ਕੈਪਟਨ ਵਲੋਂ ਲੁਧਿਆਣਾ ਦੀ ਕੇਂਦਰੀ ਜੇਲ 'ਚ ਵਾਪਰੀ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ

Thursday, Jun 27, 2019 - 11:58 PM (IST)

ਕੈਪਟਨ ਵਲੋਂ ਲੁਧਿਆਣਾ ਦੀ ਕੇਂਦਰੀ ਜੇਲ 'ਚ ਵਾਪਰੀ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ

ਚੰਡੀਗੜ੍ਹ (ਅਸ਼ਵਨੀ)-ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ 'ਚ ਅੱਜ ਵਾਪਰੀ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਂਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਲੋਂ ਕੀਤੀ ਜਾਵੇਗੀ। ਇਸ ਘਟਨਾ 'ਚ ਇਕ ਕੈਦੀ ਦੇ ਮਾਰੇ ਜਾਣ ਜਦਕਿ 5 ਕੈਦੀਆਂ ਅਤੇ ਲਗਭਗ ਅੱਧੀ ਦਰਜਨ ਪੁਲਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਇਸ ਘਟਨਾ ਦੀ ਵਿਸਥਾਰ 'ਚ ਜਾਂਚ ਕਰਕੇ ਹਿੰਸਾ ਲਈ ਉਕਸਾਉਣ ਵਾਲਿਆਂ ਦੀ ਸ਼ਨਾਖਤ ਕਰਨ ਲਈ ਆਖਿਆ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੁੱਢਲੀ ਜਾਣਕਾਰੀ ਮੁਤਾਬਕ ਸਨੀ ਸੂਦ ਦੀ ਮੌਤ ਦੀ ਖਬਰ ਤੋਂ ਬਾਅਦ ਜੇਲ 'ਚ ਦੰਗੇ ਹੋਏ ਅਤੇ 3100 ਦੇ ਕਰੀਬ ਹਵਾਲਾਤੀਆਂ ਨੇ ਆਪਣੀਆਂ ਬੈਰਕਾਂ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਹਿੰਸਾ ਵਿਚ ਮਾਰੇ ਗਏ ਕੈਦੀ ਦੀ ਪਛਾਣ ਅਜੀਤ ਬਾਬਾ ਪੁੱਤਰ ਹਰਜਿੰਦਰ ਸਿੰਘ ਜਦਕਿ ਜਖ਼ਮੀ ਹੋਣ ਵਾਲਿਆਂ ਵਿਚ ਵਿਸ਼ਾਲ ਕੁਮਾਰ ਪੁੱਤਰ ਰਕੇਸ਼ ਸ਼ਰਮਾ ਵਾਸੀ ਦਾਬਾ, ਪ੍ਰਿੰਸ ਪੁੱਤਰ ਰਾਜਪਾਲ ਵਾਸੀ ਸਿਵਲ ਲਾਈਨਜ਼ ਲੁਧਿਆਣਾ, ਸੁਨੀਲ ਪੁੱਤਰ ਬਾਬੂ ਰਾਮ ਵਾਸੀ ਹਾਜੀਪੁਰ (ਹੁਸ਼ਿਆਰਪੁਰ), ਰਣਬੀਰ ਪੁੱਤਰ ਸੁਖਦੇਵ ਵਾਸੀ ਗੋਬਿੰਦ ਨਗਰ ਜਲੰਧਰ ਅਤੇ ਪੰਕਜ ਪੁੱਤਰ ਵੀਰਪਾਲ ਵਾਸੀ ਤਾਜਪੁਰ ਰੋਡ ਲੁਧਿਆਣਾ ਸ਼ਾਮਲ ਹਨ। ਅੱਜ ਇੱਥੇ ਕੁਝ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਨਾਲ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਦੇ ਵਿਗੜ ਜਾਣ ਵਾਲੀ ਕੋਈ ਗੱਲ ਨਹੀਂ ਹੈ ਜਦਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੇ ਮੁਲਕ 'ਚੋਂ ਬਿਹਤਰ ਹੈ। ਵਿਰੋਧੀ ਧਿਰਾਂ ਵਲੋਂ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਦਾ ਅਸਤੀਫ਼ੇ ਦੀ ਮੰਗ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਸਲ 'ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕੋਲ ਅਜਿਹੀਆਂ ਬੇਤੁੱਕੀਆਂ ਮੰਗਾਂ ਤੋਂ ਇਲਾਵਾ ਕੋਈ ਉਸਾਰੂ ਗੱਲ ਕਰਨ ਨੂੰ ਨਹੀਂ। ਸਥਿਤੀ ਨਾਲ ਨਜਿੱਠਿਆ ਜਾਵੇਗਾ ਅਤੇ ਅਸੀਂ ਨਜਿੱਠ ਰਹੇ ਹਾਂ।


author

Karan Kumar

Content Editor

Related News