ਬੇਲਗ਼ਾਮ ਘੁੰਮ ਰਹੇ ਮੰਤਰੀਆਂ ਤੇ ਵਿਧਾਇਕਾਂ ਦੀ ਲਗਾਮ ਕੱਸਣ ਕੈਪਟਨ : ਭਗਵੰਤ ਮਾਨ

03/30/2020 9:05:01 PM

ਚੰਡੀਗੜ੍ਹ, (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਉਹ ਕਰਫ਼ਿਊ ਦੌਰਾਨ ਨਿਯਮ-ਕਾਨੂੰਨ ਛਿੱਕੇ ਟੰਗ ਕੇ ਕਾਫ਼ਲਿਆਂ ਨਾਲ ਘੁੰਮ ਰਹੇ ਆਪਣੇ ਮੰਤਰੀਆਂ ਸਮੇਤ ਅਕਾਲੀ-ਕਾਂਗਰਸੀ ਵਿਧਾਇਕਾਂ ਨੂੰ ਟਿਕ ਕੇ ਬੈਠਣ ਲਈ ਪਾਬੰਦ ਕਰਨ।
ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਗੱਲ 'ਤੇ ਸਖ਼ਤ ਇਤਰਾਜ਼ ਕਰਦਿਆਂ ਪੁੱਛਿਆ ਕਿ ਮੰਤਰੀ ਅਤੇ ਵਿਧਾਇਕਾਂ ਨੂੰ ਕਿਸ ਹੈਸੀਅਤ 'ਚ ਧਾਰਾ 144 ਅਤੇ ਕਰਫ਼ਿਊ ਦੀ ਉਲੰਘਣਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ? ਭਗਵੰਤ ਮਾਨ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਕੋਰੋਨਾ-ਵਾਇਰਸ 'ਤੇ ਫ਼ਤਹਿ ਪਾਉਣ ਲਈ ਜ਼ੀਰੋ ਜਨ ਸੰਪਰਕ ਹੀ ਇਕਲੌਤਾ ਉਪਾਅ ਹੈ ਕਿਉਂਕਿ ਅਜੇ ਤੱਕ ਇਸ ਜਾਨਲੇਵਾ ਬੀਮਾਰੀ 'ਤੇ ਕਾਬੂ ਪਾਉਣ ਲਈ ਕੋਈ ਦਵਾਈ ਜਾਂ ਵੈਕਸੀਨੇਸ਼ਨ ਨਹੀਂ ਬਣੀ।
ਮਾਨ ਨੇ ਕਿਹਾ ਕਿ ਅਣਗਿਣਤ ਚੁਣੌਤੀਆਂ ਅਤੇ ਮੁਸ਼ਕਲਾਂ ਦੇ ਬਾਵਜੂਦ ਆਮ ਨਾਗਰਿਕ ਘਰਾਂ 'ਚ ਬੈਠ ਕੇ ਸਰਕਾਰਾਂ, ਡਾਕਟਰਾਂ ਅਤੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸ਼ਲਾਘਾਯੋਗ ਪਾਲਣਾ ਕਰ ਰਹੇ ਹਨ ਪਰ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ (ਬਾਦਲ) ਦੇ ਆਗੂ ਕਾਫ਼ਲੇ ਬੰਨ੍ਹ ਕੇ ਗਲੀਆਂ-ਮੁਹੱਲਿਆਂ 'ਚ ਘੁੰਮ ਰਹੇ ਹਨ, ਜੋ ਕਾਨੂੰਨ ਦੀ ਸ਼ਰੇਆਮ ਉਲੰਘਣਾ ਹੈ। ਗ਼ਰੀਬਾਂ ਅਤੇ ਲੋੜਵੰਦਾਂ ਦੇ ਨਾਂ 'ਤੇ ਬੇਹੱਦ ਹਲਕੀ ਅਤੇ ਹੋਛੀ ਸਿਆਸਤ ਕਰ ਰਹੇ ਇਨ੍ਹਾਂ ਡਰਾਮੇਬਾਜ਼ਾਂ ਨੂੰ ਨੱਥ ਪਾਈ ਜਾਵੇ।
ਚੀਮਾ ਨੇ ਕਿਹਾ ਕਿ ਹਰੇਕ ਲੀਡਰ ਨੂੰ ਆਪਣੇ ਹਲਕੇ ਅਤੇ ਇਲਾਕੇ ਦੇ ਗ਼ਰੀਬਾਂ ਅਤੇ ਲੋੜਵੰਦਾਂ ਬਾਰੇ ਲਗਭਗ ਜਾਣਕਾਰੀ ਹੁੰਦੀ ਹੈ ਅਤੇ ਅਜਿਹੇ ਜ਼ਰੂਰਤਮੰਦਾਂ ਬਾਰੇ ਆਪਣੇ ਸਥਾਨਕ ਆਗੂਆਂ, ਪੰਚਾਂ, ਸਰਪੰਚਾਂ, ਨੰਬਰਦਾਰਾਂ ਜਾਂ ਹੋਰ ਮੋਹਤਬਰਾਂ ਕੋਲੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸੂਚੀ ਤਿਆਰ ਕਰਵਾਈ ਜਾ ਸਕਦੀ ਹੈ, ਜਿਨ੍ਹਾਂ ਨੂੰ ਪ੍ਰਸ਼ਾਸਨ ਰਾਹੀਂ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਨਾ ਸਾਰੇ ਆਗੂਆਂ ਅਤੇ ਜਨ ਨੁਮਾਇੰਦਿਆਂ ਦਾ ਅਸਲੀ ਫ਼ਰਜ਼ ਹੈ, ਜੋ ਆਪਣੇ-ਆਪਣੇ ਘਰਾਂ 'ਚੋਂ ਬਾਖ਼ੂਬੀ ਕੀਤਾ ਜਾ ਸਕਦਾ ਹੈ। ਚੀਮਾ ਨੇ ਨਾਭਾ 'ਚ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਸਿਆਸੀ ਵਿਤਕਰੇਬਾਜ਼ੀ ਤਹਿਤ ਵੰਡੇ ਜਾ ਰਹੇ ਰਾਸ਼ਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਕ ਮੰਤਰੀ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਵਿਤਕਰੇਬਾਜ਼ੀ ਰਾਹੀਂ ਪਹਿਲਾਂ ਖ਼ੁਦ ਰਾਸ਼ਨ ਵੰਡੇ ਅਤੇ ਫਿਰ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਗ਼ਰੀਬ ਲੋਕਾਂ 'ਤੇ ਮੁਕੱਦਮੇ ਦਰਜ ਕਰਵਾਏ। ਚੀਮਾ ਨੇ ਪਾਰਟੀ ਦੇ ਨਾਭਾ ਤੋਂ ਹਲਕਾ ਪ੍ਰਧਾਨ ਦੇਵ ਮਾਨ ਦੇ ਹਵਾਲੇ ਨਾਲ ਕਿਹਾ ਕਿ ਅੱਧੀ ਦਰਜਨ ਤੋਂ ਵੱਧ ਲੋਕਾਂ 'ਤੇ ਧਾਰਾ 144 ਤੋੜਨ ਸਮੇਤ ਕਈ ਹੋਰ ਦੋਸ਼ਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਚੀਮਾ ਨੇ ਇਸ ਪੂਰੇ ਮਾਮਲੇ ਦੀ ਸਮਾਂਬੱਧ ਨਿਆਇਕ ਜਾਂਚ ਦੀ ਮੰਗ ਕਰਦਿਆਂ ਸਵਾਲ ਉਠਾਇਆ ਕਿ ਜੇਕਰ ਆਮ ਲੋਕਾਂ 'ਤੇ ਧਾਰਾ 144 ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਤਾਂ ਭਾਰੀ-ਭਰਕਮ ਲਾਮ ਲਸ਼ਕਰ ਨਾਲ ਨਾਭੇ ਦੀਆਂ ਗਲੀਆਂ 'ਚ ਘੁੰਮ ਰਹੇ ਸਾਧੂ ਸਿੰਘ ਧਰਮਸੋਤ 'ਤੇ ਧਾਰਾ 144 ਤਹਿਤ ਮੁਕੱਦਮਾ ਕਿਉਂ ਨਹੀਂ ਦਰਜ ਕੀਤਾ ਗਿਆ।
 


KamalJeet Singh

Content Editor

Related News