ਕੈਪਟਨ ਸਰਕਾਰ ਵੱਲੋਂ ਰੋਡ ਟੈਕਸ ਵਧਾਉਣਾ ਲੋਕਾਂ ਦੀ ਜੇਬ ’ਤੇ ਡਾਕਾ : ਅਮਨ ਅਰੋੜਾ

02/13/2021 9:32:57 PM

ਚੰਡੀਗੜ੍ਹ, (ਸ਼ਰਮਾ)- ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵਲੋਂ ਨਵੇਂ ਵਾਹਨਾਂ ਦੀ ਖਰੀਦ ’ਤੇ ਰੋਡ ਟੈਕਸ ਵਧਾਉਣ ਦੀ ਸਖਤ ਨਿਖੇਧੀ ਕੀਤੀ ਹੈ। ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਵਾਅਦੇ ਕੁਝ ਹੋਰ ਕਰਦੀ ਹੈ ਅਤੇ ਫੈਸਲੇ ਉਸ ਤੋਂ ਉਲਟ ਲੈਂਦੀ ਹੈ। ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਵਧਦੀ ਮਹਿੰਗਾਈ ਨੇ ਪਹਿਲਾਂ ਹੀ ਪੰਜਾਬ ਦੇ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ, ਦੂਜੇ ਪਾਸੇ ਕੈ. ਅਮਰਿੰਦਰ ਸਿੰਘ ਦੀ ਸਰਕਾਰ ਲੋਕਾਂ ’ਤੇ ਟੈਕਸ ਵਧਾ ਕੇ ਹੋਰ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਅੰਤਰ ਹੈ, ਇਹ ਹੁਣ ਲੋਕਾਂ ਸਾਹਮਣੇ ਆ ਚੁੱਕਿਆ ਹੈ। ਪੰਜਾਬ ਸਰਕਾਰ ਵਲੋਂ 1 ਫੀਸਦੀ ਰੋਡ ਟੈਕਸ ਵਿਚ ਕੀਤੇ ਗਏ ਵਾਧੇ ਨਾਲ ਲੋਕਾਂ ਦੀ ਜੇਬ ’ਤੇ ਹੋਰ ਬੋਝ ਪਵੇਗਾ। ਪਹਿਲਾਂ ਹੀ ਲੋਕ 9 ਫੀਸਦੀ ਰੋਡ ਟੈਕਸ ਦੇ ਰਹੇ ਸਨ, ਜਿਨ੍ਹਾਂ ਨੂੰ ਹੁਣ 10 ਫੀਸਦੀ ਟੈਕਸ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕਾਂਗਰਸ ਕੇਂਦਰ ਸਰਕਾਰ ਵਲੋਂ ਵਧਾਏ ਗਏ ਤੇਲ ਦੀਆਂ ਕੀਮਤਾਂ ਦਾ ਵਿਰੋਧ ਕਰਦੀ ਹੋਈ ਡਰਾਮੇਬਾਜ਼ੀ ਕਰ ਰਹੀ ਹੈ, ਦੂਜੇ ਪਾਸੇ ਖੁਦ ਪੰਜਾਬ ਦੀ ਕੈਪਟਨ ਸਰਕਾਰ ਮੋਦੀ ਸਰਕਾਰ ਵਾਂਗ ਟੈਕਸਾਂ ਰਾਹੀਂ ਲੋਕਾਂ ਨੂੰ ਲੁੱਟ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੇਂਦਰ ਸਰਕਾਰ ਵਲੋਂ ਵਧਾਈਆਂ ਗਈਆਂ ਤੇਲ ਦੀਆਂ ਕੀਮਤਾਂ ਦਾ ਵਿਰੋਧ ਕਰਦਿਆਂ ਡਰਾਮੇਬਾਜ਼ੀ ਕਰ ਰਹੇ ਹਨ ਪਰ ਪਿਛਲੇ ਦਿਨੀਂ ਕਾਂਗਰਸ ਦੀ ਕੈਪਟਨ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ’ਤੇ ਸੈੱਸ ਲਗਾਇਆ ਤਾਂ ਇਸ ਵਿਰੁੱਧ ਉਨ੍ਹਾਂ ਕੋਈ ਸ਼ਬਦ ਨਹੀਂ ਬੋਲਿਆ। ਕੈਪਟਨ ਸਰਕਾਰ ਨੇ ਜੋ ਵੀ ਸੱਤਾ ਵਿਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਤਾਂ ਕੀ ਕਰਨਾ ਸੀ, ਸਗੋਂ ਲੋਕਾਂ ਉੱਤੇ ਹੋਰ ਬੋਝ ਪਾਉਣ ਦੇ ਇਰਾਦੇ ਨਾਲ ਹੀ ਹਮੇਸ਼ਾ ਕੰਮ ਕਰਦੀ ਆ ਰਹੀ ਹੈ।


Bharat Thapa

Content Editor

Related News