ਭਗਵੰਤ ਮਾਨ ਦੀ ਅਪੀਲ, ਮੈਂ ਬਿਜਲੀ ਦੇ ਬਿੱਲ ਜ਼ੀਰੋ ਕੀਤੇ, ਤੁਸੀਂ ਪੰਜਾਬ ’ਚੋਂ ਕਾਂਗਰਸ ਤੇ ਅਕਾਲੀਆਂ ਨੂੰ ਜ਼ੀਰੋ ਕਰੋ

05/23/2024 5:14:46 PM

ਜਲੰਧਰ/ਬਠਿੰਡਾ (ਧਵਨ) : ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ 'ਚ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਦੂਜੇ ਦਿਨ ਵੀ ਕਾਫੀ ਸਰਗਰਮ ਰਹੇ। ਦੁਪਹਿਰ ਵੇਲੇ ਸੀ.ਐੱਮ. ਮਾਨ ਨੇ ਬੁਢਲਾਡਾ ’ਚ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕੀਤਾ ਅਤੇ ਫਿਰ ਮਾਨਸਾ, ਮੌੜ, ਤਲਵੰਡੀ ਸਾਬੋ ਅਤੇ ਭੁੱਚੋ ਮੰਡੀ ’ਚ ਸੀ.ਪੀ.ਆਈ. (ਐੱਮ) ਦੇ ਉਮੀਦਵਾਰ ਨਾਲ ਰੋਡ ਸ਼ੋਅ ਕੀਤੇ। ਮਾਨਸਾ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਉਹ ਇੱਥੋਂ ਦੇ ਲੋਕਾਂ ਦੇ ਹਰ ਮਸਲੇ ਤੋਂ ਜਾਣੂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਦੀ ਪਹਿਲੀ ਸਮੱਸਿਆ ਇਸ ਸ਼ਹਿਰ ਦਾ ਸੀਵਰੇਜ ਸਿਸਟਮ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਅਧਿਕਾਰੀਆਂ ਤੱਕ ਪਹੁੰਚ ਕਰਕੇ ਇਸ ਸਬੰਧੀ ਰਣਨੀਤੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਲਈ ਯੋਜਨਾ, ਨਕਸ਼ਾ ਅਤੇ ਬਜਟ ਬਣਾਉਣਗੇ ਅਤੇ ਮਾਨਸਾ ਦੇ ਆਗੂਆਂ ਤੋਂ ਸੁਝਾਅ ਵੀ ਲੈਣਗੇ ਤਾਂ ਜੋ ਕਿਸੇ ਵੀ ਇਲਾਕੇ ਦੀ ਅਣਦੇਖੀ ਨਾ ਹੋਵੇ। ਉਨ੍ਹਾਂ ਕਿਹਾ ਕਿ ਨਵਾਂ ਸੀਵਰੇਜ ਸਿਸਟਮ 40 ਸਾਲਾਂ ਤੱਕ ਚੱਲੇਗਾ ਕਿਉਂਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਤੋਂ ਮੁਕਤ ਹੈ। ਮਾਨ ਨੇ ਸ਼ਹਿਰ ਦੀ ਦੂਜੀ ਸਭ ਤੋਂ ਵੱਡੀ ਸਮੱਸਿਆ ਰੇਲਵੇ ਸਟੇਸ਼ਨ ਨੇੜੇ ਕੂੜੇ ਦੇ ਢੇਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦਿੱਲੀ 'ਚ ਵੀ ਅਜਿਹਾ ਹੀ ਹਾਲ ਸੀ, ਅਸੀਂ ਉੱਥੇ ਇਸ ਦਾ ਹੱਲ ਕੱਢ ਕੇ ਆਏ ਹਾਂ। ਲੁਧਿਆਣਾ ਲਈ ਮੈਂ ਨਿਤਿਨ ਗਡਕਰੀ ਨਾਲ ਗੱਲ ਕੀਤੀ ਕਿ ਹਾਈਵੇਅ ਦੇ ਨਿਰਮਾਣ ’ਚ ਮਿੱਟੀ ਦੀ ਥਾਂ ਕੂੜੇ ਦੀ ਵਰਤੋਂ ਕੀਤੀ ਜਾਵੇ। ਮਾਨ ਨੇ ਕਿਹਾ ਕਿ ਉਹ ਮਾਨਸਾ ਲਈ ਵੀ ਅਜਿਹਾ ਹੀ ਹੱਲ ਲੈ ਕੇ ਆਉਣਗੇ। ਸੀ.ਐੱਮ. ਉਨ੍ਹਾਂ ਪਿਛਲੇ 2 ਸਾਲਾਂ ’ਚ ਕੀਤੇ ਕੰਮਾਂ ਦਾ ਲੇਖਾ-ਜੋਖਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ 43 ਹਜ਼ਾਰ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਸਿਫ਼ਾਰਸ਼ ਜਾਂ ਰਿਸ਼ਵਤ ਤੋਂ ਦਿੱਤੀਆਂ ਹਨ। ਹੁਣ ਪੰਜਾਬ ਦੇ ਨੌਜਵਾਨ ਮਜਬੂਰੀ ਵੱਸ ਬਾਹਰ ਨਹੀਂ ਜਾ ਰਹੇ ਕਿਉਂਕਿ ਉਨ੍ਹਾਂ ਨੂੰ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬੁਢਲਾਡਾ ਦੇ ਇੱਕ ਪਿੰਡ ਵਿੱਚ 40 ਲੋਕਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ। ਹੁਣ ਪਿੰਡਾਂ ’ਚ ਮੁਕਾਬਲਾ ਹੈ ਕਿ ਕਿਸ ਪਿੰਡ ’ਚ ਵੱਧ ਸਰਕਾਰੀ ਨੌਕਰੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਚੋਣ ਕਮਿਸ਼ਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਚਿਤਾਵਨੀ 

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿਨ ਵੇਲੇ ਉਨ੍ਹਾਂ ਦੇ ਖੇਤਾਂ ਲਈ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਨੂੰ ਰਾਤ ਨੂੰ ਖੇਤਾਂ ’ਚ ਜਾਣ ਲਈ ਮਜਬੂਰ ਨਾ ਕੀਤਾ ਜਾਵੇ। ਸੀ.ਐੱਮ. ਭਗਵੰਤ ਮਾਨ ਨੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੈਂ ਤੁਹਾਡੇ ਬਿਜਲੀ ਦੇ ਬਿੱਲ ਘਟਾ ਕੇ ਜ਼ੀਰੋ ਕਰ ਦਿੱਤੇ ਹਨ, ਤੁਸੀਂ ਪੰਜਾਬ ’ਚ ਅਕਾਲੀ, ਕਾਂਗਰਸ ਅਤੇ ਭਾਜਪਾ ਨੂੰ ਜ਼ੀਰੋ ਕਰ ਦਿਓ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੀ ਨਹੀਂ 90 ਫੀਸਦੀ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ। ਮਾਨ ਨੇ ਅਗਨੀਵੀਰ ਸਕੀਮ ਨੂੰ ਲੈ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਹੀਦ ਸਿਪਾਹੀ ਅੰਮ੍ਰਿਤਪਾਲ ਨੂੰ ਗਾਰਡ ਆਫ਼ ਆਨਰ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਮੈਂ ਇਸ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਸਾਰੇ ਸੈਨਿਕ ਸਨਮਾਨ ਦੇ ਹੱਕਦਾਰ ਹਨ। ਬਾਅਦ ਵਿੱਚ ਉਨ੍ਹਾਂ ਨੇ ਆਪਣੇ ਫੈਸਲੇ 'ਤੇ ਨਜ਼ਰਸਾਨੀ ਕਰਦਿਆਂ ਸ਼ਹੀਦ ਫੌਜੀਆਂ ਨੂੰ ਗਾਰਡ ਆਫ ਆਨਰ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਅਗਨੀਵੀਰ ਸਕੀਮ ਹੀ ਗਲਤ ਹੈ। ਇਹ ਸਾਡੇ ਦੇਸ਼ ਅਤੇ ਸਾਡੇ ਨੌਜਵਾਨਾਂ ਦੇ ਖਿਲਾਫ ਹੈ। ਸਾਡੇ ਸੈਨਿਕ ਸੁਰੱਖਿਆ ਦੇ ਹੱਕਦਾਰ ਹਨ। ਉਹ ਆਪਣੇ ਦੇਸ਼ ਲਈ ਗੋਲੀਆਂ ਖਾਂਦੇ ਹਨ, ਘੱਟੋ-ਘੱਟ ਅਸੀਂ ਉਨ੍ਹਾਂ ਨੂੰ ਉਚਿਤ ਸਨਮਾਨ ਅਤੇ ਸੁਰੱਖਿਆ ਤਾਂ ਦੇ ਸਕਦੇ ਹਾਂ। ਮਾਨ ਨੇ ਕਿਹਾ ਕਿ ਉਹ ਐੱਨ.ਓ.ਸੀ. ਅਤੇ ਗੈਰ-ਕਾਨੂੰਨੀ ਕਲੋਨੀਆਂ ਦੇ ਮਸਲੇ ਵੀ ਹੱਲ ਕਰਨ। ਚਿੰਤਾ ਨਾ ਕਰੋ, ਅਸੀਂ ਕਿਸੇ ਵੀ ਆਮ ਆਦਮੀ ਨੂੰ ਲੁਟੇਰਿਆਂ ਤੋਂ ਦੁਖੀ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਹੁਣ ਭਵਿੱਖ ਲਈ ਕਾਲੋਨੀਆਂ ਲਈ ਲਾਲ ਸਟੈਂਪ ਪੇਪਰ ਲਾਗੂ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨ 'ਚ ਤੁਹਾਡਾ ਝਾੜੂ 2 ਨੰਬਰ 'ਤੇ ਹੋਵੇਗਾ ਪਰ ਆਨਾ 1 ਨੰਬਰ 'ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰ ਆਗੂ ਗੁਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿਤਾਉਣ।

ਇਹ ਖ਼ਬਰ ਵੀ ਪੜ੍ਹੋ : ਚੋਣ ਕਮਿਸ਼ਨ ਦਾ ਵੱਡਾ ਫ਼ੈਸਲਾ: ਜਲੰਧਰ ਤੇ ਲੁਧਿਆਣਾ ਦੇ ਪੁਲਸ ਕਮਿਸ਼ਨਰਾਂ ਨੂੰ ਚੋਣ ਡਿਊਟੀ ਤੋਂ ਹਟਾਇਆ

ਸੀ.ਐੱਮ. ਮਾਨ ਨੇ ਕੱਲ੍ਹ ਨਰੂਆਣਾ ’ਚ ਆਪਣੀ ਰੈਲੀ ਵਿੱਚ ‘ਕਿੱਕਲੀ ਕਲੀਰ ਦੀ, ਬੁਰੀ ਬਾਦਲ ਦੀ ਸੁਖਬੀਰ ਦੀ’ ਗਾਇਨ ਕੀਤਾ, ਜੋ ਇੱਕਦਮ ਲੋਕਾਂ ’ਚ ਕਾਫੀ ਮਕਬੂਲ ਹੋ ਗਿਆ। ਅੱਜ ਹਰ ਰੋਡ ਸ਼ੋਅ ਵਿੱਚ ਸੀਐਮ ਮਾਨ ਨੂੰ ਕਿੱਕਲੀ 2.0 ਸੁਣਾਉਣ ਦੀ ਬੇਨਤੀ ਕੀਤੀ ਗਈ ਅਤੇ ਹਰ ਵਾਰ ਲੋਕਾਂ ਨੇ ਜ਼ੋਰਦਾਰ ਤਾੜੀਆਂ ਮਾਰੀਆਂ। ਮਾਨ ਨੇ ਕਿਹਾ ਕਿ ਇਹ ਚੋਣ ਪੰਜਾਬ ’ਚ ਬਾਦਲ ਪਰਿਵਾਰ ਦੀ ਰਾਜਨੀਤੀ ਦਾ ਅੰਤ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਹਰਸਿਮਰਤ ਬਾਦਲ ਹੀ ਬਚੀ ਹੈ, ਇਸ ਵਾਰ ਬਠਿੰਡਾ ਦੇ ਲੋਕ ਉਸ ਨੂੰ ਵੀ ਸੰਸਦ ਵਿੱਚੋਂ ਬਾਹਰ ਕੱਢ ਦੇਣਗੇ। ਰਾਮਾ ਮੰਡੀ ਵਿੱਚ ਸੀ.ਐੱਮ. ਭਗਵੰਤ ਮਾਨ ਨੇ ਕਿਹਾ ਕਿ ਤੁਹਾਡਾ ਪਿਆਰ ਹੀ ਮੇਰੀ ਤਾਕਤ ਹੈ, ਇਹ ਮੈਨੂੰ ਥੱਕਣ ਨਹੀਂ ਦਿੰਦਾ। ਮੈਂ ਉਦੋਂ ਤੱਕ ਨਹੀਂ ਰੁਕਾਂਗਾ ਜਦੋਂ ਤੱਕ ਮੈਂ ਪੰਜਾਬ ਦੇ ਸਾਰੇ ਲੁਟੇਰਿਆਂ ਨੂੰ ਰਾਜਨੀਤੀ ਅਤੇ ਸਿਸਟਮ ਵਿੱਚੋਂ ਨਹੀਂ ਕੱਢਦਾ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਸੀਟ 'ਤੇ ਇਸ ਵਾਰ ਜ਼ਬਰਦਸਤ ਮੁਕਾਬਲਾ, ਜਾਣੋ ਕੀ ਹੈ ਹੁਣ ਤਕ ਦਾ ਇਤਿਹਾਸ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News