ਸਿੱਖਿਆ ਮੰਤਰੀ ਸਿੰਗਲਾ ਨੂੰ ਤੁਰੰਤ ਬਰਖ਼ਾਸਤ ਕਰਨ ਕੈਪਟਨ : ਹਰਪਾਲ ਚੀਮਾ

02/17/2020 8:41:24 PM

ਚੰਡੀਗੜ੍ਹ, (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸੂਬੇ ਦੀ ਕੈ. ਅਮਰਿੰਦਰ ਸਿੰਘ ਸਰਕਾਰ ਦੀ ਨਿੱਜੀ ਸਕੂਲ ਬੱਸਾਂ/ਵੈਨਾਂ 'ਚ ਸਫ਼ਰ ਕਰਨ ਵਾਲੇ ਸਕੂਲੀ ਬੱਚਿਆਂ ਦੀ ਸੁਰੱਖਿਆ ਪ੍ਰਤੀ ਗੰਭੀਰ ਨਾ ਹੋਣ ਕਾਰਣ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ 'ਚ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਜ਼ਿਲੇ 'ਚ ਇਕ ਪੁਰਾਣੀ ਸਕੂਲ ਵੈਨ 'ਚ ਮਾਰੇ ਗਏ 4 ਮਾਸੂਮ ਬੱਚਿਆਂ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੈ. ਅਮਰਿੰਦਰ ਸਿੰਘ ਤੁਰੰਤ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਬਰਖ਼ਾਸਤ ਕਰ ਦੇਣ। ਚੀਮਾ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕੈਪਟਨ ਸਰਕਾਰ ਸਕੂਲੀ ਬੱਚਿਆਂ ਦੀ ਸੁਰੱਖਿਆ ਬਾਰੇ ਬਿਲਕੁੱਲ ਵੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਣ ਹੀ ਮਾਸੂਮ ਬੱਚਿਆਂ ਦੀਆਂ ਜਾਨਾਂ ਗਈਆਂ ਹਨ, ਕਿਉਂਕਿ ਵੈਨ 'ਚ ਸਮਰੱਥਾ ਤੋਂ ਜ਼ਿਆਦਾ ਬੱਚੇ ਬਿਠਾਏ ਗਏ ਸਨ ਅਤੇ ਵੈਨ 20 ਸਾਲ ਤੋਂ ਜ਼ਿਆਦਾ ਪੁਰਾਣੀ ਸੀ, ਜਿਸ ਦੀ ਰਜਿਸਟ੍ਰੇਸ਼ਨ ਵੀ ਨਹੀਂ ਸੀ।

ਚੀਮਾ ਨੇ ਸਿੰਗਲਾ ਨੂੰ ਸੂਬੇ ਦਾ ਸਭ ਤੋਂ ਅਯੋਗ ਸਿੱਖਿਆ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਇਹ ਦਰਦਨਾਕ ਹਾਦਸਾ ਕੋਈ ਪਹਿਲਾ ਹਾਦਸਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸਿੱਖਿਆ ਮੰਤਰੀ ਦੇ ਜ਼ਿਲੇ 'ਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। 'ਆਪ' ਆਗੂ ਨੇ ਸੂਬਾ ਸਰਕਾਰ ਕੋਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਾਈ ਰੈਗੂਲੇਟਰੀ ਬਾਡੀ ਗਠਿਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਵੇ ਤਾਂ ਕਿ ਭਵਿੱਖ 'ਚ ਅਜਿਹੀ ਦਰਦਨਾਕ ਘਟਨਾ ਨਾ ਵਾਪਰੇ।


KamalJeet Singh

Content Editor

Related News