ਮੋਦੀ ਸਰਕਾਰ ਨੂੰ 10 ਨੰਬਰ , ਕੈਪਟਨ ਸਰਕਾਰ ਨੂੰ ਜ਼ੀਰੋ : ਮਾਸਟਰ ਮੋਹਨ ਲਾਲ

Friday, Mar 13, 2020 - 10:37 AM (IST)

ਮੋਦੀ ਸਰਕਾਰ ਨੂੰ 10 ਨੰਬਰ , ਕੈਪਟਨ ਸਰਕਾਰ ਨੂੰ ਜ਼ੀਰੋ : ਮਾਸਟਰ ਮੋਹਨ ਲਾਲ

ਫਗਵਾੜਾ/ਜਲੰਧਰ (ਜਲੋਟਾ) - ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ਸਾਫ ਸ਼ਬਦਾਂ ’ਚ ਕਿਹਾ ਹੈ ਕਿ ਸੂਬੇ ’ਚ ਹੁਣ ਰਾਜਾਸ਼ਾਹੀ ਦਾ ਦੌਰ ਚੱਲਣ ਵਾਲਾ ਨਹੀਂ ਹੈ। ਇਸ ਨਾਲ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੰਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਗਠਜੋੜ ਧਰਮ ’ਤੇ ਬਾਰੀਕੀ ਨਾਲ ਧਿਆਨ ਦੇਣ ਦੀ ਖੁੱਲ੍ਹੇ ਮਨ ਨਾਲ ਸਲਾਹ ਦਿੱਤੀ ਹੈ। ਪੰਜਾਬ ’ਚ ‘ਆਪ’ ਤੇ ਭਵਿੱਖ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਦਾ ਕੋਈ ਅਧਾਰ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਅਹਿਮ ਰਾਜਸੀ ਮੁੱਦਿਆਂ ’ਤੇ ਲੰਬੀ ਚਰਚਾ ਕੀਤੀ। ਪੇਸ਼ ਹਨ ਉਨ੍ਹਾਂ ਦੇ ਨਾਲ ਹੋਈ ਅਹਿਮ ਗੱਲਬਾਤ ਦੇ ਮੁੱਖ ਅੰਸ਼।

ਸਵਾਲ- ਪੰਜਾਬ ’ਚ ਕੈਪਟਨ ਸਰਕਾਰ ਨੂੰ ਕਿੰਨੀ ਰੇਟਿੰਗ ਦਿੰਦੇ ਹੋ?
ਉੱਤਰ- ਹੱਸਦੇ ਹੋਏ ਗੰਭੀਰ ਮੁਦਰਾ ’ਚ ‘ਜ਼ੀਰੋ’। ਮੈਂ ਇਸ ਲਈ ਜ਼ੀਰੋ ਦੇ ਰਿਹਾ ਹਾਂ ਕਿਉਂਕਿ ਕੈਪਟਨ ਸਰਕਾਰ ਜਨਤਾ ਨੂੰ ਖੁਸ਼ ਕਰਨਾ ਤਾਂ ਦੂਰ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਇੱਛਾ ਅਨੁਸਾਰ ਨਹੀਂ ਚੱਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣਾ ਤਾਂ ਉਨ੍ਹਾਂ ਦੇ ਮੰਤਰੀ ਅਤੇ ਵਿਧਾਇਕਾਂ ਲਈ ਮੁਸ਼ਕਿਲ ਹੈ। ਆਮ ਜਨਤਾ ਦੀ ਤਾਂ ਗੱਲ ਹੀ ਛੱਡੋ। ਪਿਛਲੇ 3 ਸਾਲਾਂ ’ਚ ਕੈਪਟਨ ਸਰਕਾਰ ਦੀ ਕਾਰਜਸ਼ੈਲੀ ਬਹੁਤ ਨਿਰਾਸ਼ਾਜਨਕ ਰਹੀ ਹੈ। ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ’ਚ ਆਈ ਕਾਂਗਰਸ ਸਰਕਾਰ ਅੱਜ ਤੱਕ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਪੰਜਾਬ ਬਰਬਾਦ ਹੋ ਰਿਹਾ ਹੈ। ਸੂਬੇ ’ਚ ਨਸ਼ਿਆਂ ਦਾ ਹੜ੍ਹ ਹੈ। ਅਪਰਾਧੀਆਂ ਦੇ ਹੌਸਲੇ ਬੁਲੰਦੀਆਂ ’ਤੇ ਹਨ ਅਤੇ ਸਧਾਰਨ ਲੋਕ ਕੈਪਟਨ ਸਰਕਾਰ ਨੂੰ ਲੈ ਕੇ ਖੂਨ ਦੇ ਅੱਥਰੂ ਰੋ ਰਹੇ ਹਨ।

ਸਵਾਲ- ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ’ਚ ‘ਆਪ’ ਦਾ ਕੀ ਭਵਿੱਖ ਹੋਵੇਗਾ?
ਉੱਤਰ- ਮੈਂ ਨਹੀਂ ਸਮਝਦਾ ਕਿ ਪੰਜਾਬ ’ਚ ‘ਆਪ’ ਦਾ ਵਜੂਦ ਹੈ। ਇਸ ਲਈ ਇਹ ਸਵਾਲ ਫਿਲਹਾਲ ਮੁਨਾਸਿਬ ਨਹੀਂ ਹੈ।

 ਪੜ੍ਹੋ ਇਹ ਖਬਰ ਵੀ  -  ਝੂਠੀਆਂ ਸਹੁੰਆਂ ਖਾ ਕੇ ਸੱਤਾ ਆਈ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਜ਼ੀਰੋ: ਮਾਨ

ਸਵਾਲ- ਗਠਜੋੜ ਸਬੰਧੀ ਭਾਜਪਾ ਦੀ ਕੀ ਸੋਚ ਹੈ?
ਉੱਤਰ-ਮੈਂ ਸਮਝਦਾ ਹਾਂ ਕਿ ਸਮਾਂ ਆ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ’ਚ ਆਪਣੇ ਦਮ ’ਤੇ ਅਗਲੀਆਂ ਵਿਧਾਨ ਸਭਾ ਚੋਣਾਂ ਲੜੇ ਅਤੇ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੰਗੇ ਅਤੇ ਤਾਕਤਵਰ ਉਮੀਦਵਾਰਾਂ, ਜਿਨ੍ਹਾਂ ਦਾ ਜਨਤਾ ਵਿਚ ਚੰਗਾ ਰਸੂਖ ਹੋਵੇ, ਮੈਦਾਨ ’ਚ ਉਤਾਰੇ। ਮੇਰਾ ਵਿਅਕਤੀਗਤ ਦਾਅਵਾ ਹੈ ਕਿ ਭਾਜਪਾ ਆਪਣੇ ਦਮ ’ਤੇ ਇਕੱਲੀ 40 ਤੋਂ 50 ਵਿਧਾਨ ਸਭਾ ਸੀਟਾਂ ਜਿੱਤੇਗੀ।

ਸਵਾਲ- ਫਿਰ ਅਕਾਲੀ-ਭਾਜਪਾ ਗਠਜੋੜ ਦਾ ਕੀ ਹੋਵੇਗਾ?
ਉੱਤਰ- ਹੱਸਦੇ ਹੋਏ, ਮੌਜੂਦਾ ਸਮੇਂ ’ਚ ਜੋ ਰਾਜਸੀ ਦ੍ਰਿਸ਼ ’ਚ ਸਬੰਧ ਸ਼੍ਰੋਮਣੀ ਅਕਾਲੀ ਦਲ (ਬਾਦਲ) ’ਚ ਬਣਿਆ ਹੋਇਆ ਹੈ, ਉਸ ਸਬੰਧੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਾਰੀਕੀ ਨਾਲ ਮੰਥਨ ਕਰਨਾ ਚਾਹੀਦਾ ਹੈ। ਬਾਦਲ ਨੂੰ ਚਾਹੀਦਾ ਹੈ ਕਿ ਉਹ ਗਠਜੋੜ ਧਰਮ ਦੀ ਅਹਿਮੀਅਤ ਨੂੰ ਸਮਝੇ ਅਤੇ ਜੋ ਭਾਜਪਾ ਚਾਹੁੰਦੀ ਹੈ, ਉਸ ਅਨੁਸਾਰ ਸਿਆਸੀ ਤੌਰ ’ਤੇ ਕੰਮ ਕਰੇ। ਜੇਕਰ ਅਜਿਹਾ ਨਹੀਂ ਹੋਇਆ ਤਾਂ ਅਕਾਲੀ ਦਲ (ਬਾਦਲ) ਲਈ ਆਉਣ ਵਾਲਾ ਸਮਾਂ ਬਹੁਤ ਚੁਣੌਤੀ ਪੂਰਨ ਹੋਣ ਵਾਲਾ ਹੈ, ਜਿਸ ਦੇ ਨਤੀਜੇ ਖਤਰਨਾਕ ਹੋਣਗੇ।

ਸਵਾਲ- ਕੀ ਅਕਾਲੀ-ਬਸਪਾ ਗਠਜੋੜ ਹੋਵੇਗਾ?
ਉੱਤਰ -ਕਦੇ ਨਹੀਂ। ਇਹ ਸੁਣਨ ’ਚ ਭਾਵੇਂ ਚੰਗਾ ਲੱਗੇ ਪਰ ਅਸਲੀ ਗਠਜੋੜ ਤਾਂ ਭਾਜਪਾ ਦੇ ਨਾਲ ਹੀ ਸਹੀ ਦਿਖਾਈ ਦਿੰਦਾ ਹੈ। ਪੰਜਾਬ ’ਚ ਅਕਾਲੀ-ਭਾਜਪਾ ਗਠਜੋੜ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਹੈ, ਜਿਸ ਨੂੰ ਪੰਜਾਬ ਦੇ ਲੋਕਾਂ ਨੇ ਦਿਲ ਤੋਂ ਸਮਰਥਨ ਦਿੱਤਾ ਹੈ। ਅੱਗੇ ਰਾਜਨੀਤੀ ’ਚ ਕਦੋਂ ਕੀ ਹੋ ਜਾਵੇ, ਇਹ ਤਾਂ ਆਪਣੇ ਆਪ ’ਚ ਰਾਜ ਦੀ ਨੀਤੀ ਹੈ। ਬਿਹਤਰ ਇਹੀ ਹੋਵੇਗਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਜਸੀ ਹਾਲਾਤ ਨੂੰ ਸਮਝਣ ਅਤੇ ਭਾਜਪਾ ਨੂੰ ਬਤੌਰ ਗਠਜੋੜ ਸਹਿਯੋਗੀ ਬਣਦਾ ਸਨਮਾਨ ਦੇਣ।

 ਪੜ੍ਹੋ ਇਹ ਖਬਰ ਵੀ  -  ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋਈ : ਤੋਤਾ ਸਿੰਘ

ਸਵਾਲ : ਪਰ ਭਾਜਪਾ ਨਾਲ ਗਠਜੋੜ ’ਤੇ ਸਹਿਯੋਗੀ ਖੁਸ਼ ਨਹੀਂ, ਮਹਾਰਾਸ਼ਟਰ ਇਸ ਦੀ ਤਾਜ਼ਾ ਮਿਸਾਲ ਹੈ?
ਉੱਤਰ : ਤੁਸੀਂ ਗੱਲ ਸ਼ਿਵ ਸੈਨਾ (ਬਾਲ ਠਾਕਰੇ) ਦੀ ਕਰ ਰਹੇ ਹੋ ਤਾਂ ਬਿਨਾਂ ਸ਼ੱਕ ਭਾਜਪਾ ਲਈ ਵੀ ਇਹ ਗੰਭੀਰ ਮੰਥਨ ਦਾ ਸਮਾਂ ਹੈ। ਮੈਂ ਸਮਝਦਾ ਹਾਂ ਕਿ ਭਾਜਪਾ ਨੂੰ ਵੀ ਆਪਣੇ ਗਠਜੋੜ ਦੇ ਸਹਿਯੋਗੀਆਂ ਨੂੰ ਪੂਰਾ ਸਨਮਾਨ ਦੇਣਾ ਚਾਹੀਦਾ ਹੈ। ਆਖਿਰ ਇਹੀ ਤਾਂ ਗਠਜੋੜ ਧਰਮ ਹੈ, ਜਿਸ ਦੀ ਗੱਲ ਮੈਂ ਕਰ ਰਿਹਾ ਹਾਂ ਅਤੇ ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪੂਰਾ ਕਰ ਕੇ ਦਿਖਾਇਆ ਸੀ।

ਸਵਾਲ : ਪਰ ਲੋਕਾਂ ਦਾ ਤਾਂ ਭਾਜਪਾ ਤੋਂ ਮੋਹ ਭੰਗ ਹੁੰਦਾ ਦਿਖਾਈ ਦੇ ਰਿਹਾ ਹੈ?
ਉੱਤਰ : ਅਜਿਹਾ ਬਿਲਕੁਲ ਨਹੀਂ ਹੈ। ਦੇਸ਼ ’ਚ ਮੋਦੀ ਲਹਿਰ ਚੱਲ ਰਹੀ ਹੈ। ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਦਿਲੋਂ ਪਸੰਦ ਕਰਦੇ ਹਨ।

ਸਵਾਲ : ਜੇਕਰ ਮੋਦੀ ਲਹਿਰ ਹੈ ਤਾਂ ਫਿਰ ਭਾਜਪਾ ਦਿੱਲੀ ’ਚ ਚੋਣਾਂ ਕਿਉਂ ਹਾਰ ਗਈ?
ਉੱਤਰ : ਇਹ ਮਾਮਲਾ ਬਹੁਤ ਗੰਭੀਰ ਹੈ। ਬਿਨਾਂ ਸ਼ੱਕ ਦਿੱਲੀ ’ਚ ਸੰਨ 1951 ਤੋਂ ਆਰ. ਐੱਸ. ਐੱਸ. ਬਹੁਤ ਮਜ਼ਬੂਤ ਹੈ। ਇਸ ਹਾਲਾਤ ’ਚ ਜੇਕਰ ਪਾਰਟੀ ਦਿੱਲੀ ’ਚ ਚੋਣ ਹਾਰੀ ਹੈ ਤਾਂ ਇਸ ਬਾਰੇ ਗੰਭੀਰ ਮੰਥਨ ਕਰਨ ਦੀ ਲੋੜ ਹੈ। ਦਿੱਲੀ ’ਚ ਸਿਆਸੀ ਹਾਲਾਤ ਕੁਝ ਹੋਰ ਸਨ, ਜਿਸ ਕਾਰਣ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਸਵਾਲ : ਦੇਸ਼ ’ਚ ਬੈਂਕ ਬੰਦ ਹੋ ਰਹੇ ਹਨ, ਆਰਥਿਕ ਮੰਦੀ ਹੈ, ਵਪਾਰੀ ਪ੍ਰੇਸ਼ਾਨ ਹਨ, ਦੰਗੇ ਹੋ ਰਹੇ ਹਨ ਪਰ ਇਸ ਸਭ ’ਤੇ ਮੋਦੀ ਸਰਕਾਰ ਕੀ ਕਰ ਰਹੀ ਹੈ?
ਉੱਤਰ : ਇਹ ਜੋ ਦੇਸ਼ ’ਚ ਤੰਗ ਆਰਥਿਕ ਹਾਲਾਤ ਬਣੇ ਹਨ, ਇਸ ਦਾ ਕਾਰਣ ਕੌਮਾਂਤਰੀ ਪੱਧਰ ’ਤੇ ਆਰਥਿਕ ਮੋਰਚੇ ’ਤੇ ਤੇਜ਼ੀ ਨਾਲ ਘੱਟ ਰਹੇ ਗੰਭੀਰ ਘਟਨਾਕ੍ਰਮ ਹਨ। ਇਸ ਲਈ ਮੋਦੀ ਸਰਕਾਰ ਨੂੰ ਕਿਸੇ ਵੀ ਪੱਧਰ ’ਤੇ ਦੋਸ਼ ਨਹੀਂ ਠਹਿਰਾਇਆ ਜਾ ਸਕਦਾ।

ਸਵਾਲ : ਭਾਜਪਾ ’ਤੇ ਦੋਸ਼ ਲੱਗ ਰਹੇ ਹਨ ਕਿ ਉਹ ਸੂਬਾ ਸਰਕਾਰਾਂ ਨੂੰ ਅਸਥਿਰ ਕਰ ਰਹੀ ਹੈ?
ਉੱਤਰ : ਜ਼ੋਰ ਨਾਲ ਹੱਸਦੇ ਹੋਏ, ਤੁਹਾਡਾ ਇਸ਼ਾਰਾ ਮੱਧ ਪ੍ਰਦੇਸ਼ ’ਚ ਵਾਪਰੇ ਸਿਆਸੀ ਘਟਨਾਕ੍ਰਮ ਵਲ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸ਼੍ਰੀ ਜਿਓਤਿਰਦਿੱਤਿਆ ਸਿੰਧੀਆ ਦਾ ਪਰਿਵਾਰ ਹਮੇਸ਼ਾ ਭਾਜਪਾ ਨਾਲ ਰਿਹਾ ਹੈ। ਸ਼੍ਰੀ ਸਿੰਧੀਆ ਦਾ ਭਾਜਪਾ ’ਚ ਆਉਣਾ ਸੰਯੋਗ ਨਹੀਂ ਸਗੋਂ ਪਰਿਵਾਰਕ ਪ੍ਰੰਪਰਾ ਦੀ ਪੂਰਤੀ ਹੈ।

ਸਵਾਲ : ਮੋਦੀ ਸਰਕਾਰ ਨੂੰ ਕਿੰਨੀ ਰੇਟਿੰਗ ਦਿੰਦੇ ਹੋ?
ਉੱਤਰ : 10 ’ਚੋਂ 10, ਕਿਉਂਕਿ ਕੇਂਦਰ ’ਚ ਇਕ ਅਜਿਹੀ ਸਮਰਪਿਤ ਸਰਕਾਰ ਕੰਮ ਕਰ ਰਹੀ ਹੈ ਜੋ ‘ਸਭ ਕਾ ਸਾਥ, ਸਭ ਕਾ ਵਿਕਾਸ’ ਨੂੰ ਆਧਾਰ ਬਣਾ ਕੇ ਜਨਹਿਤ ਸੋਚ ਰਹੀ ਹੈ। ਆਲੋਚਨਾਵਾਂ ਪਹਿਲਾਂ ਵੀ ਹੁੰਦੀਆਂ ਸਨ, ਅੱਜ ਵੀ ਹੋ ਰਹੀਆਂ ਹਨ ਅਤੇ ਅੱਗੇ ਵੀ ਹੋਣਗੀਆਂ ਪਰ ਅਹਿਮ ਗੱਲ ਇਹ ਹੈ ਕਿ ਅਸੀਂ ਅਜਿਹੇ ਯੁੱਗ ’ਚ ਪ੍ਰਵੇਸ਼ ਕਰ ਚੁੱਕੇ ਹਾਂ, ਜਿਥੇ ਭਾਰਤ ਵਿਸ਼ਵ ਸ਼ਕਤੀ ਬਣ ਕੇ ਉੱਭਰੇਗਾ।

ਇਸ ਤੋਂ ਇਲਾਵਾ ਮਾਸਟਰ ਮੋਹਨ ਲਾਲ ਨੂੰ ਕਈ ਹੋਰ ਵਿਸ਼ਿਆਂ ਬਾਰੇ ਸਵਾਲ ਪੁੱਛੇ ਗਏ ਅਤੇ ਉਨ੍ਹਾਂ ਨੇ ਹਰ ਸਵਾਲ ਦਾ ਜਵਾਬ ਦਿੱਤਾ। ਭਾਵੇਂ ਦੇਸ਼ ’ਚ ਲਾਗੂ ਹੋਈ ਨੋਟਬੰਦੀ, ਜੀ. ਐੱਸ. ਟੀ., ਕਰ-ਪ੍ਰਣਾਲੀ ਅਤੇ ਮੌਜੂਦਾ ’ਚ ਦੇਸ਼ ’ਚ ਬਣ ਰਹੇ ਗੰਭੀਰ ਆਰਥਿਕ ਸੰਕਟ, ਜਿਸ ਕਾਰਣ ਕਾਫੀ ਨਿੱਜੀ ਬੈਂਕ ਬੰਦ ਹੋ ਰਹੇ ਹਨ ਅਤੇ ਲੋਕਾਂ ’ਚ ਆਪਣੀ ਜਮ੍ਹਾ ਪੂੰਜੀ ਨੂੰ ਲੈ ਕੇ ਚਿੰਤਾ ਹੈ, ਸਬੰਧੀ ਪੁੱਛੇ ਗਏ ਸਵਾਲਾਂ ’ਤੇ ਮਾਸਟਰ ਮੋਹਨ ਲਾਲ ਨੇ ਬਿਨਾਂ ਕੋਈ ਸਿਆਸੀ ਟਿੱਪਣੀ ਕੀਤੇ ਮੁਸਕਰਾਉਣਾ ਹੀ ਬਿਹਤਰ ਸਮਝਿਆ।


author

rajwinder kaur

Content Editor

Related News