ਪੁਲਵਾਮਾ 'ਚ ਸ਼ਹੀਦ ਹੋਏ ਰਾਜਵਿੰਦਰ ਸਿੰਘ ਦੇ ਪਰਿਵਾਰ ਲਈ ਕੈਪਟਨ ਦਾ ਵੱਡਾ ਐਲਾਨ
Wednesday, Jul 08, 2020 - 01:49 PM (IST)
ਪਟਿਆਲਾ : ਪਟਿਆਲਾ ਦੇ ਪਿੰਡ ਦੋਦੜਾ ਵਾਸੀ ਭਾਰਤੀ ਫੌਜ ਦੇ 24 ਪੰਜਾਬ ਰੈਜੀਮੈਂਟ ਦੇ ਜਵਾਨ ਰਾਜਵਿੰਦਰ ਸਿੰਘ ਨੇ ਕਸ਼ਮੀਰ 'ਚ ਅੱਤਵਾਦੀਆਂ ਨਾਲ ਲੜਦਿਆਂ ਦੇਸ਼ ਤੋਂ ਜਾਨ ਵਾਰ ਦਿੱਤੀ। 53 ਰਾਸ਼ਟਰੀਆ ਰਾਈਫਲਜ਼ (24 ਪੰਜਾਬ) ਦੇ ਨਾਇਕ ਰਾਜਵਿੰਦਰ ਸਿੰਘ ਦੇ ਪਰਿਵਾਰ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 50 ਲੱਖ ਰੁਪਏ ਦੇ ਐਕਸ ਗ੍ਰੇਸ਼ੀਆ ਮੁਆਵਜ਼ੇ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਪਟਨ ਨੇ ਸ਼ਹੀਦ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕੀਤੀ ਹੈ। ਨਾਇਕ ਰਾਜਵਿੰਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਖੇਤਰ 'ਚ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦਿਆਂ ਅੱਤਵਾਦੀਆਂ ਨਾਲ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਸੂਬਾ ਸਰਕਾਰ ਉਨ੍ਹਾਂ ਦੀ ਹਰ ਸੰਭਵ ਮੱਦਦ ਅਤੇ ਸਹਿਯੋਗ ਦੇਵੇਗੀ। ਨਾਇਕ ਰਾਜਵਿੰਦਰ ਸਿੰਘ ਆਪਣੇ ਪਿੱਛੇ ਮਾਪੇ, ਪਤਨੀ ਗੁਰਪ੍ਰੀਤ ਕੌਰ ਤੇ ਭਰਾ ਬਲਵੰਤ ਸਿੰਘ ਨੂੰ ਛੱਡ ਗਏ।
ਇਹ ਵੀ ਪੜ੍ਹੋ : ਮੋਗਾ 'ਚ ਕੋਰੋਨਾ ਕਹਿਰ ਨੂੰ ਦੇਖਦਿਆਂ ਸੀਲ ਕੀਤਾ ਗਿਆ ਇਹ ਇਲਾਕਾ
ਸ਼ਹੀਦ ਸੈਨਿਕ 24 ਮਾਰਚ, 2011 ਨੂੰ ਪੰਜਾਬ ਰੈਜੀਮੈਂਟ 'ਚ ਸ਼ਾਮਲ ਹੋਇਆ ਸੀ ਅਤੇ ਸਿਖਲਾਈ ਪੂਰੀ ਕਰਨ ਤੋਂ ਬਾਅਦ 24 ਪੰਜਾਬ ਜੁਆਇਨ ਕਰ ਲਈ ਸੀ। ਰਾਜਵਿੰਦਰ ਸਿੰਘ ਨੇ ਘਾਤਕ ਪਲਟੂਨ ਜਿਹੜੀ ਸਭ ਤੋਂ ਵੱਧ ਸਰੀਰਕ ਤੇ ਮਾਨਸਿਕ ਤੌਰ 'ਤੇ ਫਿੱਟ ਸਿਪਾਹੀਆਂ ਦਾ ਯੂਨਿਟ ਹੈ, 'ਚ ਸ਼ਾਨਦਾਰ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਉਸ ਨੇ ਆਪਣੀ ਇੱਛਾ ਨਾਲ 53 ਰਾਸ਼ਟਰੀਆ ਰਾਈਫਲਜ਼ ਦੇ ਕਾਊਂਟਰ ਟੈਰੋਰਿਸਜ਼ ਆਪ੍ਰੇਸ਼ਨ 'ਚ ਪੋਸਟਿੰਗ ਕਰਵਾ ਲਈ, ਜਿੱਥੇ ਉਸ ਨੇ ਜੰਮੂ-ਕਸ਼ਮੀਰ 'ਚ ਆਪਣਾ ਫਰਜ਼ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦ ਦੀ ਮ੍ਰਿਤਕ ਦੇਹ ਅੱਜ ਦੁਪਹਿਰ ਬਾਅਦ ਉਸ ਦੇ ਪਿੰਡ ਦੋਦੜਾ ਵਿਖੇ ਪੁੱਜੇਗੀ। ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਹਾਈਕੋਰਟ ਤੇ ਪੰਜਾਬ ਸਿਵਲ ਸਕੱਤਰੇਤ 'ਚ 'ਕੋਰੋਨਾ' ਕਾਰਨ ਹਾਹਾਕਾਰ, 500 ਅਫਸਰ ਇਕਾਂਤਵਾਸ