ਅਹਿਮ ਖ਼ਬਰ : ''ਨਵਜੋਤ ਸਿੱਧੂ'' ਦੇ ਤਾਬੜਤੋੜ ਹਮਲੇ ਬਰਕਰਾਰ, ਕੈਪਟਨ ਨੂੰ ਹਾਈਕਮਾਨ ਦੇ ਫ਼ੈਸਲੇ ਦਾ ਇੰਤਜ਼ਾਰ

Saturday, Jul 03, 2021 - 10:10 AM (IST)

ਚੰਡੀਗੜ੍ਹ (ਅਸ਼ਵਨੀ) : ਦਿੱਲੀ ਵਿਚ ਰਾਹੁਲ-ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੀ ਨਵਜੋਤ ਸਿੱਧੂ ਦੇ ਹਮਲਾਵਰ ਤੇਵਰ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਇੱਕ ਦਿਨ ਹੀ ਚੁੱਪੀ ਤੋਂ ਬਾਅਦ ਹੀ ਸਿੱਧੂ ਨੇ ਫਿਰ ਬਿਜਲੀ ਕਟੌਤੀ ਦੇ ਮਸਲੇ ’ਤੇ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬੇਸ਼ੱਕ ਸਿੱਧੂ ਦੇ ਇਸ ਤਾਬੜਤੋੜ ਹਮਲੇ ਨੂੰ ਲੈ ਕੇ ਕੈਪਟਨ ਵਿਰੋਧੀ ਉਤਸ਼ਾਹਿਤ ਹਨ ਪਰ ਸਿੱਧੂ ਦੀ ਇਸ ਤਿੱਖੀ ਬਿਆਨਬਾਜ਼ੀ ਨਾਲ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਦਾ ਬਜ਼ਾਰ ਭਖ ਗਿਆ ਹੈ। ਇਹ ਚਰਚਾ ਇਸ ਲਈ ਵੀ ਅਹਿਮ ਹੈ ਕਿਉਂਕਿ ਕਾਂਗਰਸ ਹਾਈਕਮਾਨ ਇਸ ਸਮੇਂ ਪੰਜਾਬ ਨੂੰ ਲੈ ਕੇ ਆਖ਼ਰੀ ਫ਼ੈਸਲਾ ਸੁਣਾਉਣ ਦੀ ਤਿਆਰੀ ਵਿਚ ਲੱਗੀ ਹੈ।

ਇਹ ਵੀ ਪੜ੍ਹੋ : ਜਲੰਧਰ ਦੀ ਸਿਆਸਤ 'ਚ ਅੱਜ ਵੱਡੀ ਹਲਚਲ ਦੇ ਆਸਾਰ! 'ਸੁਖਬੀਰ' ਕਰ ਸਕਦੇ ਨੇ ਵੱਡਾ ਧਮਾਕਾ

ਖ਼ਾਸ ਤੌਰ ’ਤੇ ਨਵਜੋਤ ਸਿੰਘ ਸਿੱਧੂ ’ਤੇ ਸਭ ਦੀ ਨਜ਼ਰਾਂ ਟਿਕੀਆਂ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਸਿੱਧੂ ਹਾਈਕਮਾਨ ਦਾ ਫ਼ੈਸਲਾ ਆਉਣ ’ਤੇ ਚੁੱਪ ਮੁਦਰਾ ਅਖ਼ਤਿਆਰ ਕਰ ਸਕਦੇ ਹਨ। ਅਜਿਹਾ ਇਸ ਲਈ ਵੀ ਕਿ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਦੇ ਬਾਅਦ ਚਰਚਾ ਸੀ ਕਿ ਹਾਈਕਮਾਨ ਨੇ ਸਿੱਧੂ ਨੂੰ ਫਿਲਹਾਲ ਸਰਕਾਰ ਖ਼ਿਲਾਫ਼ ਬਿਆਨਬਾਜ਼ੀ ਤੋਂ ਪਰਹੇਜ਼ ਕਰਨ ਲਈ ਕਿਹਾ ਹੈ। ਇਸ ਦੇ ਠੀਕ ਉਲਟ, ਸਿੱਧੂ ਨੇ ਸ਼ੁੱਕਰਵਾਰ ਨੂੰ ਆਪਣੇ ਅੰਦਾਜ਼ ਵਿਚ ਤਿੱਖੇ ਤੇਵਰ ਦਿਖਾਉਂਦੇ ਹੋਏ ਇੱਕ ਵਾਰ ਫਿਰ ਸਿੱਧਾ ਸਰਕਾਰ ’ਤੇ ਹਮਲਾ ਬੋਲਿਆ ਹੈ। ਇਸ ਲਈ ਚਰਚਾਵਾਂ ਦਾ ਬਜ਼ਾਰ ਗਰਮ ਹੈ ਕਿ ਕੀ ਹਾਈਕਮਾਨ ਸਿੱਧੂ ਦੇ ਮਨ ਮੁਤਾਬਕ ਫ਼ੈਸਲਾ ਸੁਣਾਉਣ ਜਾ ਰਿਹਾ ਹੈ ਜਾਂ ਨਹੀਂ। ਕੀ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਜਾਂ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਤੋਂ ਇਲਾਵਾ ਕੰਪੇਨ ਕਮੇਟੀ ਦਾ ਇੰਚਾਰਜ ਲਾਉਣ ’ਤੇ ਮੰਥਨ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਆਪਣੇ-ਆਪਣੇ ਮਾਇਨੇ ਕੱਢੇ ਜਾ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀ 'ਇੰਡਸਟਰੀ' ਲਈ ਬਿਜਲੀ ਸੰਕਟ ਦੌਰਾਨ ਫਿਰ ਨਵੇਂ ਹੁਕਮ ਜਾਰੀ, ਜੁਰਮਾਨਿਆਂ ਦੇ ਵੀ ਆਰਡਰ

ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਸਿੱਧੂ ਨੂੰ ਅਹਿਮ ਜ਼ਿੰਮੇਵਾਰੀ ਦੇਣ ’ਤੇ ਮੋਹਰ ਲਾ ਚੁੱਕੀ ਹੈ। ਇਸ ਲਈ ਸਿੱਧੂ ਦੇ ਹਮਲਾਵਰ ਤੇਵਰ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਉੱਥੇ ਹੀ, ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਸਿੱਧੂ ਦੇ ਮਨ ਮੁਤਾਬਕ ਫ਼ੈਸਲੇ ਦੇ ਹੱਕ ਵਿਚ ਨਹੀਂ ਹੈ, ਇਸ ਲਈ ਸਿੱਧੂ ਚੁੱਪੀ ਸਾਧਣ ਦੀ ਬਜਾਏ ਸਿੱਧਾ ਖੁੱਲ੍ਹ ਕੇ ਬੱਲੇਬਾਜ਼ੀ ਕਰ ਰਹੇ ਹਨ। ਫਿਲਹਾਲ, ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਕਹਿ ਚੁੱਕੇ ਹਨ ਕਿ ਪੰਜਾਬ ਕਾਂਗਰਸ ਨੂੰ ਲੈ ਕੇ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਪੂਰੀ ਤਸਵੀਰ ਸਾਫ਼ ਹੋ ਜਾਵੇਗੀ। ਅਜਿਹੇ ਵਿਚ ਹੁਣ ਵੇਖਣਾ ਇਹ ਹੋਵੇਗਾ ਕਿ ਸਿੱਧੂ ਨੂੰ ਕੋਈ ਅਹਿਮ ਜ਼ਿੰਮੇਵਾਰੀ ਮਿਲਦੀ ਹੈ ਜਾਂ ਬਿਆਨਬਾਜ਼ੀਆਂ ਦਾ ਇਹ ਦੌਰ ਹਾਲੇ ਲੰਬਾ ਚੱਲੇਗਾ।

ਇਹ ਵੀ ਪੜ੍ਹੋ : ਰਾਹੁਲ-ਸਿੱਧੂ ਦੀ ਮੁਲਾਕਾਤ ਮਗਰੋਂ ਭਖਿਆ ਪੰਜਾਬ 'ਚ ਸਿਆਸੀ ਪਾਰਾ, 'ਕੈਪਟਨ' ਵੱਲੋਂ ਵੱਡਾ ਸ਼ਕਤੀ ਪ੍ਰਦਰਸ਼ਨ (ਤਸਵੀਰਾਂ)
ਕਮੇਟੀ ਦਾ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ
ਉੱਧਰ, ਸ਼ੁੱਕਰਵਾਰ ਨੂੰ ਇੱਕ ਖੇਮੇ ਵਿਚ ਇਹ ਵੀ ਚਰਚਾ ਰਹੀ ਕਿ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ’ਤੇ ਤਾਇਨਾਤ ਕਰਨ ਦੀ ਲਗਭਗ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਇਸ ਕੜੀ ਵਿਚ ਹਿੰਦੂ ਚਿਹਰੇ ਅਤੇ ਦਲਿਤ ਚਿਹਰੇ ਨੂੰ ਕਾਰਜਕਾਰੀ ਪ੍ਰਧਾਨ ਦੇ ਅਹੁਦੇ ’ਤੇ ਤਾਇਨਾਤ ਕੀਤਾ ਜਾ ਸਕਦਾ ਹੈ। ਚਰਚਾ ਇਹ ਵੀ ਰਹੀ ਕਿ ਦਲਿਤ ਵੋਟ ਬੈਂਕ ਨੂੰ ਸਾਧਣ ਲਈ ਛੇਤੀ ਹੀ ਮੰਤਰੀ ਮੰਡਲ ਵਿਚ ਫੇਰਬਦਲ ਕਰ ਕੇ ਦਲਿਤ ਵਰਗ ਦੇ ਆਗੂ ਨੂੰ ਉਪ ਮੁੱਖ ਮੰਤਰੀ ਦਾ ਜ਼ਿੰਮਾ ਦਿੱਤਾ ਜਾ ਸਕਦਾ ਹੈ। ਹਾਲਾਂਕਿ ਦੇਰ ਰਾਤ ਤੱਕ ਪਾਰਟੀ ਹਾਈਕਮਾਨ ਦੇ ਪੱਧਰ ’ਤੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News