿਅਕ ਬਣ ਜਾਣਾ ਲੋਕਾਂ ਦੇ ਦਿਲ-ਦਿਮਾਗ 'ਚ ਕਈ ਸਵਾਲਾਂ ਨੂੰ ਜਨਮ ਦੇ ਰਿਹਾ ਹੈ। ਲੋਕਾਂ ਦੇ ਘਰਾਂ ਨੂੰ ਬਰਬਾਦ ਕਰਨ ਤੋਂ ਲੈ ਕੇ ਉਨ੍ਹਾਂ ਦੀ ਜਾਨ ਤੱਕ ਲੈਣ ਦੇ ਮਾਮਲੇ 'ਚ ਡਰੱਗਜ਼ ਮਾਫੀਆ, ਨਸ਼ੇ ਦੇ ਸੌਦਾਗਰ ਅਤੇ ਸ਼ਰਾਬ ਮਾਫੀਆ ਵੀ ਅੱਤਵਾਦੀਆਂ ਤੋਂ ਘੱਟ ਨਹੀਂ ਹਨ।
ਉਨ੍ਹਾਂ ਦੇ ਦੋਸ਼ ਲਗਾਇਆ ਕਿ ਜੇਕਰ ਪੰਜਾਬ ਸਰਕਾਰ ਵਿਸ਼ੇਸ਼ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਸ ਚੱਲੇ ਤਾਂ ਵਿੱਤੀ ਲਾਭ ਲੈਣ ਲਈ ਪੰਜਾਬ ਦੀ ਗਲੀ-ਗਲੀ 'ਚ ਸ਼ਰਾਬ ਦੇ ਕਾਊਂਟਰ ਲਗਾ ਦੇਣ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਸ਼ਿਵ ਸੈਨਾ (ਬਾਲ ਠਾਕਰੇ) ਦਾ ਮੁਖ ਉਦੇਸ਼ ਪੰਜਾਬ ਅਤੇ ਲੋਕਹਿੱਤਾ ਦੀ ਰੱਖਿਆ ਨੂੰ ਪਹਿਲ ਦੇਣਾ ਹੈ। ਜਗਦੀਸ਼ ਕਟਾਰੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਸੂਬੇ 'ਚ ਰਾਸ਼ਟਰੀ ਰਾਜਮਾਰਗਾਂ 'ਤੇ ਸਥਿਤ ਹੋਟਲਾਂ, ਰੇਸਟਰੋਰੈਂਟਾਂ ਅਤੇ ਕਲੱਬਾਂ ਨੂੰ ਸ਼ਰਾਬ ਦੀ ਪਾਬੰਦੀ ਤੋਂ ਬਾਹਰ ਕਰਨ ਦੇ ਸਰਕਾਰੀ ਪ੍ਰਸਤਾਵ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਸ਼ਿਵਸੈਨਾ ਨੇਤਾ ਰਾਜੇਸ਼ ਕਨੌਜੀਆ ਵੀ ਮੌਜੂਦ ਸਨ।


Related News