ਅਕਾਲੀਆਂ ਵੱਲੋਂ ਕਰਜ਼ਾਈ ਕੀਤੇ ਪੰਜਾਬ ਨੂੰ ਕੈਪਟਨ ਨੇ ਕੀਤਾ ਖੁਸ਼ਹਾਲ : ਡਿੰਪਾ

06/23/2017 6:56:29 AM

ਰਈਆ,   (ਦਿਨੇਸ਼)-  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਬਿਆਸ ਜਸਬੀਰ ਸਿੰਘ ਡਿੰਪਾ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਪਣੇ ਪਹਿਲੇ ਬਜਟ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਇਸ ਪੰਜਾਬ ਉਸਾਰੂ ਕਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਇਕ-ਇਕ ਵਸਨੀਕ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਪੰਜਾਬ ਦਾ ਭਲਾ ਕਾਂਗਰਸ ਹੀ ਕਰ ਸਕਦੀ ਹੈ ਤੇ ਅਕਾਲੀਆਂ ਵੱਲੋਂ ਕਰਜ਼ਾਈ ਕੀਤੇ ਪੰਜਾਬ ਨੂੰ ਮੁੱਖ ਮੰਤਰੀ ਵੱਲੋਂ ਖੁਸ਼ਹਾਲੀ ਦੀ ਰਾਹ 'ਤੇ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿਚ 2 ਨਵੀਆਂ ਯੂਨੀਵਰਸਿਟੀਆਂ ਸਥਾਪਿਤ ਕਰਨਾ, ਪੰਜਾਬ ਯੂਨੀਵਰਸਿਟੀ ਦੀ ਗ੍ਰਾਂਟ 'ਚ ਵਾਧਾ ਕਰਨਾ, ਫਸਲਾਂ ਦਾ ਮੁਆਵਜ਼ਾ 1000 ਤੋਂ ਵਧਾ ਕੇ 12000 ਕਰਨਾ, ਪੁਲਸ ਥਾਣਿਆਂ ਦੀ ਉਸਾਰੀ ਕਰਵਾਉਣੀ, ਡਾਇਲ 100 ਦੀ ਨਵੀਂ ਪਹਿਲਕਦਮੀ ਤਹਿਤ 14 ਮਿੰਟ 'ਚ ਸ਼ਹਿਰੀ ਤੇ 20 ਮਿੰਟ 'ਚ ਪੇਂਡੂ ਇਲਾਕੇ ਵਿਚ ਪੁਲਸ ਦਾ ਪੁੱਜਣਾ, ਨਹਿਰੀ ਨੈੱਟਵਰਕ ਯੋਜਨਾ, 5 ਏਕੜ ਤੱਕ ਕਿਸਾਨਾਂ ਦਾ 2 ਲੱਖ ਤੱਕ ਕਰਜ਼ਾ ਮੁਆਫ, ਪਲਾਟਾਂ ਤੇ ਮਕਾਨਾਂ ਦੀ ਸਟੈਂਪ ਡਿਊਟੀ 2.5 ਤੋਂ ਘਟਾ ਕੇ 2 ਫੀਸਦੀ ਕਰਨੀ ਤੇ ਕਈ ਹੋਰ ਸਹੂਲਤਾਂ ਦੇ ਕੇ ਸਰਕਾਰ ਨੇ ਆਮ ਲੋਕਾਂ, ਵਪਾਰੀਆਂ, ਕਿਸਾਨਾਂ, ਪੱਛੜੀਆਂ ਤੇ ਅਨੁਸੂਚਿਤ ਸ਼੍ਰੇਣੀਆਂ ਨੂੰ ਭਾਰੀ ਰਾਹਤ ਦਿੱਤੀ ਹੈ।
ਸ. ਡਿੰਪਾ ਨੇ ਕਿਹਾ ਕਿ ਅਕਾਲੀਆਂ ਨੇ 10 ਸਾਲ ਦੇ ਰਾਜ ਦੌਰਾਨ ਜੋ ਪੰਜਾਬ ਨੂੰ ਲੁੱਟ ਕੇ ਆਪਣਾ ਘਰ ਭਰਦੇ ਹੋਏ ਅੰਨਦਾਤਾ ਭਾਵ ਕਿਸਾਨ ਨੂੰ ਜਿਥੇ ਖੁਦਕੁਸ਼ੀਆਂ ਕਰਨ ਤੱਕ ਲਈ ਮਜਬੂਰ ਕਰ ਦਿੱਤਾ, ਉਥੇ ਪੰਜਾਬ ਦੀ ਇੰਡਸਟਰੀ ਵੀ ਤਬਾਹ ਕਰ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਹਾਲਤ 'ਚੋਂ ਕੱਢਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੂਝਵਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਤੇ ਬਾਕੀ ਲੀਡਰਸ਼ਿਪ ਨੂੰ ਬਹੁਤ ਮਿਹਨਤ ਕਰਨੀ ਪਵੇਗੀ।


Related News