ਮੱਤੇਵਾੜਾ ਟੈਕਸਟਾਈਲ ਪਾਰਕ ਪ੍ਰਾਜੈਕਟ ਰੱਦ ਹੋਣ ’ਤੇ ਕੈਪਟਨ ਨੇ ਜਤਾਇਆ ਦੁੱਖ, ਕਹੀਆਂ ਇਹ ਗੱਲਾਂ

07/11/2022 11:07:59 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੱਤੇਵਾੜਾ ਟੈਕਸਟਾਈਲ ਪਾਰਕ ਪ੍ਰਾਜੈਕਟ ਨੂੰ ਰੱਦ ਕੀਤੇ ਜਾਣ ’ਤੇ ਅਫਸੋਸ ਜ਼ਾਹਿਰ ਕਰਦਿਆਂ ਇਸ ਨੂੰ ਸਭ ਤੋਂ ਪਿਛਾਖੜੀ ਅਤੇ ਘੱਟ ਨਜ਼ਰੀਏ ਵਾਲਾ ਫ਼ੈਸਲਾ ਕਰਾਰ ਦਿੱਤਾ ਹੈ। ਪ੍ਰਾਜੈਕਟ ਦੇ ਖ਼ਿਲਾਫ਼ ਸ਼ੁਰੂ ਕੀਤੇ ਗਏ ਵਿਰੋਧ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਟੈਕਸਟਾਈਲ ਪਾਰਕ ਮੱਤੇਵਾੜਾ ਜੰਗਲੀ ਖੇਤਰ ਦੇ ਅੰਦਰ ਨਹੀਂ ਆਉਣਾ ਸੀ, ਜਿਵੇਂ ਕਿ ਕਿਹਾ ਜਾ ਰਿਹਾ ਹੈ, ਸਗੋਂ ਇਸ ਤੋਂ ਬਾਹਰ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਤਾਵਰਣ ਦੀਆਂ ਸਾਰੀਆਂ ਚਿੰਤਾਵਾਂ ਦੇ ਹੱਲ ਦਾ ਧਿਆਨ ਰੱਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਪਾਰਕ ਨੂੰ ਮਨਜ਼ੂਰੀ ਦਿੱਤੀ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਅਫਸੋਸ ਜ਼ਾਹਿਰ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਢਲੇ ਤੌਰ ’ਤੇ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕਰਨ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਕਿਉਂਕਿ ਕੁਝ ਲੋਕਾਂ ਨੇ ਬਿਨਾਂ ਕਿਸੇ ਜਾਇਜ਼ ਜਾਂ ਵਾਤਾਵਰਣ ਬਾਰੇ ਤਕਨੀਕੀ ਤੇ ਵਿਗਿਆਨਕ ਜਾਣਕਾਰੀ ਤੋਂ ਬਿਨਾਂ ਇਸ ਦਾ ਵਿਰੋਧ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ :  ਮਾਨ ਸਰਕਾਰ ਦੀ ਵੱਡੀ ਪਹਿਲਕਦਮੀ, ਹੁਣ ਘਰ ਬੈਠੇ ਪੁਲਸ ਕੋਲ ਦਰਜ ਕਰਵਾ ਸਕੋਗੇ ਸ਼ਿਕਾਇਤ, ਜਾਣੋ ਕਿਵੇਂ

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਟੈਕਸਟਾਈਲ ਪਾਰਕ ਦੇਸ਼ ਭਰ ’ਚ ਬਣ ਰਹੇ ਅਜਿਹੇ ਸੱਤ ਪਾਰਕਾਂ ’ਚੋਂ ਇਕ ਹੈ। ਇਹ ਟੈਕਸਟਾਈਲ ਪਾਰਕ ਸੰਯੁਕਤ ਰਾਸ਼ਟਰ ਸਸਟੇਨੇਬਲ ਡਿਵੈੱਲਪਮੈਂਟ ਟੀਚਾ 9 ਦੇ ਅਨੁਸਾਰ ਟਿਕਾਊ ਉਦਯੋਗੀਕਰਨ ਦੇ ਖ਼ਾਸ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਸੀ, ਜੋ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਉਨ੍ਹਾਂ ਕਿਹਾ ਕਿ ਅਜਿਹੀ ਪਹੁੰਚ ਨਾਲ ਪਹਿਲਾਂ ਹੀ ਜ਼ਮੀਨ ਦੀ ਘਾਟ ਵਾਲੇ ਪੰਜਾਬ ’ਚ ਕੋਈ ਉਦਯੋਗੀਕਰਨ ਨਹੀਂ ਹੋ ਸਕਦਾ। ਉਨ੍ਹਾਂ ਕਿਹਾ, “ਜਦੋਂ ਪੰਜਾਬ ਅਜਿਹੇ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਨਿਵੇਸ਼ ਨਹੀਂ ਆ ਰਿਹਾ ਹੈ, ਤਾਂ ਅਜਿਹਾ ਪਿਛਾਖੜੀ ਫ਼ੈਸਲਾ ਉਦਯੋਗਾਂ ਨੂੰ ਇਥੇ ਆਉਣ ਤੋਂ ਹੋਰ ਨਿਰਾਸ਼ ਕਰੇਗਾ”।

ਇਹ ਖ਼ਬਰ ਵੀ ਪੜ੍ਹੋ : ਪਟਿਆਲਾ ’ਚ ਵਾਪਰਿਆ ਭਿਆਨਕ ਹਾਦਸਾ, CID ਇੰਸਪੈਕਟਰ ਦੀ ਟਰੇਨ ਥੱਲੇ ਆਉਣ ਨਾਲ ਦਰਦਨਾਕ ਮੌਤ

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਮਹੱਤਵਪੂਰਨ ਫ਼ੈਸਲਾ ਇੰਨੀ ਜਲਦਬਾਜ਼ੀ ’ਚ ਨਹੀਂ ਲਿਆ ਜਾਣਾ ਚਾਹੀਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਧਿਆਨ ਦਿਵਾਇਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪ੍ਰੋਜੈਕਟ ਦੀ ਜਾਂਚ ਕਰਨ ਲਈ ਪਹਿਲਾਂ ਹੀ ਇਕ ਮਾਹਿਰ ਕਮੇਟੀ ਦਾ ਗਠਨ ਕੀਤਾ ਹੈ ਅਤੇ ਕੁਝ ਕੁਆਰਟਰਾਂ ਤੋਂ ਉਠਾਏ ਗਏ ਇਤਰਾਜ਼ਾਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਸ ਦੇ ਫ਼ੈਸਲੇ ਦੀ ਉਡੀਕ ਕਰਨੀ ਚਾਹੀਦੀ ਸੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰਾਜੈਕਟ ਦੀ ਹਮਾਇਤ ਕਰਨ ਅਤੇ ਜ਼ਮੀਨ ਐਕਵਾਇਰ ਕਰਨ ਲਈ ਫੰਡਾਂ ਦਾ ਐਲਾਨ ਕਰਨ ਕਰਨ ਤੋਂ ਇਹ ਬਾਅਦ ਯੂ-ਟਰਨ ਲਿਆ।
.


Manoj

Content Editor

Related News