ਕੈਪਟਨ ਤੇ ਬਾਦਲ ਪੰਜਾਬ ਨੂੰ ਤਬਾਹ ਕਰਨ ਲਈ ਮੋਦੀ ਨਾਲ ਰਲੇ ਹੋਏ: CM ਚੰਨੀ

Thursday, Dec 02, 2021 - 02:56 AM (IST)

ਕੈਪਟਨ ਤੇ ਬਾਦਲ ਪੰਜਾਬ ਨੂੰ ਤਬਾਹ ਕਰਨ ਲਈ ਮੋਦੀ ਨਾਲ ਰਲੇ ਹੋਏ: CM ਚੰਨੀ

ਬੱਧਨੀ ਕਲਾਂ/ਮੋਗਾ: ਧਨਾਢਾਂ ਦੀ ਕੋਈ ਜਾਤ ਜਾ ਧਰਮ ਨਹੀਂ ਹੁੰਦਾ, ਇਹ ਲੋਕ ਆਪਣੇ ਨਿੱਜੀ ਸੁਆਰਥਾਂ ਲਈ ਕਿਸੇ ਨੂੰ ਵੀ ਤਾਕ ‘ਤੇ ਲਾ ਦਿੰਦੇ ਹਨ। ਅੱਜ ਇੱਥੇ ਅਨਾਜ ਮੰਡੀ ਵਿਖੇ ਰਾਜ ਪੱਧਰੀ ਸਮਾਗਮ ਮੌਕੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਦੌਰਾਨ ਕੈਪਟਨ ਅਤੇ ਬਾਦਲਾਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਹ ਪਰਿਵਾਰ ਆਪਣੇ ਨਿੱਜੀ ਸੁਆਰਥਾਂ ਲਈ ਪੰਜਾਬ ਨੂੰ ਤਬਾਹ ਕਰਨ ਲਈ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਰਲੇ ਹੋਏ ਹਨ।

ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਹਿਲਾਂ ਬਾਦਲਾਂ ਨੇ ਸੂਬੇ ਵਿਚ ਖੇਤੀ ਕਾਨੂੰਨ ਲਾਗੂ ਕੀਤੇ ਅਤੇ ਫਿਰ ਇਹੀ ਕਾਨੂੰਨ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਲਾਹ ਦੇ ਕੇ ਦੇਸ਼ ਭਰ ਵਿਚ ਲਾਗੂ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ।ਹਰਸਿਮਰਤ ਦੀ ਵਜ਼ੀਰੀ ਬਚਾਉਣ ਲਈ ਹੀ ਬਾਦਲਾਂ ਨੇ ਇੰਨਾਂ ਕਾਨੂੰਨਾਂ ਦੇ ਹੱਕ ਵਿਚ ਪ੍ਰਚਾਰ ਤੱਕ ਕੀਤਾ। ਹਰਸਿਮਰਤ ਨੇ ਆਪਣੀ ਮਰਜ਼ੀ ਨਾਲ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਨਹੀਂ ਦਿੱਤਾ ਬਲਕਿ ਲੋਕਾਂ ਦੇ ਭਾਰੀ ਵਿਰੋਧ ਨੇ ਉਸ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕੀਤਾ।

ਇਹ ਵੀ ਪੜ੍ਹੋ- ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਲਿਆ ਜਾਇਜ਼ਾ, ਸਿੱਖਿਆ ਵਿਵਸਥਾ ਦੀ ਖੁੱਲ੍ਹੀ ਪੋਲ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੈਪਟਨ ਵੀ ਮੋਦੀ ਸਰਕਾਰ ਨਾਲ ਰਲ ਕੇ ਪੰਜਾਬ ਅਤੇ ਪੰਜਾਬੀਆਂ ਨਾਲ ਧ੍ਰੋਹ ਕਮਾ ਰਿਹਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਬੀ.ਐਸ.ਐਫ ਦਾ ਘੇਰਾ 50 ਕਿਲੋਮੀਟਰ ਤੱਕ ਵਧਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾ ਰਿਹਾ ਜੋ ਕਿ ਸਿੱਧਮ ਸਿੱਧਾ ਸੂਬਿਆਂ ਦੇ ਸੰਘੀ ਢਾਂਚੇ ‘ਤੇ ਹਮਲਾ ਹੈ ਜਿਸ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਉਨਾਂ ਬਾਦਲਾਂ ਅਤੇ ਕੈਪਟਨ ਪਰਿਵਾਰ ਦੇ ਰਲੇ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨਾਂ ਦੀ ਸਾਂਝ ਕਾਰਨ ਹੀ ਪੰਜਾਬ ਵਿਚ ਟ੍ਰਾਂਸਪੋਰਟ ਅਤੇ ਕੇਬਲ ਮਾਫੀਏ ਰਾਹੀਂ ਪੰਜਾਬ ਦੇ ਲੋਕਾਂ ਦੀ ਲੁੱਟ ਹੁੰਦੀ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨਾਂ ਨੂੰ ਮੁੱਖ ਮੰਤਰੀ ਬਣਿਆ ਸਿਰਫ ਦੋ ਕੁ ਮਹੀਨੇ ਹੀ ਹੋਏ ਹਨ ਪਰ ਉਨਾਂ ਨੇ ਬਾਦਲਾਂ ਦੀ ਸਰਪ੍ਰਸਤੀ ਹੇਠ ਚਲਦੇ ਟ੍ਰਾਂਸਪੋਰਟ ਮਾਫੀਏ ਨੂੰ ਪੂਰੀ ਠੱਲ ਪਾ ਦਿੱਤੀ ਹੈ ਅਤੇ ਹੁਣ ਇੰਨਾਂ ਦੀ ਹੀ ਸਰਪ੍ਰਸਤੀ ਹੇਠ ਚੱਲ ਰਹੇ ਕੇਬਲ ਮਾਫੀਏ ਨੂੰ ਨਕੇਲ ਪਾਉਣ ਲਈ ਸਰਕਾਰ ਕਾਰਵਾਈ ਕਰ ਰਹੀ ਹੈ।

ਓਧਰ ਕੇਜਰੀਵਾਲ ‘ਤੇ ਹਮਲਾ ਬੋਲਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਟੋਲੀ ਆਮ ਆਦਮੀ ਦਾ ਨਕਾਬ ਪਾ ਕੇ ਬਾਹਰਂੋ ਧਾੜਵੀਆਂ ਦੀ ਤਰਾਂ ਪੰਜਾਬੀਆਂ ਨੂੰ ਲੁੱਟਣ ਦੀਆਂ ਸਾਜ਼ਿਸਾਂ ਘੜ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਅਜਿਹੇ ਬਹਿਰੂਪੀਆਂ ਦੀਆਂ ਚਾਲਾਂ ਸਫਲ ਨਹੀਂ ਹੋਣ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਸਿਰਫ ਪੰਜਾਬ ਦੇ ਲੋਕਾਂ ਦਾ ਹੀ ਰਾਜ ਰਹੇਗਾ ਕਿਉਂਕਿ ਬਾਹਰੋਂ ਆਏ ਕੇਜਰੀਵਾਲ ਵਰਗਿਆਂ ਨੂੰ ਪੰਜਾਬ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਦੀ ਸਮਝ ਹੀ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਤਾਂ ਸਿਰਫ ਡਰਾਮੇ ਕਰਕੇ ਅਤੇ ਝੂਠੀਆਂ ਗਰੰਟੀਆਂ ਦੇ ਕੇ ਪੰਜਾਬ ਵਿਚ ਸੱਤਾ ‘ਤੇ ਕਾਬਜ਼ ਹੋਣਾ ਚਾਹੁੰਦਾ ਹੈ ਇਸ ਤੋਂ ਵੱਧ ਉਸ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਨਿਹਾਲ ਸਿੰਘ ਵਾਲਾ ਹਲਕੇ ਦੇ ਸਰਬਪੱਖੀ ਵਿਕਾਸ ਲਈ 15 ਕਰੋੜ ਰੁਪਏ ਦੀ ਗ੍ਰਾਂਟ ਅਤੇ ਸਾਰੇ ਕੱਚੇ ਰਸਤੇ ਪੱਕੇ ਕਰਨ ਦਾ ਐਲਾਨ ਕੀਤਾ। ਇਲਾਕੇ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਨੇ ਨਿਹਾਲ ਸਿੰਘ ਵਾਲਾ ਹਲਕੇ ਵਿਚ ਇੱਕ ਡਿਗਰੀ ਕਾਲਜ ਖੋਲਣ ਦਾ ਵੀ ਐਲਾਨ ਕੀਤਾ।

ਇਹ ਵੀ ਪੜ੍ਹੋ- ਮਨਜਿੰਦਰ ਸਿੰਘ ਸਿਰਸਾ ਦੀ ‘ਰਿਵਰਸ ਸਵਿੰਗ’ ’ਚ ਉਲਝੇ ਅਕਾਲੀ, ਚੋਟੀ ਦੇ ਸਿੱਖ ਆਗੂ ਹੋਏ ‘ਬੋਲਡ’

ਇਸ ਮੌਕੇ ਮੁੱਖ ਮੰਤਰੀ ਨੇ ਇਲਾਕੇ ਦੇ ਲੋਕਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਧੜੇਬੰਦੀ ਤੋਂ ਉਪਰ ਉੱਠ ਕੇ ਇਕਜੁੱਟਤਾ ਨਾਲ ਸੂਬੇ ਵਿਚ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਆਮ ਲੋਕਾਂ ਦਾ ਰਾਜ ਬਹਾਲ ਕਰਨ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਲੋਕਾਂ ਦੇ ਪਸੰਦੀਦਾ ਆਗੂ ਨੂੰ ਹੀ ਪਾਰਟੀ ਵਲੋਂ ਟਿਕਟ ਨਾਲ ਨਿਵਾਜ਼ਿਆ ਜਾਵੇਗਾ।

ਇਸ ਸਮਾਗਮ ਮੌਕੇ ਮੁੱਖ ਮੰਤਰੀ ਨੇ ਦੋ ਲਾਭਪਾਤਰੀਆਂ ਨੂੰ ਰਸਮੀ ਤੌਰ ‘ਤੇ 5-5 ਮਰਲੇ ਦੇ ਪਲਾਟਾਂ ਦੀਆਂ ਸੰਨਦਾ ਦੇ ਕੇ ਮਾਲਕਾਨਾ ਹੱਕ ਦੇਣ ਦੀ ਸ਼ੁਰੂਆਤ ਕੀਤੀ। ਅੱਜ ਮੋਗਾ ਜ਼ਿਲੇ ਦੇ ਕੁੱਲ 1294 ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟਾਂ ਦੀਆਂ ਸੰਨਦਾ ਸੌਂਪੀਆਂ ਗਈਆਂ।

ਇਸ ਮੌਕੇ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ, ਪੰਜਾਬ ਅਤੇ ਮੁਹੰਮਦ ਸਦੀਕ ਲੋਕ ਸਭਾ ਮੈਂਬਰ ਨੇ ਵੀ ਸੰਬੋਧਨ ਕੀਤਾ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਆਏ ਮਹਿਮਾਨਾ ਦਾ ਸੁਆਗਤ ਕੀਤਾ। ਇੰਨਾਂ ਤੋਂ ਇਲਾਵਾ ਇਸ ਮੌਕੇ ਅਜੀਤ ਸਿੰਘ ਸ਼ਾਂਤ ਸਾਬਕਾ ਵਿਧਾਇਕ, ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ, ਬੀਬੀ ਜਗਦਰਸ਼ਨ ਕੌਰ, ਭੁਪਿੰਦਰ ਸਿੰਘ ਸਾਹੋਕੇ, ਅਮਰਜੀਤ ਕੌਰ ਸਾਹੋਕੇ, ਮੁਖਤਿਆਰ ਸਿੰਘ ਰਿਟਾ. ਐਸ.ਪੀ, ਹਰੀ ਸਿੰਘ ਖਾਈ ਡਾਇਰੈਕਟਰ ਮੰਡੀ ਬੋਰਡ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲਾ ਪ੍ਰੀਸ਼ਦ ਮੋਗਾ, ਵਿਨੋਦ ਬਾਸ਼ਲ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ, ਹਰੀਸ਼ ਨਈਅਰ ਡਿਪਟੀ ਕਮਿਸ਼ਨਰ, ਸੁਰਜੀਤ ਸਿੰਘ ਡੀ.ਆਈ.ਜੀ ਫਿਰੋਜਪੁਰ ਰੇਂਜ ਅਤੇ ਸੁਰਿੰਦਰਜੀਤ ਸਿੰਘ ਮੰਡ ਜ਼ਿਲਾ ਪੁਲਿਸ ਮੁਖੀ ਵੀ ਹਾਜ਼ਰ ਸਨ।    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

Bharat Thapa

Content Editor

Related News