1 ਜੂਨ ਤੋਂ ਟੀਕਾਕਰਨ ਦੀ ਪਹਿਲੀ ਸੂਚੀ ’ਚ ਇਹ ਮੈਂਬਰ ਹੋਣਗੇ ਸ਼ਾਮਲ, ਕੈਪਟਨ ਨੇ ਕੀਤਾ ਐਲਾਨ
Thursday, May 27, 2021 - 11:48 PM (IST)
ਚੰਡੀਗੜ੍ਹ (ਅਸ਼ਵਨੀ): ਪੰਜਾਬ ’ਚ ਇੱਕ ਜੂਨ ਤੋਂ ਟੀਕਾਕਰਨ ਦੀ ਪਹਿਲ ਸੂਚੀ ਵਿਚ ਦੁਕਾਨਦਾਰਾਂ ਅਤੇ ਉਨ੍ਹਾਂ ਦਾ ਸਟਾਫ, ਉਦਯੋਗਿਕ ਕਾਮਗਾਰ, ਰੇਹੜੀਆਂ-ਛੋਟੀਆਂ ਦੁਕਾਨਾਂ ਵਾਲੇ, ਡਿਲਿਵਰੀ ਏਜੰਟ, ਬੱਸ/ ਕੈਬ ਡਰਾਈਵਰ/ਕੰਡਕਟਰ ਅਤੇ ਸਥਾਨਕ ਸਰਕਾਰਾਂ ਦੇ ਮੈਂਬਰ ਸ਼ਾਮਲ ਕੀਤੇ ਜਾਣਗੇ। ਇਹ ਐਲਾਨ ਵੀਰਵਾਰ ਨੂੰ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਚੂਅਲ ਕੋਵਿਡ ਸਮੀਖਿਆ ਬੈਠਕ ਵਿਚ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਮੌਜੂਦਾ ਪਹਿਲ ਵਾਲੀ ਸੂਚੀ ਵਿਚ 4.3 ਲੱਖ ਆਦਮੀਆਂ ਨੂੰ ਟੀਕਾ ਲਾਇਆ ਜਾ ਚੁੱਕਿਆ ਹੈ। 1 ਜੂਨ ਤੋਂ ਲਾਗੂ ਹੋਣ ਵਾਲੀ ਇਸ ਵਿਸਥਾਰਿਤ ਪਹਿਲਤਾ ਵਾਲੀ ਸੂਚੀ ਵਿਚ ਹੋਟਲਾਂ, ਰੈਸਟੋਰੈਂਟ, ਵਿਆਹ ਪੈਲੇਸਾਂ ਵਿਚ ਕੰਮ ਕਰਨ ਵਾਲਾ ਸਟਾਫ ਅਤੇ ਕੇਟਰਰਜ਼, ਰਸੋਈਏ, ਬੈਰੇ ਆਦਿ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਰੇਹੜੀ ਵਾਲੇ, ਹੋਰ ਸਟਰੀਟ ਵੈਂਡਰਜ਼ ਜੋ ਵਿਸ਼ੇਸ਼ ਤੌਰ ’ਤੇ ਜੂਸ, ਚਾਟ, ਫਲ ਆਦਿ ਵੇਚਦੇ ਹਨ, ਡਿਲਿਵਰੀ ਏਜੰਟ, ਐੱਲ. ਪੀ. ਜੀ. ਸਿਲੰਡਰ ਵੰਡਣ ਵਾਲੇ ਵਿਅਕਤੀ ਵੀ ਇਸ ਟੀਕਾਕਰਨ ਅਧੀਨ ਯੋਗ ਹੋਣਗੇ। ਇਸ ਦੇ ਨਾਲ ਹੀ ਬਸ ਡਰਾਈਵਰ, ਕੰਡਕਟਰ, ਆਟੋ/ਕੈਬ ਡਰਾਈਵਰ, ਮੇਅਰ, ਕਾਊਂਸਲਰ, ਸਰਪੰਚ ਅਤੇ ਮੈਂਬਰਾਂ ਨੂੰ ਵੀ 18-45 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਦੇ ਪੜਾਅ ਵਿਚ ਕਵਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ‘ਕੋਰੋਨਾ ਤੋਂ ਕੁਝ ਰਾਹਤ ਮਿਲੀ ਤਾਂ ਬਲੈਕ ਫੰਗਸ ਨੇ ਵਧਾ ਦਿੱਤੀ ਚਿੰਤਾ’
ਮੀਟਿੰਗ ਵਿਚ ਦੱਸਿਆ ਗਿਆ ਕਿ ਜਿੱਥੇ ਤੱਕ ਵੈਕਸੀਨ ਦੇ ਮੌਜੂਦਾ ਸਟਾਕ ਦਾ ਸੰਬੰਧ ਹੈ, ਰਾਜ ਕੋਲ 45 ਸਾਲ ਤੋਂ ਜ਼ਿਆਦਾ ਉਮਰ ਵਰਗ ਲਈ ਸਿਰਫ ਕੋਵਿਸ਼ੀਲਡ ਦੀ 36,000 ਅਤੇ ਕੋਵੈਕਸਿਨ ਦੀ 50,000 ਖੁਰਾਕਾਂ (ਭਾਰਤ ਸਰਕਾਰ ਵਲੋਂ ਪ੍ਰਾਪਤ ਖੁਰਾਕਾਂ ਵਿਚੋਂ) ਬਚੀਆਂ ਹਨ ਜੋ ਕਿ ਸਿਰਫ਼ ਇੱਕ ਦਿਨ ਲਈ ਹੀ ਕਾਫ਼ੀ ਹਨ। 18-45 ਸਾਲ ਦੇ ਉਮਰ ਵਰਗ ਲਈ ਰਾਜ ਨੂੰ ਹੁਣ ਤੱਕ ਆਰਡਰ ਕੀਤੀਆਂ ਗਈਆਂ 30 ਲੱਖ ਖੁਰਾਕਾਂ ਵਿਚੋਂ 4, 29,780 ਖੁਰਾਕਾਂ ਪ੍ਰਾਪਤ ਹੋਈਆਂ ਹਨ ਜਦੋਂਕਿ 1,14,190 ਖੁਰਾਕਾਂ ਲਈ ਅਗਲੀ ਅਦਾਇਗੀ ਕੀਤੇ ਜਾਣ ਦੇ ਬਾਵਜੂਦ ਹੁਣ ਤੱਕ ਕੋਵੈਕਸਿਨ ਦੀ ਕੋਈ ਖੁਰਾਕ ਪ੍ਰਾਪਤ ਨਹੀਂ ਹੋਈ।
ਇਹ ਵੀ ਪੜ੍ਹੋ : ਕਪੂਰਥਲਾ: ਪਲਾਂ 'ਚ ਸੜੇ ਆਸ਼ਿਆਨਿਆਂ ਨੂੰ ਵੇਖ ਕੇ ਬੋਲੇ ਪੀੜਤ ਮਜ਼ਦੂਰ, ‘‘ਬਾਬੂ ਜੀ, ਸਭ ਕੁਝ ਤਬਾਹ ਹੋ ਗਿਆ’
ਰਾਜ ਵਿਚ ਬਲੈਕ ਫੰਗਸ ਦੇ ਮਾਮਲੇ ਹੋਏ 188
ਰਾਜ ਵਿਚ ਮਿਊਕੋਰਮਾਈਕੋਸਿਸ (ਬਲੈਕ ਫੰਗਸ) ਦੇ ਮਾਮਲਿਆਂ ਦੀ ਗਿਣਤੀ 188 ਤੱਕ ਪਹੁੰਚ ਗਈ ਹੈ। ਵੀਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਕਮ ਦਿੱਤੇ ਕਿ ਇਸ ਬੀਮਾਰੀ ਦੇ ਇਲਾਜ ਲਈ ਐਮਫੋਟੇਰੀਸਿਨ ਦਵਾਈ ਦੀ ਕਮੀ ਨੂੰ ਵੇਖਦੇ ਹੋਏ ਰਾਜ ਵਿਚ ਵਿਕਲਪਿਕ ਦਵਾਈਆਂ ਦੇ ਸਟਾਕ ਦੀ ਮਾਤਰਾ ਵਧਾਈ ਜਾਵੇ। ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਰਾਜ ਕੋਲ ਸਿਰਫ਼ ਲੀਪੋਸੋਮਲ ਐਮਫੋਟੇਰੀਸਿਨ ਬੀ ਦੇ ਟੀਕੇ ਸਟਾਕ ਵਿਚ ਰਹਿ ਜਾਣ ਅਤੇ ਅੱਜ ਇਸ ਦੇ ਸਿਰਫ਼ 880 ਅਤੇ ਟੀਕੇ ਮਿਲਣ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਵਿਕਲਪਿਕ ਦਵਾਈਆਂ ਦਾ ਸਟਾਕ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਜੋਕਿ ਇਸ ਸੰਕਟ ਨਾਲ ਨਿੱਪਟਣ ਲਈ ਉਨ੍ਹਾਂ ਦੀ ਸਰਕਾਰ ਵਲੋਂ ਗਠਿਤ ਕੀਤੇ ਗਏ ਮਾਹਿਰਾਂ ਦੇ ਸਮੂਹ ਦੀਆਂ ਸਿਫਾਰਿਸ਼ਾਂ ਅਨੁਸਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਮਫੋਟੇਰੀਸਿਨ ਨੂੰ ਭਰਪੂਰ ਮਾਤਰਾ ਵਿਚ ਹਾਸਿਲ ਕਰਨ ਦੇ ਯਤਨਾਂ ਤੋਂ ਇਲਾਵਾ ਰਾਜ ਸਰਕਾਰ ਨੇ ਮਾਹਿਰ ਸਮੂਹ ਦੀ ਸਲਾਹ ਅਨੁਸਾਰ ਪਹਿਲਾਂ ਹੀ ਵਿਕਲਪਿਕ ਦਵਾਈਆਂ ਜਿਵੇਂ ਕਿ ਇਟਰਾਕੋਨਾਜੋਲ (4000 ਗੋਲੀਆਂ) ਅਤੇ ਪੋਸਾਕੋਨਾਜੋਲ (500 ਗੋਲੀਆਂ) ਉਪਲੱਬਧ ਕਰਵਾ ਦਿੱਤੀਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਪਾਲਣ-ਪੋਸ਼ਣ ’ਚ ਵੀ ਮਦਦ ਕਰੇਗੀ ਪੰਜਾਬ ਸਰਕਾਰ!
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ