ਡੀ. ਜੀ. ਪੀ. ਨੂੰ ਤੁਰੰਤ ਬਰਖ਼ਾਸਤ ਕਰਨ ਕੈਪਟਨ : ਹਰਪਾਲ ਚੀਮਾ

Sunday, Feb 23, 2020 - 12:15 AM (IST)

ਡੀ. ਜੀ. ਪੀ. ਨੂੰ ਤੁਰੰਤ ਬਰਖ਼ਾਸਤ ਕਰਨ ਕੈਪਟਨ : ਹਰਪਾਲ ਚੀਮਾ

ਚੰਡੀਗੜ੍ਹ, (ਸ਼ਰਮਾ)— ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਵਿਵਾਦਪੂਰਨ ਬਿਆਨ ਦਾ ਆਮ ਆਦਮ ਪਾਰਟੀ (ਆਪ) ਪੰਜਾਬ ਦੇ ਆਗੂਆਂ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਡੀ. ਜੀ. ਪੀ. ਗੁਪਤਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।

ਚੀਮਾ ਨੇ ਕਿਹਾ ਕਿ ਡੀ. ਜੀ. ਪੀ. ਵਰਗੇ ਬੇਹੱਦ ਜ਼ਿੰਮੇਵਾਰ ਅਹੁਦੇ 'ਤੇ ਬੈਠ ਕੇ ਅਜਿਹਾ ਬਿਆਨ ਦੇਣਾ ਅਤਿ-ਮੰਦਭਾਗਾ ਹੈ। ਡੀ. ਜੀ. ਪੀ. ਦਾ ਬਿਆਨ ਬਹੁਤ ਹੀ ਨਿੰਦਣਯੋਗ ਅਤੇ ਗੈਰ-ਜ਼ਰੂਰੀ ਹੈ। ਇਹ ਸਿੱਖ ਸ਼ਰਧਾਲੂਆਂ ਅਤੇ ਨਾਨਕ ਨਾਮਲੇਵਾ ਸੰਗਤ ਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅਕਸ ਬਦਨਾਮ ਕਰਨ ਦੀ ਨਾਪਾਕ ਕੋਸ਼ਿਸ਼ ਹੈ। ਚੀਮਾ ਨੇ ਕਿਹਾ ਕਿ ਇਸ ਲਈ ਕੈਪਟਨ ਅਮਰਿੰਦਰ ਸਿੰਘ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਬਰਖ਼ਾਸਤ ਕਰ ਕੇ ਉਨ੍ਹਾਂ 'ਤੇ ਮੁਕੱਦਮਾ ਦਰਜ ਕਰਵਾਉਣ।

ਚੀਮਾ ਅਤੇ ਸੰਧਵਾਂ ਨੇ ਡੀ. ਜੀ. ਪੀ. ਗੁਪਤਾ ਨੂੰ ਸਵਾਲ ਕੀਤਾ ਕਿ ਹੁਣ ਤੱਕ ਪੰਜਾਬ ਸਰਕਾਰ ਦੇ ਕਰੀਬ ਸਾਰੇ ਨੁਮਾਇੰਦੇ (ਮੁੱਖ ਮੰਤਰੀ ਸਮੇਤ), ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਵਿਧਾਇਕ ਅਤੇ ਉੱਚ ਅਧਿਕਾਰੀ ਵੀ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕ ਆਏ ਹਨ, ਕੀ ਉਹ ਸਾਰੇ ਅੱਤਵਾਦੀ ਰੰਗ 'ਚ ਰੰਗੇ ਗਏ? ਚੀਮਾ ਨੇ ਕਿਹਾ ਕਿ ਪੰਜਾਬ ਨੂੰ ਅਜਿਹੇ ਨਾ-ਕਾਬਲ ਡੀ. ਜੀ. ਪੀ. ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿਨਕਰ ਗੁਪਤਾ ਦੀ ਨਾਕਾਬਲੀਅਤ 'ਤੇ ਇਸ ਤੋਂ ਪਹਿਲਾਂ ਕੈਟ ਨੇ ਵੀ ਮੋਹਰ ਲਾ ਦਿੱਤੀ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਡੀ. ਜੀ. ਪੀ. ਵਿਰੁੱਧ ਕਾਰਵਾਈ ਨਹੀਂ ਕੀਤੀ ਗਈ ਤਾਂ 'ਆਪ' ਵਿਧਾਇਕ ਵਿਧਾਨ ਸਭਾ ਦਾ ਇਜਲਾਸ ਚੱਲਣ ਨਹੀਂ ਦੇਣਗੇ। ਸੰਧਵਾਂ ਨੇ ਕਿਹਾ ਕਿ ਪੰਜਾਬ ਨੂੰ ਇਕ ਬੇਹੱਦ ਸੁਲਝੇ ਹੋਏ ਸੰਤੁਲਿਤ ਅਤੇ ਯੋਗ ਡੀ. ਜੀ. ਪੀ. ਦੀ ਲੋੜ ਹੈ।

 


author

KamalJeet Singh

Content Editor

Related News