ਕੈਪਟਨ ਵੱਲੋਂ ਲੁਧਿਆਣਾ ਦੇ ਫੋਕਲ ਪੁਆਇੰਟਾਂ ਤੇ ਸਨਅਤੀ ਅਸਟੇਟ ਬਾਰੇ ਰਿਪੋਰਟ ਤਲਬ

Wednesday, Jul 05, 2017 - 09:46 AM (IST)

ਕੈਪਟਨ ਵੱਲੋਂ ਲੁਧਿਆਣਾ ਦੇ ਫੋਕਲ ਪੁਆਇੰਟਾਂ ਤੇ ਸਨਅਤੀ ਅਸਟੇਟ ਬਾਰੇ ਰਿਪੋਰਟ ਤਲਬ


ਚੰਡੀਗੜ੍ਹ(ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਦੇ ਫੋਕਲ ਪੁਆਇੰਟਾਂ ਅਤੇ ਸਨਅਤੀ ਅਸਟੇਟ ਦੇ ਬੁਨਿਆਦੀ ਢਾਂਚੇ ਦੀ ਮਾੜੀ ਸਥਿਤੀ ਬਾਰੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਲਘੂ ਉਦਯੋਗ ਅਤੇ ਬਰਾਮਦ ਨਿਗਮ (ਪੀ. ਐੱਸ. ਆਈ. ਈ. ਸੀ.) ਕੋਲੋਂ ਰਿਪੋਰਟ ਮੰਗੀ ਹੈ। ਮੁੱਖ ਮੰਤਰੀ ਨੇ ਇਹ ਕਦਮ ਲੁਧਿਆਣਾ ਦੇ ਸਨਅਤਕਾਰਾਂ ਅਤੇ ਸੀ. ਆਈ. ਆਈ. ਦੇ ਨੁਮਾਇੰਦਿਆਂ ਦੇ ਇਕ ਵਫਦ ਵੱਲੋਂ ਅੱਜ ਇਥੇ ਉਨ੍ਹਾਂ ਨਾਲ ਮੀਟਿੰਗ ਦੌਰਾਨ ਉਠਾਏ ਮਸਲੇ ਤੋਂ ਬਾਅਦ ਚੁੱਕਿਆ ਹੈ।
ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਲੁਧਿਆਣਾ ਵਿਚ ਸਨਅਤੀ ਵਿਕਾਸ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਨੇ ਇਹ ਭਰੋਸਾ ਵਫਦ ਦੇ ਮੈਂਬਰਾਂ ਨੂੰ ਦਿੱਤਾ ਜਿਸ ਵਿਚ ਏਵਨ ਸਾਈਕਲ ਦਾ ਵਫਦ ਵੀ ਸ਼ਾਮਲ ਸੀ। ਮੀਟਿੰਗ ਦੌਰਾਨ ਸੀ. ਆਈ. ਆਈ. ਨੇ ਲੁਧਿਆਣਾ 'ਚ ਸਨਅਤੀ ਵਿਕਾਸ ਲਈ 10 ਨੁਕਾਤੀ ਏਜੰਡਾ ਵੀ ਮੁੱਖ ਮੰਤਰੀ ਨੂੰ ਸੌਂਪਿਆ। 
ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸੂਬੇ ਦੀ ਕਮਜ਼ੋਰ ਵਿੱਤੀ ਸਥਿਤੀ ਦੇ ਮੱਦੇਨਜ਼ਰ ਸਨਅਤ ਨੂੰ ਕੋਈ ਵਿੱਤੀ ਰਿਆਇਤ ਜਾਂ ਪੈਕੇਜ ਦੇਣ ਤੋਂ ਅਸਮਰੱਥਤਾ ਜ਼ਾਹਿਰ ਕਰਦਿਆਂ ਇਹ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਸਨਅਤਕਾਰਾਂ ਦੇ ਹਿੱਤ ਵਿਚ ਮਾਹੌਲ ਸਿਰਜਣ ਲਈ ਹਰ ਸੰਭਵ ਸਹਿਯੋਗ ਦੇਵੇਗੀ। ਵੈਟ ਦਾ ਬਕਾਇਆ ਮੋੜਨ ਦੀ ਮੰਗ 'ਤੇ ਮੁੱਖ ਮੰਤਰੀ ਨੇ ਆਖਿਆ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਰਕਾਰ ਸਨਅਤ ਨੂੰ ਕੋਈ ਵਿੱਤੀ ਪੈਕੇਜ ਦੇਣ ਦੇ ਸਮਰੱਥ ਹੀ ਨਹੀਂ ਹੈ ਪਰ ਸਨਅਤੀ ਵਿਕਾਸ ਲਈ ਲੋੜੀਂਦੀਆਂ ਸਹੂਲਤਾਂ ਦੇਣ ਤੋਂ ਪਿੱਛੇ ਨਹੀਂ ਹਟੇਗੀ।
ਵਫਦ ਵੱਲੋਂ ਉਦਯੋਗ ਨੂੰ ਨਿਰਵਿਘਨ ਬਿਜਲੀ ਸਪਲਾਈ, ਵੱਡੇ ਯੂਨਿਟਾਂ ਨੂੰ ਬਿਜਲੀ ਸਪਲਾਈ 'ਤੇ ਲਗਦਾ ਵਾਧੂ ਸੈੱਸ ਮੁਆਫ ਕਰਨ, ਪ੍ਰਵਾਸੀ ਮਜ਼ਦੂਰਾਂ ਅਤੇ ਕਾਮਿਆਂ ਲਈ ਲੋੜੀਂਦੀਆਂ ਰਿਹਾਇਸ਼ੀ ਸਹੂਲਤਾਂ, ਵਾਤਾਵਰਣ ਦੀ ਸੰਭਾਲ ਤੇ ਪ੍ਰਦੂਸ਼ਣ ਦੀ ਰੋਕਥਾਮ ਦੇ ਨਾਲ-ਨਾਲ ਸਥਾਨਕ ਐੱਮ. ਐੱਸ. ਐੱਮ. ਈ. ਯੂਨਿਟਾਂ ਵਿਚ ਤਕਨਾਲੋਜੀ ਨੂੰ ਅਪਗ੍ਰੇਡ ਅਤੇ ਆਧੁਨਿਕ ਰੂਪ ਦੇਣ ਲਈ ਮਦਦ ਦੀ ਮੰਗ ਕੀਤੀ। ਉਦਯੋਗਪਤੀਆਂ ਦੇ ਵਫਦ ਵਿਚ ਓਂਕਾਰ ਸਿੰਘ ਪਾਹਵਾ (ਏਵਨ ਸਾਈਕਲ), ਸੰਜੀਵ ਪਾਹਵਾ (ਰਾਲਸਨ), ਮਨਜਿੰਦਰ ਸਿੰਘ (ਕੇ. ਐੱਸ. ਮੁੰਜਾਲ ਇੰਡਸਟਰੀ) ਅਤੇ ਮਨਜੀਤ ਸਿੰਘ (ਬੋਨ ਬੈੱ੍ਰਡ) ਸ਼ਾਮਲ ਸਨ। ਮੁੱਖ ਮੰਤਰੀ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਉਪ ਪ੍ਰਮੁੱਖ ਸਕੱਤਰ ਅੰਮ੍ਰਿਤ ਕੌਰ ਗਿੱਲ ਹਾਜ਼ਰ ਸਨ।


Related News