ISI ਦੀ ਏਜੰਟ ਨੂੰ ਮਹਿਮਾਨ ਬਣਾ ਕੇ ਘਰ ’ਚ ਰੱਖਣ ਵਾਲਾ ਕੈਪਟਨ ਭਾਜਪਾ ਲਈ ਹੋਇਆ ਦੇਸ਼ ਭਗਤ : ਹਰਪਾਲ ਚੀਮਾ
Thursday, Oct 21, 2021 - 07:30 PM (IST)
ਚੰਡੀਗੜ੍ਹ (ਬਿਊਰੋ) : ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣ ਦੀ ਹਰਪਾਲ ਸਿੰਘ ਚੀਮਾ ਨੇ ਸਖ਼ਤ ਸ਼ਬਦਾਂ ’ਚ ਆਲੋਚਨਾ ਕੀਤੀ ਹੈ। ‘‘ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਦੇਸ਼ ਦੇ ਕਿਸਾਨ ਭਾਰਤੀ ਜਨਤਾ ਪਾਰਟੀ ਨੂੰ ਅੱਤਵਾਦੀ, ਵੱਖਵਾਦੀ ਅਤੇ ਖਾਲਿਸਤਾਨੀ ਲੱਗਦੇ ਹਨ ਪਰ ਪਾਕਿਸਤਾਨੀ ਏਜੰਸੀ ਆਈ. ਐੱਸ. ਆਈ ਦੀ ਏਜੰਟ ਨੂੰ ਮਹਿਮਾਨ ਬਣਾ ਕੇ ਘਰ ਵਿੱਚ ਰੱਖਣ ਵਾਲਾ ਕੈਪਟਨ ਅਮਰਿੰਦਰ ਸਿੰਘ ਦੇਸ਼ ਭਗਤ ਲੱਗਦਾ। ਕੀ ਇਹੋ ਭਾਜਪਾ ਦੀ ਦੇਸ਼ ਭਗਤੀ ਹੈ?’’ ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਦੇਸ਼ ਦੀ ਰੱਖਿਆ ਕਰਦਿਆਂ ਜਾਨਾਂ ਵਾਰਨ ਵਾਲੇ ਅਤੇ ਸੱਪਾਂ ਦੀਆਂ ਸਿਰੀਆਂ ਮਸਲ ਕੇ ਦੇਸ਼ ਨੂੰ ਅੰਨ ਦੇਣ ਵਾਲੇ ਕਿਸਾਨ- ਮਜ਼ਦੂਰ ਅਤੇ ਕਿਸਾਨਾਂ- ਮਜ਼ਦੂਰਾਂ ਦੇ ਪੁੱਤ ਅੱਤਵਾਦੀ ਦਿਖਦੇ ਹਨ, ਜੋ ਨਰਿੰਦਰ ਮੋਦੀ ਦੀ ਹਿਟਲਰ ਸ਼ਾਹੀ ਖਿਲਾਫ਼ ਸੰਰਘਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਸੱਤਾ ’ਤੇ ਕਾਬਜ ਹੋਣ ਦੀ ਲਾਲਸਾ ਰੱਖਣ ਵਾਲੀ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਅੱਜ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸਾਬਕਾ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਭਗਤ ਆਖ ਕੇ ਉਸ ਦੇ ਗੁਣ ਗਾਉਣ ਲੱਗੇ ਹਨ, ਜਿਸ ਕੈਪਟਨ ਅਮਰਿੰਦਰ ਸਿੰਘ ਨੇ ਆਈ.ਐਸ.ਆਈ ਏਜੰਟ ਨੂੰ ਮਹਿਮਾਨ ਬਣਾ ਕੇ ਰੱਖਿਆ, ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੀ, ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ, ਕੋਟਕਪੂਰਾ ਗੋਲੀ ਦੇ ਦੋਸ਼ੀਆਂ ਅਤੇ ਸਾਜਿਸ਼ਕਾਰਾਂ ਨੂੰ ਹੱਥ ਨਹੀਂ ਪਾਇਆ ਅਤੇ ਨਾ ਹੀ ਨਸ਼ੇ- ਟਰਾਂਸਪੋਰਟ ਦੇ ਵੱਡੇ ਸਮਗਲਰਾਂ ਨੂੰ ਨੱਥ ਪਾਈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਮਚੀ ਹਲਚਲ ਵਿਚਾਲੇ ਵੱਡੀ ਖ਼ਬਰ : ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ,‘‘ਕਾਂਗਰਸੀ ਆਗੂ ਅਤੇ ਮੰਤਰੀ ਦੱਸਣ ਕਿ ਹੁਣ ਉਨ੍ਹਾਂ ਦਾ ਅਰੂਸਾ ਆਲਮ ਦੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ’ਤੇ ਰਹਿਣ ਬਾਰੇ ਕੀ ਸਟੈਂਡ ਹੈ? ਕੀ ਕਾਂਗਰਸੀਆਂ ਨੂੰ ਉਸ ਸਮੇਂ ਪਤਾ ਨਹੀਂ ਸੀ ਕਿ ਅਰੂਸਾ ਆਲਮ ਆਈ. ਐੱਸ. ਆਈ. ਦੀ ਏਜੰਟ ਹੈ? ਪਰ ਉਸ ਸਮੇਂ ਤਾਂ ਕਾਂਗਰਸੀ ਆਪਣਾ ਮਾਫ਼ੀਆ ਰਾਜ ਚਲਾਉਣ ਲਈ ਅਰੂਸਾ ਆਲਮ ਕੋਲੋਂ ਸਿਫ਼ਾਰਸ਼ਾ ਪਾਉਂਦੇ ਸਨ।’’ ਚੀਮਾ ਨੇ ਮੰਗ ਕੀਤੀ ਕਿ ਆਈ. ਐੱਸ. ਆਈ ਦੀ ਏਜੰਟ ਅਰੂਸਾ ਆਲਮ ਨੂੰ ਆਪਣੇ ਘਰ ’ਚ ਪਨਾਹ ਦੇਣ ਦੇ ਦੋਸ਼ ’ਚ ਕੈਪਟਨ ਅਮਰਿੰਦਰ ਸਿੰਘ ਸਮੇਤ ਉਦੋਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸੀਨੀਅਰ ਕਾਂਗਰਸੀ ਆਗੂ ਕੇਵਲ ਢਿੱਲੋਂ, ਸਾਬਕਾ ਡੀ. ਜੀ. ਪੀ. ਦਿਨਕਰ ਗੁਪਤਾ, ਸਾਬਕਾ ਮੁੱਖ ਸਕੱਤਰ ਪੰਜਾਬ ਵਿੰਨੀ ਮਹਾਜਨ ਅਤੇ ਸਾਬਕਾ ਐਡਵੋਕੇਟ ਜਨਰਲ ਪੰਜਾਬ ਖ਼ਿਲਾਫ਼ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ਾਂ ਅਧੀਨ ਕਾਰਵਾਈ ਕੀਤੀ ਜਾਵੇ, ਜਿਹੜੇ ਅਰੂਸਾ ਆਲਮ ਤੋਂ ਆਸ਼ੀਰਵਾਦ ਲੈਂਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਅਤੇ ਮਾਫ਼ੀਆ ਰਾਜ ਪੈਦਾ ਕਰਨ ’ਚ ਕਾਂਗਰਸ ਪਾਰਟੀ ਦੇ ਕੇਂਦਰੀ ਤੇ ਸੁਬਾਈ ਆਗੂ ਓਨੇ ਹੀ ਜ਼ਿੰਮੇਵਾਰ ਹਨ, ਜਿੰਨੇ ਕਿ ਕੈਪਟਨ ਅਮਰਿੰਦਰ ਸਿੰਘ।
ਇਹ ਵੀ ਪੜ੍ਹੋ : ਸਿੱਧੂ 'ਤੇ ਮੁੜ ਅੱਗ ਬਬੂਲਾ ਹੋਏ ਕੈਪਟਨ, ਚੰਨੀ ਨੂੰ ਦੱਸਿਆ 'ਗੁੱਡ ਬੁਆਏ'
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੇ ਜਾਂਦੇ ਸਵਾਲਾਂ ਤੋਂ ਕਾਂਗਰਸ ਦੇ ਮੰਤਰੀ ਤੇ ਸੰਤਰੀ ਹਰ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਉਂਦੇ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਖ਼ਿਲਾਫ਼ ਹੋਣ ਦਾ ਝੂਠਾ ਨਾਟਕ ਕਰ ਰਹੇ ਹਨ। ਚੀਮਾ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਤੋਂ ਮੰਗ ਕੀਤੀ ਕਿ ਉਹ ਅਰੂਸਾ ਆਲਮ ਦੀ ਉਚ ਪੱਧਰੀ ਜਾਂਚ ਕਰਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਹੋਰਨਾਂ ਖਿਲਾਫ਼ ਸਖ਼ਤ ਕਾਰਵਾਈ ਕਾਰਨ। ਜੇਕਰ ਸੁਖਜਿੰਦਰ ਸਿੰਘ ਰੰਧਾਵਾ ਅਜਿਹੇ ਨਹੀਂ ਕਰਦੇ ਤਾਂ ਸਪੱਸ਼ਟ ਹੈ ਕਿ ਸਾਰੇ ਕਾਂਗਰਸੀ ਇੱਕੋ ਥੈਲੀ ਦੇ ਚੱਟੇ- ਵੱਟੇ ਹਨ।
ਇਹ ਵੀ ਪੜ੍ਹੋ : ਬਠਿੰਡਾ ’ਚ ਵੱਡੀ ਵਾਰਦਾਤ: ਬੇਖ਼ੌਫ਼ ਹਮਲਾਵਰਾਂ ਨੇ ਚਲਾਈਆਂ ਗੋਲ਼ੀਆਂ, ਗੈਂਗਵਾਰ ’ਚ ਇਕ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ