‘ਬਾਦਲਾਂ’ ਦੇ ਸਟਾਈਲ ’ਚ ਕੈਪਟਨ ਦੀ ਸਿੱਧੂ ਨੂੰ ‘ਚਿੱਤ’ ਕਰਨ ਦੀ ਤਿਆਰੀ

Wednesday, Apr 28, 2021 - 01:05 AM (IST)

ਪਟਿਆਲਾ (ਰਾਜੇਸ਼ ਪੰਜੌਲਾ)-ਜਿਸ ਸਟਾਈਲ ਵਿਚ ਬਾਦਲ ਪਰਿਵਾਰ ਨੇ 2012 ਵਿਚ ਸਰਕਾਰ ਰਪੀਟ ਕੀਤੀ ਸੀ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਸਿਆਸੀ ਤੌਰ ’ਤੇ ਚਿੱਤ ਕੀਤਾ ਸੀ, ਉਸੇ ਸਟਾਈਲ ਵਿਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਸਾਬਕਾ ਕ੍ਰਿਕਟਰ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚਿੱਤ ਕਰਨ ਦੀ ਵਿਉਂਤਬੰਦੀ ਬਣਾ ਰਹੇ ਹਨ। ਕੈ. ਅਮਰਿੰਦਰ ਸਿੰਘ ਵਲੋਂ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਸਿੱਧੂ ’ਤੇ ਵੱਡਾ ਸਿਆਸੀ ਵਾਰ ਕੋਈ ਅਚਾਨਕ ਨਹੀਂ ਕੀਤਾ ਗਿਆ ਸਗੋਂ ਉਨ੍ਹਾਂ ਦੀ ਇਕ ਸੋਚੀ ਸਮਝੀ ਰਾਜਨੀਤੀ ਹੈ। ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਦੇ ਸ਼ਹਿਰ ਵਿਚ ਪ੍ਰੈਸ ਕਾਨਫਰੰਸਾਂ ਕਰਕੇ ਅਤੇ ਟਵੀਟਰ ਵਾਰ ਰਾਹੀਂ ਕੈ. ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਸਿੱਧੂ ਦੀ ਇਸ ਘੇਰਾਬੰਦੀ ਕਾਰਨ ਕਾਂਗਰਸ ਪਾਰਟੀ ਬੇਹੱਦ ਚਿੰਤਤ ਸੀ ਪਰ ਕੈਪਟਨ ਬਿਲਕੁਲ ਚੁੱਪ ਸਨ। ਅੱਜ ਉਨ੍ਹਾਂ ਨੇ ਸਿੱਧੂ ’ਤੇ ਜੋ ਵਾਰ ਕੀਤਾ ਹੈ, ਉਹ ਉਨ੍ਹਾਂ ਦੀ ਉਸੇ ਤਰ੍ਹਾਂ ਦੀ ਰਾਜਨੀਤੀ ਦਾ ਹਿੱਸਾ ਹੈ, ਜਿਸ ਤਰੀਕੇ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2012 ਦੀਆਂ ਚੋਣਾਂ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨਾਲ ਕੀਤਾ ਸੀ। ਸਿੱਧੂ ਵੀ ਕੈਬਨਿਟ ਮੰਤਰੀ ਦੀ ਕੁਰਸੀ ਛੱਡ ਕੇ ਆਪਣੇ ਭਵਿੱਖ ਲਈ ਮੈਦਾਨ ਵਿਚ ਉਤਰੇ ਹਨ, ਉਸੇ ਤਰਜ ’ਤੇ ਮਨਪ੍ਰੀਤ ਸਿੰਘ ਬਾਦਲ ਵੀ ਮੈਦਾਨ ਵਿਚ ਉਤਰੇ ਸਨ।

ਸਿਆਸੀ ਮਾਹਰਾਂ ਅਨੁਸਾਰ ਕੈਪਟਨ ਨੂੰ ਇਸ ਗੱਲ ਦਾ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਜੁਆਇਨ ਨਹੀਂ ਕਰਵਾ ਰਹੀ ਅਤੇ ਕਿਸਾਨ ਅੰਦੋਲਨ ਕਾਰਨ ਭਾਜਪਾ ਦਾ ਪੰਜਾਬ ਵਿਚ ਕੋਈ ਭਵਿੱਖ ਨਹੀਂ। ਅਜਿਹੇ ਵਿਚ ਜੇਕਰ ਸਿੱਧੂ ਕਾਂਗਰਸ ਛੱਡ ਕੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਪਾਰਟੀ ਬਣਾਉਣੀ ਪਵੇਗੀ ਅਤੇ ਉਸ ਪਾਰਟੀ ਦਾ ਹਾਲ ਉਸੇ ਤਰ੍ਹਾਂ ਹੋਵੇਗਾ, ਜਿਸ ਤਰ੍ਹਾਂ ਦਾ ਹਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਵਲੋਂ ਬਣਾਈ ਗਈ ਪੰਜਾਬ ਪੀਪਲਜ਼ ਪਾਰਟੀ (ਪੀ. ਪੀ. ਪੀ.) ਦਾ ਹੋਇਆ ਸੀ। ਮਨਪ੍ਰੀਤ ਬਾਦਲ ਦੀ ਇਸ ਪੀ. ਪੀ. ਪੀ. ਕਾਰਨ ਹੀ 2012 ਵਿਚ ਅਕਾਲੀ ਦਲ ਦੀ ਸਰਕਾਰ ਰਪੀਟ ਹੋਈ ਸੀ। ਹਾਲਾਂਕਿ ਅਕਾਲੀ ਦਲ ਦੇ ਖਿਲਾਫ ਵੱਡੀ ਲਹਿਰ ਸੀ ਪਰ ਜਿਹਡ਼ੇ ਵੋਟਰ ਬਾਦਲ ਸਰਕਾਰ ਤੋਂ ਦੁਖੀ ਸਨ, ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਤੀਜੇ ਬਦਲ ਦੇ ਰੂਪ ਵਿਚ ਦੇਖਦੇ ਹੋਏ ਪੀ. ਪੀ. ਪੀ. ਨੂੰ ਵੋਟ ਕੀਤਾ, ਜਿਸ ਕਾਰਨ ਬਾਦਲ ਵਿਰੋਧੀ ਵੋਟਾਂ ਵੰਡੀਆਂ ਗਈਆਂ ਅਤੇ ਨਾਰਾਜ਼ ਵੋਟ ਮਨਪ੍ਰੀਤ ਸਿੰਘ ਬਾਦਲ ਲੈ ਗਿਆ। ਜੇਕਰ ਇਹ ਨਾਰਾਜ਼ ਵੋਟ ਕਾਂਗਰਸ ਵੱਲ ਚਲੀ ਜਾਂਦੀ ਤਾਂ 2012 ਵਿਚ ਕੈ. ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਜਾਂਦੇ। ਇਸੇ ਰਣਨੀਤੀ ਦੇ ਤਹਿਤ ਕੈਪਟਨ ਚਾਹੁੰਦੇ ਹਨ ਕਿ ਸਿੱਧੂ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾ ਲਵੇ ਤਾਂ ਜੋ ਕਾਂਗਰਸ ਸਰਕਾਰ ਤੋਂ ਨਾਰਾਜ਼ ਵੋਟ ਆਮ ਆਦਮੀ ਪਾਰਟੀ ਦੀ ਬਜਾਏ ਸਿੱਧੂ ਦੀ ਪਾਰਟੀ ਕੋਲ ਚਲੇ ਜਾਣ ਅਤੇ ਫਿਰ ਤੋਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣ ਸਕੇ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ 895 ਮੌਤਾਂ ਨਾਲ ਕੋਰੋਨਾ ਨੇ ਤੋੜਿਆ ਰਿਕਾਰਡ, 24 ਘੰਟੇ 'ਚ ਆਏ ਇੰਨੇ ਨਵੇਂ ਮਾਮਲੇ
ਇਕ ਘਾਗ ਸਿਆਸਤਦਾਨ ਵਾਂਗ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੈਪਟਨ ਨੇ ਸਿੱਧੂ ਨੂੰ ਕੈਬਨਿਟ ਵਜੀਰੀ ਛੱਡਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਉਹ ਸਿੱਧੂ ਦੇ ਖਿਲਾਫ ਕੁੱਝ ਨਹੀਂ ਬੋਲੇ। ਜਾਣਬੂਝ ਕੇ ਸਿੱਧੂ ਦੇ ਹੱਕ ਵਿਚ ਬਿਆਨਬਾਜ਼ੀ ਕਰਦੇ ਰਹੇ। ਕਦੇ ਸਿੱਧੂ ਨੂੰ ਆਪਣਾ ਬੇਟਾ ਕਹਿੰਦੇ ਰਹੇ ਅਤੇ ਕਦੇ ਉਨ੍ਹਾਂ ਦੀ ਤਾਰੀਫ ਕਰਦੇ ਰਹੇ। ਇਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਸਿੱਧੂ ਨੂੰ ਕਦੇ ਚਾਹ ’ਤੇ ਅਤੇ ਕਦੇ ਡਿਨਰ ’ਤੇ ਬੁਲਾ ਕੇ ਇਕ ਤਰ੍ਹਾਂ ਨਾਲ ਸਿੱਧੂ ਨੂੰ ਸਿਆਸੀ ਤੌਰ ’ਤੇ ਕਮਜ਼ੋਰ ਕੀਤਾ ਗਿਆ। ਜਾਣਬੂਝ ਕੇ ਸਿੱਧੂ ਨੂੰ ਕੈਪਟਨ ਨੇ ਆਪਣੇ ਨਿਵਾਸ ’ਤੇ ਬੁਲਾ ਕੇ ਉਸ ਨਾਲ ਮੀਟਿੰਗਾਂ ਕੀਤੀਆਂ ਅਤੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਸਿੱਧੂ ਨੂੰ ਪੰਜਾਬ ਦੇ ਮਸਲਿਆਂ ਬਾਰੇ ਨਹੀਂ ਸਗੋਂ ਡਿਪਟੀ ਮੁੱਖ ਮੰਤਰੀ ਜਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦੀ ਚਿੰਤਾ ਹੈ।

ਇਨ੍ਹਾਂ ਮੀਟਿੰਗਾਂ ਨਾਲ ਸਿੱਧੂ ਦਾ ਸਿਆਸੀ ਤੌਰ ’ਤੇ ਨੁਕਸਾਨ ਵੀ ਹੋਇਆ। ਪੰਜਾਬ ਵਿਚ ਬਾਰਦਾਨੇ ਦੀ ਕਮੀ ਅਤੇ ਹਾਈਕੋਰਟ ਵਲੋਂ ਬਰਗਾਡ਼ੀ ਮਾਮਲੇ ’ਤੇ ਸੂਬਾ ਸਰਕਾਰ ਨੂੰ ਲਾਈ ਗਈ ‘ਠਿੱਬੀ’ ਕਾਰਨ ਕਾਂਗਰਸ ਸਰਕਾਰ ਦੀ ਕਾਫੀ ਕਿਰਕਿਰੀ ਹੋਈ। ਇਸ ਕਿਰਕਿਰੀ ਕਾਰਨ ਕਾਂਗਰਸ ਪੂਰੀ ਤਰ੍ਹਾਂ ਘਬਰਾ ਗਈ। ਇਸ ਡੈਮੇਜ ਨੂੰ ਹੀ ਕੰਟਰੋਲ ਕਰਨ ਲਈ ਕੈ. ਅਮਰਿੰਦਰ ਸਿੰਘ ਨੇ ਸਹੀ ਸਮੇਂ ’ਤੇ ਸਿੱਧੂ ਦੇ ਖਿਲਾਫ ਇਹ ਬਿਆਨ ਦੇ ਕੇ ਪੰਜਾਬ ਵਿਚ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਕੈ. ਅਮਰਿੰਦਰ ਸਿੰਘ ਆਪਣੀ ਰਣਨੀਤੀ ਵਿਚ ਕਾਮਯਾਬ ਹੁੰਦੇ ਹਨ ਜਾਂ ਨਹੀਂ ਪਰ ਕੈਪਟਨ ਦੇ ਬਿਆਨ ਤੋਂ ਬਾਅਦ ਸਿੱਧੂ ਨੇ ਨਪੇ ਤੁਲੇ ਸ਼ਬਦਾਂ ਵਿਚ ਜੋ ਟਵੀਟ ਕੀਤਾ ਹੈ, ਉਹ ਟਵੀਟ ਹਰ ਪੰਜਾਬੀ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਟੁੰਬਣ ਵਾਲਾ ਹੈ। ਸਿੱਧੂ ਦਾ ਸਿਆਸੀ ਕੱਦ ਅਤੇ ਉਸ ਦੀ ਛਵੀ ਮਨਪ੍ਰੀਤ ਬਾਦਲ ਨਾਲੋਂ ਵੱਡੀ ਹੈ। ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਹਨ। ਸਿੱਧੂ ਦਾ ਹਰ ਟਵੀਟ ਖਬਰ ਬਣ ਰਿਹਾ ਹੈ। ਅਜਿਹੇ ਵਿਚ ਸਿੱਧੂ ਚੁੱਪ ਕਰਕੇ ਬੈਠਣ ਵਾਲੇ ਨਹੀਂ। ਕੈਪਟਨ ਸਿੱਧੂ ਦੀ ਇਸ ਲਡ਼ਾਈ ਦਾ ਕਾਂਗਰਸ ਨੂੰ ਨੁਕਸਾਨ ਹੀ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕਾਂਗਰਸੀਆਂ ਦੇ ਇਕ ਵੱਡੇ ਵਰਗ ਦਾ ਮੰਨਣਾ ਹੈ ਕਿ ਸਿੱਧੂ ਤੋਂ ਬਿਨਾਂ ਕਿਸੇ ਵੀ ਹਾਲਤ ਵਿਚ ਸਰਕਾਰ ਰਪੀਟ ਨਹੀਂ ਹੋ ਸਕਦੀ।


Sunny Mehra

Content Editor

Related News