ਕੈਪਟਨ ਜੋ ਪੌਣੇ 5 ਸਾਲ ’ਚ ਨਾ ਕਰ ਸਕੇ, ਕੀ ਚੰਨੀ 100 ਦਿਨ ’ਚ ਕਰ ਸਕਣਗੇ

Thursday, Sep 23, 2021 - 04:23 PM (IST)

ਜਲੰਧਰ (ਦਰਬਾਰਾ ਸਿੰਘ ਕਾਹਲੋਂ) : ਕਾਂਗਰਸ ਪਾਰਟੀ ਸਬੰਧਤ ਅਸਥਿਰ, ਕਾਰਜਕਾਰੀ, ਕਮਜ਼ੋਰ ਅਤੇ ਸਿਆਸੀ ਤੌਰ ’ਤੇ ਦਿਸ਼ਾਹੀਣ ਗੈਰ-ਲੋਕਤੰਤਰੀ, ਇਕ ਪਰਿਵਾਰ ਦੇ ਤਿੰਨ ਮੈਂਬਰਾਂ ਤਕ ਸੀਮਤ ਹਾਈਕਮਾਨ ਨੇ ਆਖ਼ਿਰ ਅਤਿ-ਸਾਜ਼ਿਸ਼ਕਾਰੀ ਸ਼ਹਿ-ਮਾਤ ਦੀ ਰਣਨੀਤੀ ਨਾਲ ਪੰਜਾਬ ਦੇ ਤਾਕਤਵਰ ਕਾਂਗਰਸੀ ਮੁੱਖ ਮੰਤਰੀ ਵਜੋਂ ਸਥਾਪਿਤ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ’ਚੋਂ ਬਾਹਰ ਵਗਾਹ ਮਾਰਿਆ। ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਵਧੀਆ, ਜਵਾਬਦੇਹ, ਵਿਕਾਸਮਈ, ਪਾਰਦਰਸ਼ੀ, ਰੋਜ਼ਗਾਰ ਯੁਕਤ ਸਰਕਾਰ ਦੇਣ ਦੀ ਥਾਂ ਕਮਜ਼ੋਰ ਕਾਂਗਰਸ ਹਾਈਕਮਾਨ ਨੂੰ ਦਬਾਅ ਹੇਠ ਰੱਖਣ ਲਈ ਕੇਂਦਰ ਅੰਦਰ ਭਾਜਪਾ ਦੀ ਅਗਵਾਈ ਵਾਲੀ ਸ਼੍ਰੀ ਨਰਿੰਦਰ ਮੋਦੀ ਸਰਕਾਰ ਅਤੇ ਪੰਜਾਬ ਅੰਦਰ ਤਾਕਤਵਰ ਸ਼੍ਰੋਮਣੀ ਅਕਾਲੀ ਦਲ ’ਤੇ ਕਾਬਜ਼ ਸ. ਸੁਖਬੀਰ ਸਿੰਘ ਬਾਦਲ ਪਰਿਵਾਰ ਨਾਲ ਗੈਰ-ਸੰਵਿਧਾਨਿਕ ਅਤੇ ਸੰਵਿਧਾਨਿਕ ਭਾਈਵਾਲੀ ਕਾਇਮ ਰੱਖੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਬੇਬਾਕੀ ਨਾਲ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਬੇਇੱਜ਼ਤ ਕਰਕੇ ਸੱਤਾ ਤੋਂ ਲਾਂਭੇ ਕੀਤਾ ਹੈ। ਦਰਅਸਲ ਇਸ ਵਾਰ ਉਹ ਅਜਿਹੇ ਵਿਹਾਰ ਦੇ ਹੱਕਦਾਰ ਸਨ। ਉਹ ਸਾਢੇ 4 ਸਾਲ ਦੇ ਸ਼ਾਸਨਕਾਲ ਵਿਚ ਸਾਢੇ ਚਾਰ ਦਿਨ ਸੂਬਾ ਵਾਸੀਆਂ ਦਾ ਹਾਲ-ਚਾਲ ਜਾਣਨ, ਕੋਵਿਡ-19 ਦੀ ਮਾਰ ਤੋਂ ਬਚਾਉਣ, ਪ੍ਰਵਾਸੀ ਗਰੀਬ ਮਜ਼ਦੂਰਾਂ ਨੂੰ ਸੁਰੱਖਿਅਤ ਘਰੀਂ ਪਹੁੰਚਾਉਣ, ਪੰਜਾਬੀਆਂ ਨਾਲ ਸੰਨ 2017 ਦੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਚੁੱਕੀ ਸਹੁੰ ਅਨੁਸਾਰ ਚੋਣ ਮੈਨੀਫੈਸਟੋ ਵਿਚ ਦਰਜ ਵਾਅਦਿਆਂ ਦੀ ਪੂਰਤੀ ਲਈ ਸਿਸਵਾਂ ਫਾਰਮ ਵਿਚ ਮਿੱਤਰਾਂ ਅਤੇ ਹੋਰ ਮਹਿਫਲ ਸਹਿਯੋਗੀਆਂ ਨਾਲ ਮੌਜ-ਮੇਲੇ ਨੂੰ ਦਰਕਿਨਾਰ ਕਰਕੇ ਬਾਹਰ ਨਾ ਨਿਕਲੇ। ਬੇਅਦਬੀ, ਨਸ਼ਾ ਤਸਕਰੀ, ਰੇਤ-ਬਜਰੀ, ਲੈਂਡ, ਟ੍ਰਾਂਸਪੋਰਟ, ਕੇਬਲ ਮਾਫੀਆ, ਬੇਰੋਜ਼ਗਾਰੀ, 6ਵਾਂ ਪੇਅ ਕਮਿਸ਼ਨ, ਕਿਸਾਨੀ ਕਰਜ਼ਾ ਮੁਆਫੀ, ਸ਼ਗਨ, ਆਟਾ ਦਾਲ ਖੰਡ, ਪੱਤੀ, ਅਮਨ-ਕਾਨੂੰਨ ’ਚ ਵਿਗਾੜ, ਕਿਸਾਨੀ ਅੰਦੋਲਨ, ਬੁਢਾਪਾ ਪੈਨਸ਼ਨ ਆਦਿ ਮਸਲੇ ਹੱਲ ਨਾ ਹੋਣ ਕਰਕੇ, ਕੈਬਨਿਟ ਦੀ ਥਾਂ 24-25 ਨਿੱਜੀ ਸਹਾਇਕਾਂ ਦੁਆਰਾ ਚੀਫ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਰਾਹੀਂ ਸਿਸਵਾਂ ਫਾਰਮ ਤੋਂ ਨਿਖਿੱਧ ਗੈਰ-ਜਵਾਬਦੇਹ ਸਰਕਾਰ ਚਲਾਉਣ ਕਰਕੇ ਨਾ ਸਿਰਫ ਕਾਂਗਰਸ ਦੇ 80 ਵਿਧਾਇਕ ਸਗੋਂ ਪੰਜਾਬ ਦੋ ਲੋਕ ਨਿਰਾਸ਼ ਅਤੇ ਨਰਾਜ਼ ਹੋ ਗਏ। ਬੇਰੋਜ਼ਗਾਰ, ਨਸ਼ੇ ਦੇ ਮਾਰੇ, ਕਿਸਾਨ ਅੰਦੋਲਨ ਰਾਹੀਂ ਜਾਗ੍ਰਿਤ ਲੋਕਾਂ ਨੇ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਵਿਧਾਇਕਾਂ ਨੂੰ ਪਿੰਡਾਂ-ਸ਼ਹਿਰਾਂ ਵਿਚ ਵੜਨੋਂ ਰੋਕ ਦਿਤਾ। ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ’ਤੇ ਆਉਣ ਕਰਕੇ ਇਕੋ ਲੰਬੀ ਅੰਦਰੂਨੀ ਜੱਦੋ-ਜਹਿਦ ਰਾਹੀਂ ਪਹਿਲਾਂ ਕਾਂਗਰਸ ਹਾਈ ਕਮਾਨ ਨਵਜੋਤ ਸਿੰਘ ਸਿੱਧੂ ਨੂੰ ਪੀ. ਪੀ. ਸੀ. ਸੀ. ਪ੍ਰਧਾਨ, ਫਿਰ 19 ਸਤੰਬਰ ਨੂੰ ਸੀਕਰਟ ਸਿਆਸੀ ਅਪਰੇਸ਼ਨ ਰਾਹੀਂ ਅਨੁਸੂਚਿਤ ਜਾਤੀ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਸਥਾਪਿਤ ਕਰਨ ਵਿਚ ਸਫਲ ਰਹੀ।

ਦਰਅਸਲ ਪੰਜਾਬ ਅਤੇ ਦੇਸ਼ ਭਰ ਵਿਚ ਜਾਰੀ ਕਿਸਾਨ ਅੰਦੋਲਨ ਤੋਂ ਧਿਆਨ ਹਟਾਉਣ ਲਈ ਸਭ ਤੋਂ ਵੱਧ ਪ੍ਰਭਾਵਿਤ ਭਾਜਪਾ ਨੇ ਐਲਾਨ ਕੀਤਾ ਕਿ ਜੇ ਰਾਜ ਵਿਚ ਉਸ ਦੀ ਸਰਕਾਰ ਬਣੇਗੀ ਤਾਂ ਮੁੱਖ ਮੰਤਰੀ ਅਨੁਸੂਚਿਤ ਜਾਤੀ ਦਾ ਹੋਵੇਗਾ। ਅਨੁਸੂਚਿਤ ਜਾਤੀ ਦੀ ਸੂਬੇ ਵਿਚ 31 ਫੀਸਦੀ ਆਬਾਦੀ ਹੈ। ਆਮ ਆਦਮੀ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਪੰਜਾਬ ਦਾ ਉਮੀਦਵਾਰ ਬਣਾਏਗੀ ਚੋਣਾਂ ਤੋਂ ਪਹਿਲਾਂ। ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੇ ਉੱਪ ਮੁੱਖ ਮੰਤਰੀ ਇਕ ਅਨੁਸੂਚਿਤ ਜਾਤੀ ਦਾ ਬਣਾਉਣ ਦਾ ਐਲਾਨ ਕਰ ਦਿੱਤਾ। ਇਸੇ ਦੌਰਾਨ ਕਾਂਗਰਸ ਖਾਨਾਜੰਗੀ ਦੇ ਕਾਰਣ ਸ਼ਮਸ਼ੇਰ ਸਿੰਘ ਦੂਲੋ ਸੰਸਦ ਮੈਂਬਰ ਨੇ ਚੁਣੌਤੀ ਦਿੱਤੀ ਕਿ ਜੇ ਕਾਂਗਰਸ ਨੂੰ ਅਨੁਸੂਚਿਤ ਜਾਤੀ ਨਾਲ ਵੱਡਾ ਹੇਜ਼ ਹੈ ਤਾਂ ਹੁਣ ਤਕ ਪੰਜਾਬ ਦਾ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ। 19 ਸਤੰਬਰ ਨੂੰ ਤਿੰਨ ਮੈਂਬਰੀ ਪਰਿਵਾਰਕ ਹਾਈਕਮਾਨ ਨੇ ਆਖਰ ਦੂਸਰੀਆਂ ਪਾਰਟੀਆਂ ਦੇ ਐਲਾਨਾਂ ਨੂੰ ਸਭ ਤੋਂ ਪਹਿਲਾਂ ਅਮਲੀ ਰੂਪ ਵਿਚ ਇਤਿਹਾਸਕ ਫੈਸਲਾ ਕਰਦੇ ਅਨੁਸੂਚਿਤ ਜਾਤੀ ਦੇ ਸਿੱਖ ਚਿਹਰੇ ਦੇ ਦੋਹਰੇ ਪ੍ਰਭਾਵ ਮੱਦੇਨਜ਼ਰ ਉਸ ਨੂੰ ਪੰਜਾਬ ਦਾ 16ਵਾਂ ਮੁੱਖ ਮੰਤਰੀ ਨਿਯੁਕਤ ਕਰਨ ਦਾ ਨਿਰਣਾ ਲਿਆ। ਚਰਨਜੀਤ ਸਿੰਘ ਚੰਨੀ ਜੋ ਰਾਮਦਾਸੀਆ ਸਿੱਖ ਪ੍ਰਭਾਵਸ਼ਾਲੀ ਬਿਰਾਦਰੀ ਨਾਲ ਸੰਬੰਧ ਰਖਦੇ ਹਨ, ਨੇ ਆਪਣਾ ਸਿਅਾਸੀ ਜੀਵਨ ਖਰੜ ਮਿਊਂਸੀਪਲ ਕਮੇਟੀ ਪ੍ਰਧਾਨ ਤੋਂ ਸੰਨ 2002 ਤੋਂ ਸ਼ੁਰੂ ਕੀਤਾ। ਸੰਨ 2007 ਵਿਚ ਉਹ ਆਜ਼ਾਦ ਉਮੀਦਵਾਰ ਵਜੋਂ ਚਮਕੌਰ ਸਾਹਿਬ ਤੋਂ ਵਿਧਾਇਕ ਬਣੇ। ਕਾਂਗਰਸ ਵਿਚ ਸ਼ਾਮਿਲ ਹੋਣ ਬਾਅਦ ਉਹ ਸੰਨ 2012 ਅਤੇ ਫਿਰ 2017 ਵਿਚ ਵਿਧਾਇਕ ਬਣੇ। ਉਪਰੰਤ ਕੈਪਟਨ ਕੈਬਨਿਟ ਵਿਚ ਤਕਨੀਕੀ ਸਿੱਖਿਆ ਅਤੇ ਉਦਯੋਗ ਮੰਤਰੀ ਬਣੇ।

ਹਾਲਾਂਕਿ ਉਹ ਕੈਪਟਨ ਵਰਗੇ ਧੜੱਲੇਦਾਰ ਆਗੂ ਨਹੀਂ ਹਨ। ਖੈਰ, ਇਕ ਮਿਲੀਅਨ ਡਾਲਰ ਦਾ ਸਵਾਲ ਇਹ ਹੈ ਕਿ ਕੀ ਉਹ ਇਕ ਗਤੀਸ਼ੀਲ, ਜਵਾਬਦੇਹ, ਪਾਰਦਰਸ਼ੀ ਸਰਕਾਰ ਗਠਿਤ ਕਰ ਸਕਣਗੇ ਕਿ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ ਵਿਚ ਪਰੋਸਣਗੇ? ਜੋ ਚੋਣ ਮੈਨੀਫੈਸਟੋ, 18 ਨੁਕਾਤੀ ਹਾਈ ਕਮਾਨ ਸਬੰਧਿਤ ਪ੍ਰੋਗਰਾਮ ਕੈਪਟਨ ਸਰਕਾਰ ਪੌਣੇ 5 ਸਾਲ ਲਾਗੂ ਨਾ ਕਰ ਸਕੀ ਉਹ 100 ਦਿਨਾਂ ਵਿਚ ਕਿਵੇਂ ਪੂਰੇ ਕਰਨਗੇ? ਕੀ ਕੈਪਟਨ ਵਾਂਗ ‘ਨੋ ਫਾਰਮਰਜ਼-ਨੋ ਫੂਡ’ ਦਾ ਬੈਜ ਲਾ ਕੇ ਕਿਸਾਨੀ ਦੇ ਅੰਦੋਲਨ ਪਿਛੇ ਚੱਟਾਨ ਵਾਂਗ ਡਟਣਗੇ? ਕੀ ਕੈਬਨਿਟ ਅਤੇ ਕਾਂਗਰਸ ਵਿਧਾਇਕਾਂ ਸਮੇਤ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਤਿੰਨ ਕਾਲੇ ਕਾਨੂੰਨ ਰੱਦ ਕਰਨ ਲਈ ਧਰਨਾ ਦੇਣਗੇ? ਕੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਵਿਚ ਕਿਸਾਨੀ ਦੀ ਹਿਮਾਇਤ ਜੁਟਾਉਣਗੇ? ਕੀ ਕੈਪਟਨ, ਉਸ ਦੇ ਪਰਿਵਾਰ, 24-25 ਵਿਸ਼ੇਸ਼ ਸਹਾਇਕਾਂ ਦੇ ਘਪਲਿਆਂ ਅਤੇ ਸਾਧੂ ਸਿੰਘ ਧਰਮਸੌਤ ਦੇ ਸੈਕੜੇ ਕਰੋੜੀ ਵਜ਼ੀਫੇ ਘਪਲੇ ਦੀ ਸਮਾਂਬੱਧਤਾ ਜਾਂਚ ਲਈ ਹਾਈ ਕੋਰਟ ਦੇ ਜੱਜ ਦੀ ਅਗਵਾਈ ਵਿਚ ਜਾਂਚ ਕਮਿਸ਼ਨ ਬੈਠਾਉਣ ਦੀ ਜੁਅਰੱਤ ਵਿਖਾਏਗਾ? ਕੀ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਕੱਚੇ ਮੁਲਾਜ਼ਮਾਂ, ਬੇਰੋਜ਼ਗਾਰਾਂ, ਸਰਕਾਰੀ ਮੁਲਾਜ਼ਮਾਂ ਦਾ 6ਵਾਂ ਪੇਅ ਕਮਿਸ਼ਨ, ਘਰ-ਘਰ ਨੌਕਰੀ, ਬੇਘਰਿਆਂ ਨੂੰ ਘਰਾਂ, ਵੱਖ-ਵੱਖ ਵਿਭਾਗਾਂ ਦੀਆਂ ਹਜਾਰਾਂ ਖਾਲੀ ਅਸਾਮੀਆਂ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਰਾਜਧਾਨੀ, ਬੇਅਦਬੀ, ਨਸ਼ਾਬੰਦੀ, ਭ੍ਰਿਸ਼ਟਾਚਾਰ, ਸਨਅੱਤਾਂ ਆਦਿ ਦੇ ਮਸਲੇ ਹੱਲ ਹੋ ਸਕਣਗੇ? ਖਾਲੀ ਖਜ਼ਾਨਾ ਦੀ ਰੱਟ ਵਾਲੇ ਖਜ਼ਾਨਾ ਮੰਤਰੀ ਤੋਂ ਪੰਜਾਬ ਨੂੰ ਨਿਜਾਤ ਮਿਲੇਗੀ? 300 ਯੂਨਿਟ ਮੁਫਤ ਬਿਜਲੀ, ਆਟਾ-ਦਾਲ ਨਾਲ ਪੱਤੀ ਅਤੇ ਖੰਡ ਦਾ ਪ੍ਰਬੰਧ ਕਰੇਗਾ? ਲੰਬੀ ਸੂਚੀ ਵਾਅਦਿਆਂ ਦੀ। ਕੀ ਨੌਕਰਸ਼ਾਹਾਂ ਨੂੰ ਨੱਥ ਪਾਏਗਾ? ਹਕੀਕਤ ਵਿਚ ਕੁਝ ਵੀ ਨਹੀਂ ਹੋਣਾ। ਵਿਧਾਨ ਸਭਾ ਚੋਣਾਂ 2022 ਜਿੱਤਣ ’ਤੇ ਲੱਗੇਗਾ ਪ੍ਰਸ਼ਨ ਚਿੰਨ੍ਹ। ਦਰਅਸਲ ਦੇਸ਼ ਨੂੰ ਇਕ ਤਾਕਤਵਰ ਵਿਰੋਧੀ ਧਿਰ ਅਤੇ ਗਤੀਸ਼ੀਲ ਲੀਡਰਸ਼ਿਪ ਦੀ ਲੋੜ ਹੈ। ਜਿੰਨਾ ਚਿਰ 23 ਮਹਾਂਰਥੀ ਕਾਂਗਰਸੀਆਂ ਦੇ ਪੱਤਰ ਅਨੁਸਾਰ ਕਾਂਗਰਸ ਪਾਰਟੀ ਨੂੰ ਵਧੀਆ ਲੀਡਰਸ਼ਿਪ ਨਹੀਂ ਮਿਲਦੀ ਅਜਿਹਾ ਸੰਭਵ ਨਹੀਂ। ਕਾਂਗਰਸ ਨੂੰ ਅਜੋਕੀ ਇਟਾਲੀਅਨ ਮੂਲ ਦੀ ਨਿਕੰਮੀ, ਏਕਾਧਿਕਾਰਵਾਦੀ, ਸਾਹ ਸੱਤਹੀਣ ਅਤੇ ਦਿਸ਼ਾਹੀਣ ਦੀ ਮਾਨਸਿਕਤਾ ਦੀਵਾਲੀਆਪਣ ਦੀ ਪਰਿਵਾਰਵਾਦੀ ਲੀਡਰਸ਼ਿਪ ਬਦਲਅ ਅਤੇ ਅੰਦਰੂਨੀ ਲੋਕਤੰਤਰ ਦੀ ਲੋੜ ਹੈ। ਸੂਬਾਈ ਲੀਡਰਸ਼ਿਪ ਖੁਦ-ਬ-ਖੁਦ ਸੁਧਰ ਜਾਏਗੀ।


Anuradha

Content Editor

Related News