ਕਰਜ਼ਾ ਮੁਆਫੀ ਸੂਚੀਆਂ ''ਚ ਗੜਬੜੀ ਦੀ ਕੈਪਟਨ ਵੱਲੋਂ ਰਿਪੋਰਟ ਤਲਬ
Friday, Jan 05, 2018 - 08:13 AM (IST)
ਚੰਡੀਗੜ੍ਹ (ਭੁੱਲਰ)-ਕੈਪਟਨ ਸਰਕਾਰ ਦੀ 2 ਲੱਖ ਤੱਕ ਦੀ ਐਲਾਨੀ ਗਈ ਕਰਜ਼ਾ ਮੁਆਫੀ ਯੋਜਨਾ ਸ਼ੁਰੂ ਕਰਨ ਲਈ ਸੂਬੇ 'ਚ ਅਧਿਕਾਰੀਆਂ ਵੱਲੋਂ ਵੱਖ-ਵੱਖ ਜ਼ਿਲਿਆਂ ਵਿਚੋਂ ਲਈਆਂ ਸੂਚੀਆਂ 'ਚ ਗੜਬੜੀਆਂ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਿਤ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਅਨੁਸਾਰ ਸੂਚੀਆਂ 'ਤੇ ਮੁੜ ਵਿਚਾਰ ਕਰ ਕੇ ਖਾਮੀਆਂ ਅਤੇ ਹੋਰ ਗੜਬੜੀਆਂ ਨੂੰ ਦੂਰ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਦੇ ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਵੀ ਇਸ ਸਬੰਧ ਵਿਚ ਜ਼ਿਲਾ ਅਧਿਕਾਰੀਆਂ ਨਾਲ ਗੱਲ ਕੀਤੀ ਹੈ।
ਜ਼ਿਕਰਯੋਗ ਹੈ ਕਿ 7 ਜਨਵਰੀ ਨੂੰ ਮਾਨਸਾ ਜ਼ਿਲੇ 'ਚ ਸੂਬਾ ਪੱਧਰੀ ਕਰਜ਼ਾ ਮੁਆਫੀ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ ਅਤੇ ਇਸ ਪ੍ਰੋਗਰਾਮ 'ਚ ਮੁੱਖ ਮੰਤਰੀ ਨੇ ਖੁਦ ਵੀ ਸ਼ਾਮਲ ਹੋਣਾ ਹੈ। ਕਰਜ਼ਾ ਮੁਆਫੀ ਦੀਆਂ ਸੂਚੀਆਂ ਸਰਕਾਰੀ ਦਫਤਰਾਂ 'ਚ ਲੱਗਣ ਤੋਂ ਬਾਅਦ ਕਿਸਾਨਾਂ ਨੇ ਇਨ੍ਹਾਂ 'ਤੇ ਇਤਰਾਜ਼ ਪ੍ਰਗਟ ਕਰਦਿਆਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਇਸ ਕਾਰਨ ਹੋਣ ਵਾਲੇ ਰਾਜ ਪੱਧਰੀ ਸਮਾਰੋਹ 'ਤੇ ਵੀ ਖਤਰੇ ਦੇ ਬੱਦਲ ਦਿਖਾਈ ਦੇਣ ਲੱਗੇ ਹਨ। ਇਸ ਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਵੱਲੋਂ ਜਾਰੀ ਸੂਚੀਆਂ ਬਾਰੇ ਰਿਪੋਰਟ ਮੰਗੀ ਗਈ ਹੈ। ਕਿਸਾਨ ਆਗੂਆਂ ਵੱਲੋਂ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਜਾਰੀ ਸੂਚੀਆਂ ਵਿਚ ਅਸਲੀ ਹੱਕਦਾਰ ਛੋਟੇ ਕਿਸਾਨ ਬਾਹਰ ਕਰ ਦਿੱਤੇ ਗਏ ਹਨ। ਅਧਿਕਾਰੀਆਂ 'ਤੇ ਸੂਚੀਆਂ ਬਣਾਉਣ ਸਮੇਂ ਪੱਖਪਾਤ ਦੇ ਦੋਸ਼ ਲਾਉਂਦਿਆਂ ਕਿਹਾ ਗਿਆ ਹੈ ਕਿ ਕਈ ਥਾਵਾਂ 'ਤੇ ਅਸਰ ਰਸੂਖ ਵਾਲੇ ਵੱਡੇ ਕਿਸਾਨਾਂ ਦੇ ਇਕੋ ਪਰਿਵਾਰ ਦੇ 2-2 ਮੈਂਬਰਾਂ ਦੇ ਨਾਮ ਵੀ ਸ਼ਾਮਲ ਹਨ। ਕੁਝ ਥਾਵਾਂ 'ਤੇ ਆੜ੍ਹਤੀਏ ਅਤੇ ਸ਼ੈਲਰ ਮਾਲਕਾਂ ਦੇ ਨਾਮ ਸ਼ਾਮਲ ਹੋਣ ਦੇ ਦੋਸ਼ ਤੱਕ ਕਿਸਾਨ ਯੂਨੀਅਨਾਂ ਵੱਲੋਂ ਲਾਏ ਗਏ ਹਨ।
