ਪੰਜਾਬ ''ਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
Saturday, May 25, 2024 - 05:57 PM (IST)
ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਪੰਜਾਬ ਵਿਚ ਲਗਾਤਾਰ ਗਰਮੀ ਕਹਿਰ ਵਰਾਅ ਰਹੀ ਹੈ। ਉਥੇ ਹੀ ਸਿਹਤ ਵਿਭਾਗ ਵੱਲੋਂ ਗਰਮੀ ਤੋਂ ਬਚਾਅ ਲਈ ਪੂਰੇ ਸੂਬੇ 'ਚ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿਚਾਲੇ ਨਵਾਂਸ਼ਹਿਰ ਜ਼ਿਲ੍ਹਾ ਸਿਹਤ ਵਿਭਾਗ ਨੇ ਇਲਾਕੇ ਵਿਚ ਪੈ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ ਨੇ ਦੱਸਿਆ ਕਿ ਆਮ ਤੌਰ ’ਤੇ ਮਈ-ਜੂਨ ਵਿਚ ਮੌਸਮ ਬਹੁਤ ਗਰਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਰਮੀ ਤੋਂ ਬਚਾਅ ਲਈ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕ, ਨਵਜੰਮੇ ਬੱਚੇ, ਛੋਟੇ ਬੱਚੇ, ਗਰਭਵਤੀ ਔਰਤਾਂ, ਖੁੱਲ੍ਹੇ ਅਸਮਾਨ ਹੇਠ ਕੰਮ ਕਰਨ ਵਾਲੇ ਲੋਕ, ਦਿਲ ਦੀਆਂ ਬੀਮਾਰੀਆਂ ਜਾਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੀਟ ਵੇਵ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਡਾ. ਰਾਕੇਸ਼ ਪਾਲ ਨੇ ਦੱਸਿਆ ਕਿ ਜਿਵੇਂ-ਜਿਵੇਂ ਗਰਮੀ ਵੱਧਦੀ ਹੈ, ਤਾਪਮਾਨ ਵੱਧਦਾ ਜਾਂਦਾ ਹੈ, ਜਿਸ ਕਾਰਨ ਸਰੀਰ ਅੰਦਰ ਪਾਣੀ ਦੀ ਕਮੀ ਹੋ ਜਾਂਦੀ ਹੈ, ਵਿਅਕਤੀ ਨੂੰ ਚੱਕਰ ਆ ਸਕਦਾ ਹੈ, ਬੇਹੋਸ਼ ਹੋ ਸਕਦਾ ਹੈ। ਉਨ੍ਹਾਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਜਾਣ ਤੋਂ ਬਚਣ ਦੀ ਵੀ ਸਲਾਹ ਦਿੱਤੀ।
ਉਨ੍ਹਾਂ ਦੱਸਿਆ ਕਿ ਗਰਮੀ ਦੇ ਬਾਵਜੂਦ ਘੱਟ ਪਸੀਨਾ ਆਉਣਾ, ਚਮੜੀ ਦਾ ਲਾਲ, ਗਰਮ ਅਤੇ ਖੁਸ਼ਕ ਹੋਣਾ, ਮਾਸਪੇਸ਼ੀਆਂ ਦੀ ਕਮਜ਼ੋਰੀ, ਸਿਰ ਦਰਦ, ਉਲਟੀਆਂ ਆਦਿ ਹੀਟ ਸਟ੍ਰੋਕ ਦੇ ਕਾਰਨ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਗਰਮੀ ਅਤੇ ਧੁੱਪ ਤੋਂ ਬਚਣ ਲਈ ਸਰੀਰ ਨੂੰ ਠੰਡਾ ਰੱਖਣਾ ਚਾਹੀਦਾ ਹੈ, ਹਲਕੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ, ਲੱਸੀ, ਨਿੰਬੂ ਪਾਣੀ, ਓ. ਆਰ. ਐੱਸ. ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਮੌਸਮ ਅਨੁਸਾਰ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਨੰਗੇ ਪੈਰੀਂ ਬਾਹਰ ਨਹੀਂ ਨਿਕਲਣਾ ਚਾਹੀਦਾ, ਹਰ ਅੱਧੇ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ
ਸ਼ੁੱਕਰਵਾਰ ਬਾਰਿਸ਼ ਹੋਣ ਨਾਲ ਡਿੱਗਿਆ ਸੀ ਤਾਪਮਾਨ ਦਾ ਪਾਰਾ
ਕਹਿਰ ਵਰ੍ਹਾਅ ਰਹੀ ਗਰਮੀ ਵਿਚਕਾਰ ਪੰਜਾਬ ਵਿਚ ਸ਼ੁੱਕਰਵਾਰ ਹਨੇਰੀ-ਤੂਫ਼ਾਨ ਨਾਲ ਬਾਰਿਸ਼ ਨੇ ਦਸਤਕ ਦਿੱਤੀ, ਜਿਸ ਨਾਲ ਜਨਤਾ ਨੂੰ ਗਰਮੀ ਤੋਂ ਰਾਹਤ ਮਿਲੀ ਸੀ। ਇਸ ਕਾਰਨ ਪੰਜਾਬ ਦੇ ਵਧੇਰੇ ਜ਼ਿਲ੍ਹਿਆਂ ਵਿਚ 4-5 ਡਿਗਰੀ ਤਕ ਪਾਰਾ ਡਿੱਗਦਾ ਵੇਖਣ ਨੂੰ ਮਿਲਿਆ ਸੀ। ਦੂਜੇ ਪਾਸੇ ਬਠਿੰਡਾ ਅਤੇ ਫਾਜ਼ਿਲਕਾ ਵਿਚ ਗਰਮੀ ਨਾਲ 2 ਲੋਕਾਂ ਦੀ ਮੌਤ ਹੋ ਗਈ ਸੀ। ਇਸ ਕਾਰਨ ਪੰਜਾਬ 'ਚ ਗਰਮੀ ਨਾਲ ਮਰਨ ਵਾਲਿਆਂ ਦਾ ਅੰਕੜਾ 6 ਤਕ ਪਹੁੰਚ ਗਿਆ ਹੈ।
ਪੰਜਾਬ ਵਿਚ ਹਨੇਰੀ-ਤੂਫਾਨ ਅਤੇ ਬਾਰਿਸ਼ ਦੀ ਸ਼ੁਰੂਆਤ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਤੋਂ ਹੋਈ। ਸ਼ਾਮ 6 ਵਜੇ ਪਠਾਨਕੋਟ, ਨਰੋਟ ਜੈਮਲ ਸਿੰਘ, ਭੋਆ ਅਤੇ ਸੁਜਾਨਪੁਰ ਇਲਾਕਿਆਂ ਵਿਚ ਅੱਧੇ ਘੰਟੇ ਤਕ ਬਾਰਿਸ਼ ਹੋਈ। ਇਸ ਤੋਂ ਬਾਅਦ ਤੂਫ਼ਾਨ ਨੇ ਵੱਖ-ਵੱਖ ਜ਼ਿਲ੍ਹਿਆਂ ਵਿਚ ਦਸਤਕ ਦਿੱਤੀ ਅਤੇ ਜਲੰਧਰ ਸਮੇਤ ਨੇੜਲੇ ਇਲਾਕੇ ਵਿਚ ਲਗਭਗ 8.30 ਵਜੇ ਦੇ ਲਗਭਗ ਤੇਜ਼ ਹਨੇਰੀ ਚੱਲਣ ਲੱਗੀ। ਇਸ ਤੋਂ ਬਾਅਦ ਜਲੰਧਰ ਸਮੇਤ ਨੇੜਲੇ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਨੇ ਰਾਹਤ ਪ੍ਰਦਾਨ ਕੀਤੀ ਸੀ।
ਇਹ ਵੀ ਪੜ੍ਹੋ- ਅਕਾਲੀ, ਭਾਜਪਾ ਤੇ ਕਾਂਗਰਸ ਸਰਕਾਰਾਂ ਪੰਜਾਬ ਦੀਆਂ 3 ਪੀੜ੍ਹੀਆਂ ਖਾ ਗਈਆਂ ਤੇ ਆਪਣੇ ਲਈ ਬਣਾ ਲਏ ਮਹਿਲ: ਭਗਵੰਤ ਮਾਨ
ਇਸੇ ਕ੍ਰਮ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਕੜਕਦੀ ਰਹੀ ਅਤੇ ਤੂਫ਼ਾਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਰੈੱਡ ਅਲਰਟ ਜਾਰੀ ਰਹੇਗਾ। ਕਈ ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਦੱਸਿਆ ਗਿਆ ਹੈ। ਤਾਪਮਾਨ ਦੇ ਸਿਲਸਿਲੇ ਵਿਚ ਬਠਿੰਡਾ ਅਤੇ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 42.4 ਡਿਗਰੀ, ਲੁਧਿਆਣਾ 41.6, ਪਠਾਨਕੋਟ 41.5, ਪਟਿਆਲਾ 41.6, ਜਦੋਂ ਕਿ ਨੇੜਲੇ ਕਈ ਇਲਾਕਿਆਂ ਵਿਚ 41 ਡਿਗਰੀ ਦੇ ਨੇੜੇ-ਤੇੜੇ ਤਾਪਮਾਨ ਰਿਕਾਰਡ ਹੋਇਆ। ਬੀਤੇ ਦਿਨੀਂ ਪੰਜਾਬ ਦਾ ਤਾਪਮਾਨ 46 ਡਿਗਰੀ ਪਾਰ ਕਰ ਗਿਆ ਸੀ ਅਤੇ ਹੁਣ ਅਚਾਨਕ ਤਾਪਮਾਨ ਵਿਚ ਗਿਰਾਵਟ ਹੋਈ ਹੈ।
ਇਹ ਵੀ ਪੜ੍ਹੋ- ਖਹਿਰਾ ਦੇ ਪ੍ਰਵਾਸੀਆਂ ਵਾਲੇ ਬਿਆਨ 'ਤੇ ਬੋਲੇ ਪ੍ਰਤਾਪ ਸਿੰਘ ਬਾਜਵਾ, ਕਿਹਾ-ਇਹ ਪਾਰਟੀ ਦਾ ਵਿਊ ਨਹੀਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8