ਅਹਿਮ ਖ਼ਬਰ : ਸੋਨੀਆ-ਪ੍ਰਿਯੰਕਾ 'ਚੋਂ ਕਿਸ ਦਾ ਚਹੇਤਾ ਪਵੇਗਾ 'ਭਾਰੀ', ਕੈਪਟਨ-ਸਿੱਧੂ ਦੇ ਭਵਿੱਖ ਦਾ ਫ਼ੈਸਲਾ ਇਸ ਹਫ਼ਤੇ

Thursday, Jul 08, 2021 - 11:15 AM (IST)

ਚੰਡੀਗੜ੍ਹ (ਹਰੀਸ਼) : ਪੰਜਾਬ ਕਾਂਗਰਸ ਵਿਚ ਕਰੀਬ ਦੋ ਮਹੀਨਿਆਂ ਤੋਂ ਚੱਲ ਰਹੀ ਉਥਲ-ਪੁਥਲ ਵਿਚਕਾਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਭਵਿੱਖ ਦਾ ਫ਼ੈਸਲਾ ਇਸ ਹਫ਼ਤੇ ਹੋਣ ਦੇ ਆਸਾਰ ਹਨ। ਦੋਵੇਂ ਆਗੂਆਂ ਦਾ ਸਿਆਸੀ ਭਵਿੱਖ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਹੱਥ ਵਿਚ ਹੈ। ਦਰਅਸਲ, ਕੈਪਟਨ ਅਮਰਿੰਦਰ ਸੋਨੀਆ ਗਾਂਧੀ ਦੇ ਕਰੀਬੀ ਹਨ, ਜਦੋਂ ਕਿ ਸਿੱਧੂ ਨੂੰ ਪ੍ਰਿਯੰਕਾ ਗਾਂਧੀ ਦਾ ਖ਼ਾਸ ਮੰਨਿਆ ਜਾਂਦਾ ਹੈ। ਇਹੀ ਕਾਰਣ ਸੀ ਕਿ ਸਿੱਧੂ 30 ਜੂਨ ਨੂੰ ਰਾਹੁਲ-ਪ੍ਰਿਯੰਕਾ ਨਾਲ ਮਿਲਣ ਗਏ ਸਨ, ਜਦੋਂ ਕਿ ਕੈਪਟਨ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਕੈਪਟਨ ਅਮਰਿੰਦਰ ਨੇ ਮੰਗਲਵਾਰ ਨੂੰ ਖ਼ੁਦ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਹੀ ਹੈ ‘ਪਾਰਟੀ ਪ੍ਰਧਾਨ ਜੋ ਵੀ ਫ਼ੈਸਲਾ ਲੈਣਗੇ, ਉਨ੍ਹਾਂ ਨੂੰ ਸਵੀਕਾਰ ਹੋਵੇਗਾ।’ ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ ‘ਕਾਂਗਰਸ ਪ੍ਰਧਾਨ’ ਦਾ ਜ਼ਿਕਰ ਕੀਤਾ ਹੈ, ਹਾਈਕਮਾਨ ਦਾ ਨਹੀਂ, ਜਿਸ ਵਿਚ ਰਾਹੁਲ ਸਮੇਤ ਸੀਨੀਅਰ ਲੀਡਰਸ਼ਿਪ ਨੂੰ ਗਿਣਿਆ ਜਾਂਦਾ ਹੈ। ਇਸ ਤੋਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਗੱਲ ਸੁਣੀ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਅਤੇ ਰਾਹੁਲ ਗਾਂਧੀ ਕੈਪਟਨ ਦੀ ਥਾਂ ਸਿੱਧੂ ’ਤੇ ਦਾਅ ਖੇਡਣਾ ਚਾਹੁੰਦੇ ਹਨ।

ਇਹੀ ਕਾਰਣ ਰਿਹਾ ਕਿ ਅਮਰਿੰਦਰ ਦੀ ਮੁਲਾਕਾਤ ਤੋਂ ਠੀਕ ਪਹਿਲਾਂ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਗਏ ਸਨ। ਕਈ ਸੀਨੀਅਰ ਆਗੂ ਹਾਈਕਮਾਨ ਦੇ ਫ਼ੈਸਲੇ ਦਾ ਇੰਤਜ਼ਾਰ ਤਾਂ ਕਰ ਹੀ ਰਹੇ ਹਨ ਪਰ ਅਗਲੀਆਂ ਚੋਣਾਂ ਵਿਚਕਾਰ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਚਿੰਤਤ ਵੀ ਹਨ। ਇਕ ਸੀਨੀਅਰ ਆਗੂ ਨੇ ਕਿਹਾ ਕਿ 2 ਸਾਲ ਸੰਜਮ ਰੱਖਣ ਤੋਂ ਬਾਅਦ ਸਿੱਧੂ ਨੇ ਜਿਵੇਂ ਦੀ ਬਿਆਨਬਾਜ਼ੀ ਆਪਣੀ ਹੀ ਸਰਕਾਰ ਦੇ ਮੁਖੀ ਖ਼ਿਲਾਫ਼ ਕੀਤੀ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਵੱਡਾ ਅਹੁਦਾ ਮਿਲ ਵੀ ਜਾਂਦਾ ਹੈ ਤਾਂ ਪਾਰਟੀ ਨੂੰ ਨੁਕਸਾਨ ਦੀ ਭਰਪਾਈ ਸੰਭਵ ਨਹੀਂ ਹੈ, ਜੋ ਉਹ ਹੁਣ ਤੱਕ ਕਰ ਚੁੱਕੇ ਹਨ। ਸਿੱਧੂ ਇਕੱਲੇ ਹੀ ਨਹੀਂ, ਸਗੋਂ ਜੇਕਰ ਕੈਪਟਨ ਅਮਰਿੰਦਰ ਨਾਲ ਉਹ ਮਿਲਕੇ ਵੀ ਚੱਲਣ ਤਾਂ ਅਜਿਹਾ ਕਦੇ ਵੀ ਨਹੀਂ ਲੱਗਦਾ ਕਿ ਦੋਵੇਂ ਆਗੂ ਵੀ ਇਸ ਨੁਕਸਾਨ ਦੀ ਪੂਰਤੀ ਕਰ ਸਕਣਗੇ। ਕੈਪਟਨ ਅਤੇ ਸਿੱਧੂ ਦੋਵੇਂ ਹੀ ਪਾਰਟੀ ਦੇ ਪੰਜਾਬ ਵਿਚ ਸੀਨੀਅਰ ਆਗੂ ਹਨ। ਹਾਲਾਂਕਿ ਰਾਜਨੀਤਕ ਅਤੇ ਪ੍ਰਸ਼ਾਸਨਿਕੀ ਤਜੁਰਬੇ ਦੇ ਮਾਮਲੇ ਵਿਚ ਅਮਰਿੰਦਰ, ਸਿੱਧੂ ਤੋਂ ਕਿਤੇ ਅੱਗੇ ਹਨ। ਦੋਵਾਂ ਵਿਚ ਜੇਕਰ ਕੁਝ ਕਮੀਆਂ ਹਨ ਤਾਂ ਕਈ ਖੂਬੀਆਂ ਵੀ ਹਨ, ਜਿਸਦੇ ਆਸ-ਪਾਸ ਸੂਬੇ ਵਿਚ ਪਾਰਟੀ ਦੇ ਬਾਕੀ ਨੇਤਾ ਨਹੀਂ ਠਹਿਰਦੇ। ਪੰਜਾਬ ਵਿਚ ਸਿਰਫ਼ ਕਾਂਗਰਸ ਨੂੰ ਹੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਰਿਹਾ, ਸਗੋਂ ਹਰ ਕੋਈ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਦੀਆਂ ਗਤੀਵਿਧੀਆਂ ਦੀ ਥਾਂ ਇਨ੍ਹਾਂ ਦੋਵਾਂ ’ਤੇ ਹੀ ਨਜ਼ਰਾਂ ਟਿਕਾਈ ਬੈਠਾ ਹੈ।

ਇਹ ਵੀ ਪੜ੍ਹੋ : ਜਵਾਈ ਦੀ ਧਮਕੀ ਦੇ ਅਗਲੇ ਹੀ ਦਿਨ ਸੜਨ ਕਾਰਨ ਧੀ ਦੀ ਮੌਤ, ਲਾਸ਼ ਹਸਪਤਾਲ 'ਚ ਛੱਡ ਭੱਜਿਆ ਸਹੁਰਾ ਪਰਿਵਾਰ
ਦੋਵਾਂ ਨੇ ਕੀਤੀ ਦੇਸ਼ ਸੇਵਾ, ਹੁਣ ਕਾਂਗਰਸ ਵਿਚ ਆਹਮੋ-ਸਾਹਮਣੇ
ਕੈਪਟਨ ਅਮਰਿੰਦਰ ਨਵਜੋਤ ਸਿੱਧੂ ਤੋਂ 21 ਸਾਲ ਵੱਡੇ ਹਨ। ਜਦੋਂ ਸਿੱਧੂ ਪੈਦਾ ਵੀ ਨਹੀਂ ਹੋਏ ਸਨ, ਤਦ ਕੈਪਟਨ ਅਮਰਿੰਦਰ ਨੇ ਭਾਰਤੀ ਫ਼ੌਜ ਵਿਚ ਸੇਵਾ ਸ਼ੁਰੂ ਕਰ ਦਿੱਤੀ ਸੀ। ਸਿੱਧੂ ਸਾਲ 2004 ਵਿਚ ਪਹਿਲੀ ਵਾਰ ਸੰਸਦ ਮੈਂਬਰ ਬਣੇ, ਜਦੋਂ ਕਿ ਅਮਰਿੰਦਰ ਉਨ੍ਹਾਂ ਤੋਂ ਠੀਕ 24 ਸਾਲ ਪਹਿਲਾਂ ਸਾਲ 1980 ਵਿਚ ਸੰਸਦ ਮੈਂਬਰ ਚੁਣੇ ਜਾ ਚੁੱਕੇ ਸਨ। ਕੈਪਟਨ ਅਮਰਿੰਦਰ ਸਿੰਘ ਕਿੰਨੇ ਵੀ ਕਿਨਾਰੇ ਕੀਤੇ ਜਾਣ ਪਰ ਆਪਣੀ ਨੇਤਾ ਸੋਨੀਆ ਗਾਂਧੀ ਖ਼ਿਲਾਫ਼ ਨਹੀਂ ਜਾਂਦੇ ਤਾਂ ਦੂਜੇ ਪਾਸੇ ਸਿੱਧੂ 1996 ਵਿਚ ਆਪਣੇ ਤਤਕਾਲੀਨ ਕਪਤਾਨ ਮੁਹੰਮਦ ਅਜ਼ਹਰੂਦੀਨ ਪ੍ਰਤੀ ਅਸੰਤੁਸ਼ਟੀ ਜਤਾ ਕੇ ਟੀਮ ਨੂੰ ਮੰਝਧਾਰ ਵਿਚ ਛੱਡ ਕੇ ਇੰਗਲੈਂਡ ਦੌਰੇ ’ਤੋਂ ਪਰਤ ਆਏ ਸਨ। ਅਮਰਿੰਦਰ ਲੇਖਕ ਹਨ ਅਤੇ ਹੁਣ ਤੱਕ ਕਈ ਕਿਤਾਬਾਂ ਲਿਖ ਚੁੱਕੇ ਹਨ। ਉਹ ਵਾਈਲਡ ਲਾਈਫ ਫੋਟੋਗ੍ਰਾਫੀ ਦੇ ਵੀ ਸ਼ੌਕੀਨ ਹਨ, ਜਦੋਂ ਕਿ ਸਿੱਧੂ ਦੀ ਵੱਖ-ਵੱਖ ਭਾਸ਼ਾਵਾਂ ’ਤੇ ਚੰਗੀ ਪਕੜ ਹੋਣ ਦੇ ਕਾਰਨ ਉਹ ਚੰਗੇ ਬੁਲਾਰੇ ਹਨ। ਪਾਕਿਸਤਾਨ ਨੂੰ ਲੈ ਕੇ ਅਮਰਿੰਦਰ ਦੇ ਤੇਵਰ ਸਖ਼ਤ ਰਹਿੰਦੇ ਹਨ, ਸਰਹੱਦ ਪਾਰ ਤੋਂ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ’ਤੇ ਉਨ੍ਹਾਂ ਦਾ ਬੇਹੱਦ ਹਮਲਾਵਰ ਬਿਆਨ ਆਉਂਦਾ ਹੈ। ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਾਰਨ ਖਾਨ ਨਾਲ ਦੋਸਤੀ ਕਾਰਨ ਗੁਆਂਢੀ ਦੇਸ਼ ਪ੍ਰਤੀ ਬੇਹੱਦ ਨਰਮ ਹਨ। 2019 ਵਿਚ ਪੁਲਵਾਮਾ ਅੱਤਵਾਦੀ ਹਮਲੇ ’ਤੇ ਆਪਣੀ ਟਿੱਪਣੀ ਨੂੰ ਲੈ ਕੇ ਉਹ ਵਿਵਾਦਾਂ ਵਿਚ ਇੰਨਾ ਘਿਰ ਗਏ ਸਨ ਕਿ ਅਗਲੇ ਹੀ ਦਿਨ ‘ਦ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ ਕਰ ਦਿੱਤੇ ਗਏ ਸਨ।

ਇਹ ਵੀ ਪੜ੍ਹੋ : 'ਕੈਪਟਨ' ਨੇ ਸੋਨੀਆ ਅੱਗੇ ਰੱਖਿਆ 'ਸਿੱਧੂ' ਦੀਆਂ ਬਿਆਨਬਾਜ਼ੀਆਂ ਦਾ ਪੁਲੰਦਾ, ਬੋਲੇ ਹੁਣ ਬਰਦਾਸ਼ਤ ਕਰਨਾ ਸੰਭਵ ਨਹੀਂ       
ਖ਼ਾਸੀਅਤਾਂ
6 ਵਾਰ ਵਿਧਾਇਕ ਅਤੇ 2 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਕੈਪਟਨ ਅਮਰਿੰਦਰ
ਫ਼ੌਜ ਵਿਚ ਸੇਵਾ ਅਤੇ ਫ਼ੌਜੀ ਇਤਿਹਾਸ ਦੇ ਲੇਖਕ ਕੈਪਟਨ ਅਮਰਿੰਦਰ ਤਿੰਨ ਵੱਖ-ਵੱਖ ਹਲਕਿਆਂ ਤਲਵੰਡੀ ਸਾਬੋ, ਸਮਾਣਾ ਅਤੇ ਪਟਿਅਲਾ ਤੋਂ ਕੁੱਲ 6 ਵਾਰ ਵਿਧਾਇਕ ਅਤੇ ਪਟਿਆਲਾ ਅਤੇ ਅੰਮ੍ਰਿਤਸਰ ਤੋਂ ਇਕ-ਇਕ ਵਾਰ ਸੰਸਦ ਮੈਂਬਰ ਚੁਣੇ ਜਾ ਚੁੱਕੇ ਹਨ। ਲੋਕ ਸਭਾ ਵਿਚ ਕਾਂਗਰਸ ਦਲ ਦੇ ਉਪ ਨੇਤਾ ਰਹੇ। ਆਪ੍ਰੇਸ਼ਨ ਬਲੂ ਸਟਾਰ ਦੇ ਵਿਰੋਧ ਵਿਚ ਕਾਂਗਰਸ ਹੀ ਨਹੀਂ ਸਗੋਂ ਲੋਕ ਸਭਾ ਮੈਂਬਰੀ ਤੱਕ ਤੋਂ ਅਸਤੀਫ਼ਾ ਦੇ ਕੇ ਪੰਥਕ ਅਕਸ ਬਣਾਇਆ। ਅਕਾਲੀ ਦਲ ਦੇ ਮੁਕਾਬਲੇ ਵਿਚ ਕਾਂਗਰਸ ਵਿਚ ਅਜਿਹੇ ਨੇਤਾ ਜਿਨ੍ਹਾਂ ਦਾ ਸਿੱਖਾਂ ਵਿਚ ਵੀ ਠੋਸ ਜਨਾਧਾਰ ਹੈ। ਪੰਜਾਬ ਵਿਚ 20 ਸਾਲ ਤੋਂ ਕਾਂਗਰਸ ਦੇ ਅਜਿਹੇ ਇੱਕਲੌਤੇ ਨੇਤਾ ਹਨ, ਜਿਨ੍ਹਾਂ ਦਾ ਬਦਲ ਪਾਰਟੀ ਕੋਲ ਨਹੀਂ ਹੈ।
ਤੇਜ਼ ਤਰਾਰ ਭਾਸ਼ਣ ਲਈ ਪੰਜਾਬ ਦੇ ਬਾਹਰ ਵੀ ਸਿੱਧੂ ਦੇ ਕਈ ਮੁਰੀਦ
ਨਵਜੋਤ ਸਿੰਘ ਸਿੱਧੂ ਦੇ ਤੇਜ਼-ਤਰਾਰ ਭਾਸ਼ਣ ਲਈ ਪੰਜਾਬ ਦੇ ਬਾਹਰ ਵੀ ਉਨ੍ਹਾਂ ਦੇ ਕਈ ਮੁਰੀਦ ਹਨ। ਉਨ੍ਹਾਂ ਵਰਗੇ ਮੁਹਾਵਰਿਆਂ-ਸ਼ਾਇਰੀ ਨਾਲ ਸਜੀ ਲੱਛੇਦਾਰ ਭਾਸ਼ਣ ਸ਼ੈਲੀ ਕਿਸੇ ਕੋਲ ਨਹੀਂ ਹੈ। ਤਿੰਨ ਵਾਰ ਲੋਕਸਭਾ, ਇਕ ਵਾਰ ਰਾਜ ਸਭਾ ਅਤੇ ਇਕ ਵਾਰ ਵਿਧਾਇਕ ਚੁਣੇ ਗਏ ਹਨ। ਕੁੱਝ ਅਕਾਲੀ ਨੇਤਾਵਾਂ ਨਾਲ ਤਿੱਖੇ ਮਤਭੇਦ ਭਾਜਪਾ ਲੀਡਰਸ਼ਿਪ ਨਹੀਂ ਸੁਲਝਾ ਸਕੀ ਤਾਂ ਪਾਰਟੀ ਹੀ ਛੱਡ ਦਿੱਤੀ। ਜਨਤਾ ਵਿਚ ਇਮਾਨਦਾਰ ਅਕਸ ਬਣਾਈ ਰੱਖਣ ਵਿਚ ਹੁਣ ਤੱਕ ਕਾਮਯਾਬ ਰਹੇ ਹਨ। ਕਾਂਗਰਸ ਵਿਚ ਆਉਣ ਦੇ ਸਿਰਫ਼ 4 ਸਾਲਾਂ ਦੇ ਅੰਦਰ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਪੇਸ਼ ਕੀਤੀ।

ਇਹ ਵੀ ਪੜ੍ਹੋ : ਸਾਵਧਾਨ! ਪੰਜਾਬ 'ਚ 'ਕੋਰੋਨਾ' ਘੱਟਦੇ ਹੀ 'ਨਵੀਂ ਆਫ਼ਤ' ਸ਼ੁਰੂ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਕਮੀਆਂ
ਜਨਤਾ ਨਾਲ ਮਿਲਣਾ ਤਾਂ ਦੂਰ, ਸੰਸਦ ਮੈਂਬਰਾਂ-ਮੰਤਰੀਆਂ ਤਕ ਤੋਂ ਬਣਾ ਕੇ ਰੱਖਦੇ ਹਨ ਦੂਰੀ
ਕੈਪਟਨ ਅਮਰਿੰਦਰ ਆਮ ਲੋਕਾਂ ਨੂੰ ਮਿਲਣਾ ਤਾਂ ਦੂਰ, ਪਾਰਟੀ ਦੇ ਸੰਸਦ ਮੈਂਬਰਾਂ-ਮੰਤਰੀਆਂ ਤਕ ਤੋਂ ਦੂਰੀ ਬਣਾ ਕੇ ਰੱਖਦੇ ਹਨ। ਕੁੱਝ ਖਾਸਮਖਾਸ ਲੋਕਾਂ ਨਾਲ ਘਿਰੇ ਰਹਿਣ ਦੇ ਦੋਸ਼ ਉਨ੍ਹਾਂ ’ਤੇ ਪਿਛਲੀ ਸਰਕਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਲੱਗੇ ਹਨ। ਪਹਿਲਾਂ ਵਰਗੇ ਤੇਵਰ ਉਨ੍ਹਾਂ ਦੇ ਇਸ ਕਾਰਜਕਾਲ ਵਿਚ ਨਜ਼ਰ ਨਹੀਂ ਆਉਂਦੇ। ਹੋਰ ਨੇਤਾਵਾਂ ਦੀ ਤਰ੍ਹਾਂ ਬਾਹਰ ਨਿਕਲ ਕੇ ਰਾਜ ਵਿਚ ਨਹੀਂ ਘੁੰਮਦੇ। ਕੇਵਲ ਚੋਣਾਂ ਸਮੇਂ ਹੀ ਸਰਗਰਮ ਹੋਣ ਦਾ ਦੋਸ਼। ਪਾਰਟੀ ਵਿਚ ਕਿਸੇ ਨੂੰ ਆਪਣੇ ਬਰਾਬਰ ਆਉਣ ਨਹੀਂ ਦਿੱਤਾ, ਜਿਸ ਨਾਲ ਹਾਈਕਮਾਨ ਨੂੰ ਹਰ ਵਾਰ ਉਨ੍ਹਾਂ ਦਾ ਹੀ ਮੂੰਹ ਤੱਕਣਾ ਪੈਂਦਾ ਹੈ। ਸਾਥੀ ਨੇਤਾਵਾਂ ਦੀ ਬਜਾਏ ਅਫ਼ਸਰਾਂ ’ਤੇ ਜ਼ਿਆਦਾ ਭਰੋਸਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਬਿਜਲੀ ਸੰਕਟ ਦੌਰਾਨ ਸਰਕਾਰ ਨੇ PSPCL ਨੂੰ ਜਾਰੀ ਕੀਤੀ ਵਾਧੂ ਰਕਮ
ਸੰਗਠਨ ਚਲਾਉਣ ਦੇ ਅਨੁਭਵ ਦੀ ਕਮੀ, ਪ੍ਰਚਾਰ ਤੋਂ ਇਲਾਵਾ ਕੁਝ ਨਹੀਂ ਕੀਤਾ
ਨਵਜੋਤ ਸਿੱਧੂ : ਸਵਾ 2 ਸਾਲ ਮੰਤਰੀ ਰਹਿਣ ਤੋਂ ਇਲਾਵਾ ਖਾਸ ਪ੍ਰਬੰਧਕੀ ਅਨੁਭਵ ਨਹੀਂ। ਸੰਗਠਨ ਚਲਾਉਣ ਦੇ ਅਨੁਭਵ ਦੀ ਕਮੀ, ਪਾਰਟੀ ਲਈ ਪ੍ਰਚਾਰ ਤੋਂ ਇਲਾਵਾ ਕੁਝ ਨਹੀਂ ਕੀਤਾ। 2014 ਦੀਆਂ ਲੋਕਸਭਾ ਚੋਣਾਂ ਵਿਚ ਟਿਕਟ ਕੱਟੀ ਤਾਂ ਅੰਮ੍ਰਿਤਸਰ ਵਿਚ ਅਰੁਣ ਜੇਟਲੀ ਦੇ ਚੋਣ ਪ੍ਰਚਾਰ ਤੋਂ ਦੂਰ ਰਹੇ। ਤਤਕਾਲੀ ਵਿਧਾਇਕ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਦੇ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਜੇਟਲੀ ਨੂੰ ਉਦੋਂ ਕਰੀਬ 28,000 ਵੋਟਾਂ ਮਿਲੀਆਂ ਅਤੇ ਉਨ੍ਹਾਂ ਦੇ ਮੁਕਾਬਲੇ ਅਮਰਿੰਦਰ ਨੂੰ 60,000 ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ। ਇਸ ਕਾਰਨ ਜ਼ਰੂਰਤ ਦੇ ਸਮੇਂ ਸਾਥ ਛੱਡਣ ਦੇ ਦੋਸ਼ਾਂ ਨਾਲ ਘਿਰੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News