ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਵਾਅਦੇ ਪੂਰੇ ਨਹੀਂ ਕੀਤੇ : ਸੁਖਬੀਰ
Saturday, Mar 23, 2019 - 01:20 AM (IST)

ਸੁਨਾਮ, ਊਧਮ ਸਿੰਘ ਵਾਲਾ,(ਮੰਗਲਾ)- ਸ਼੍ਰੋ.ਅ.ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਨਾਮ ਦੇ ਮਹਾਰਾਜਾ ਪੈਲੇਸ ’ਚ ਪਾਰਟੀ ਵਰਕਰਾਂ ਦੇ ਰੂ-ਬ-ਰੂ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਵਿਨਰਜੀਤ ਸਿੰਘ ਗੋਲਡੀ, ਪ੍ਰਿਤਪਾਲ ਸਿੰਘ ਹਾਂਡਾ ਵੀ ਹਾਜ਼ਰ ਸਨ। ਇਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਰਾਜ ਵਿਚ ਕਾਂਗਰਸ ਪਾਰਟੀ ਵੱਲੋਂ ਬਣਾਇਆ ਗਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਸ ਨੇ ਸ੍ਰੀ ਗੁਟਕਾ ਸਾਹਿਬ ਜੀ ਦੀ ਸਹੁੰ ਖਾਦੀ ਸੀ ਕਿ ਉਹ ਸਰਕਾਰ ਬਣਦੇ ਹੀ ਘਰ-ਘਰ ਨੌਕਰੀ, ਬੇਰੋਜ਼ਗਾਰੀ ਭੱਤਾ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਗੇ ਪਰ ਸਰਕਾਰ ਬਣਦੇ ਹੀ ਉਹ ਆਪਣੀਆਂ ਸਾਰੀਆਂ ਗੱਲਾਂ ਭੁੱਲ ਗਏ ਅਤੇ ਜਿਸ ਕਾਰਨ ਰਾਜ ਦੇ ਕਿਸਾਨਾਂ ਨੂੰ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ ਕਿਉਂਕਿ ਕਿਸਾਨ ਭਰਾ ਬੈਂਕਾਂ ਦੇ ਡਿਫਾਲਟਰ ਹੋ ਗਏ ਹਨ ਅਤੇ ਅੱਜ ਕਿਸਾਨਾਂ ਨੂੰ ਬੈਂਕਾਂ ਤੋਂ ਕਰਜ਼ਾ ਨਹੀਂ ਮਿਲ ਰਿਹਾ ਪਰ ਕੈਪਟਨ ਸ਼ਾਇਦ ਭੁੱਲ ਗਏ ਹਨ ਕਿ ਲੋਕ ਸਭਾ ਚੋਣਾਂ ਅਜੇ ਬਾਕੀ ਹਨ ਅਤੇ ਅੱਜ ਇਨ੍ਹਾਂ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ ਕਿਉਂਕਿ ਇਹ ਚੋਣਾਂ ਅਕਾਲੀ-ਭਾਜਪਾ ਲਈ ਕਿਸੀ ਜੰਗ ਤੋਂ ਘੱਟ ਨਹੀਂ।
ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਜ਼ਿੰਦਗੀ ’ਤੇ ਤੰਜ ਕੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਰਜਵਾਡ਼ੀ ਸ਼ੌਕ ਤੋਂ ਜੇ ਫੁਰਸਤ ਮਿਲੇ ਤਾਂ ਹੀ ਉਹ ਰਾਜ ਵੱਲ ਧਿਆਨ ਦੇਣਗੇ। ਦੋ ਸਾਲਾਂ ’ਚ ਨਾ ਤਾਂ ਸਰਕਾਰ ਨੇ ਆਟਾ-ਦਾਲ, ਸਾਈਕਲ ਸਕੀਮ, ਖੇਡਾਂ ਦਾ ਸਾਮਾਨ, ਐੱਸ. ਸੀ. ਭਾਈਚਾਰੇ ਨੂੰ ਬਿਜਲੀ ਮੁਆਫ ਸੀ, ਉਹ ਵੀ ਬੰਦ ਕਰ ਦਿੱਤੀ ਗਈ। ਸੇਵਾ ਕੇਂਦਰ ਬੰਦ ਕਰ ਦਿੱਤੇ, ਮੁੱਖ ਮੰਤਰੀ ਤੀਰਥ ਯਾਤਰਾ ਬੰਦ ਕੀਤੀ ਆਦਿ ਬਹੁਤ ਸਾਰੀਆਂ ਸਕੀਮਾਂ ਸਰਕਾਰ ਵੱਲੋਂ ਬੰਦ ਕਰ ਦਿੱਤੀਆਂ ਗਈਆਂ।
ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਲਈ ਪਾਰਟੀ ਦੇ ਪ੍ਰਧਾਨ ਵੱਲੋਂ ਖੁਦ ਪਾਰਟੀ ਦੇ ਵਰਕਰਾਂ ਨਾਲ ਮਿਲ ਕੇ ਉਨ੍ਹਾਂ ’ਚ ਜੋਸ਼ ਭਰਿਆ ਜਾ ਰਿਹਾ ਹੈ। ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੀ ਹਾਲਤ ਖਰਾਬ ਕਰ ਦਿੱਤੀ ਗਈ ਹੈ, ਜਿਸ ਕਾਰਨ ਸੂਬੇ ਦੇ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ ਪਰ ਰਾਜ ਦੀ ਸਰਕਾਰ ਇਹ ਸਭ ਹੁੰਦੇ ਦੇਖ ਕੇ ਗੂੰਗੀ ਅਤੇ ਬਹਿਰੀ ਬਣ ਗਈ ਹੈ ਪਰ ਅਕਾਲੀ-ਭਾਜਪਾ ਦੀ ਸਰਕਾਰ ਦੇ ਸਮੇਂ ਲੋਕ ਸੁਖੀ ਸਨ।
ਆਮ ਆਦਮੀ ਪਾਰਟੀ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਨੇ ਉਨ੍ਹਾਂ ’ਤੇ ਵਿਸ਼ਵਾਸ ਕੀਤਾ ਪਰ ਅੱਜ ‘ਆਪ’ ਪਾਰਟੀ ਕਾਂਗਰਸ ਨਾਲ ਸਮਝੌਤਾ ਕਰਨ ਦੀ ਵਾਰ-ਵਾਰ ਕੋਸ਼ਿਸ਼ ਕਰ ਰਹੀ ਹੈ ਇਹ ਸਭ ਰਾਜਨੀਤਕ ਲਾਭ ਲੈਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਤੋਂ ਇਲਾਵਾ ਕਿਸੀ ਵੀ ਪਾਰਟੀ ਜਾਂ ਸਰਕਾਰ ਵੱਲੋਂ ਲੋਕਾਂ ਦੇ ਹੱਕ ਦੀ ਗੱਲ ਤੱਕ ਨਹੀਂ ਕੀਤੀ ਗਈ। ਆਉਣ ਵਾਲੀਆਂ ਚੋਣਾਂ ’ਚ ਉਨ੍ਹਾਂ ਵੱਲੋਂ ਨੇਤਾਵਾਂ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਰਵਿੰਦਰ ਸਿੰਘ ਚੀਮਾ, ਪ੍ਰਿਤਪਾਲ ਸਿੰਘ, ਸੁਨੀਤਾ ਸ਼ਰਮਾ, ਰਜਿੰਦਰ ਦੀਪਾ, ਹਰਪਾਲ ਸਿੰਘ ਖਡਿਆਲ, ਚਮਕੌਰ ਸਿੰਘ ਮੋਰਾਂਵਾਲੀ, ਅਛਰੂ ਗੋਇਲ, ਪਰਮਿੰਦਰ ਸਿੰਘ ਜਾਰਜ, ਨਰਿੰਦਰ ਸ਼ਰਮਾ, ਬਗੀਰਥ ਰਾਏ ਗੋਇਲ, ਨਗਰ ਕੌਂਸਲਰ ਦਰਸ਼ਨ ਸਿੰਘ, ਤਰਸੇਮ ਕੁਲਾਰ, ਗੁਰਪ੍ਰੀਤ ਸਿੰਘ ਲਖਮੀਰਵਾਲਾ ਆਦਿ ਹਾਜ਼ਰ ਸਨ।