ਪੰਜਾਬ ਦੇ ਨੌਜਵਾਨਾਂ ਤੇ ਕਿਸਾਨਾਂ ਨੂੰ ਜਲਦ ਮਿਲ ਸਕਦੇ ਹਨ ਦੋ ਵੱਡੇ ਤੋਹਫੇ

07/09/2019 6:27:12 PM

ਜਲੰਧਰ (ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੂਬੇ 'ਚ ਹੁਣ ਕਿਸਾਨ ਕਰਜ਼ਾ ਮੁਆਫੀ ਅਤੇ ਸਮਾਰਟ ਵੰਡ ਦੋਹਾਂ ਪ੍ਰੋਗਰਾਮਾਂ ਨੂੰ ਨਾਲੋ-ਨਾਲ ਚਲਾਉਣ ਦਾ ਫੈਸਲਾ ਕੀਤਾ ਹੈ। ਸਰਕਾਰੀ ਹਲਕਿਆਂ ਨੇ ਮੰਗਲਵਾਰ ਦੱਸਿਆ ਕਿ ਲੋਕ ਸਭਾ ਦੀਆਂ ਚੋਣਾਂ ਦੇ ਸੰਪੰਨ ਹੋ ਜਾਣ ਪਿਛੋਂ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਫਤਰ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਸਮਾਰਟ ਫੋਨਾਂ ਦੀ ਖਰੀਦ ਨੂੰ ਲੈ ਕੇ ਜਲਦੀ ਆਰਡਰ ਦਿੱਤੇ ਜਾਣ ਤਾਂ ਜੋ ਉਨ੍ਹਾਂ ਦੀ ਵੰਡ ਦਾ ਕੰਮ ਸਰਕਾਰ ਵਲੋਂ ਸ਼ੁਰੂ ਕੀਤਾ ਜਾ ਸਕੇ । ਪਿਛਲੇ ਦੋ ਸਾਲਾਂ 'ਚ ਸਰਕਾਰ ਨੇ ਛੋਟੇ ਕਿਸਾਨਾਂ ਨੂੰ 2-2 ਲੱਖ ਰੁਪਏ ਦੇ ਕਰਜ਼ੇ ਮੁਆਫ ਕੀਤੇ ਹਨ ਅਤੇ ਹੁਣ ਅਗਲੇ ਪੜਾਅ 'ਚ ਵਪਾਰਕ ਬੈਂਕਾਂ ਦੇ ਨਾਲ-ਨਾਲ ਖੇਤ ਮਜ਼ਦੂਰਾਂ ਦੇ ਕਰਜ਼ਿਆਂ ਨੂੰ ਵੀ ਮੁਆਫ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਸਮਾਰਟ ਫੋਨ ਵੰਡਣ ਦੇ ਕੰਮ 'ਚ ਹੁਣ ਦੇਰੀ ਨਹੀਂ ਹੋਣੀ ਚਾਹੀਦੀ। ਕੈਪਟਨ ਨੇ ਲੋਕ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਐਲਾਨ ਕੀਤਾ ਸੀ ਕਿ ਚੋਣਾਂ ਦੇ ਤੁਰੰਤ ਬਾਅਦ ਸਮਾਰਟ ਫੋਨ ਦੀ ਵੰਡ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਸਮਾਰਟ ਫੋਨ ਦੇਣ ਲਈ ਕਾਂਗਰਸ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਸੀ। ਇਸੇ ਮੁਤਾਬਕ ਸ਼ਹਿਰੀ ਹਲਕਿਆਂ 'ਚ ਉਕਤ ਫੋਨ ਵੰਡੇ ਜਾਣਗੇ।

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਮਾਰਟ ਫੋਨ ਦਿੰਦੇ ਸਮੇਂ ਸਰਕਾਰ ਇਕ ਸਾਲ ਲਈ ਨੈੱਟ ਦਾ ਡਾਟਾ ਵੀ ਮੁਫਤ ਮੁਹੱਈਆ ਕਰਵਾਏਗੀ ਸਮਾਰਟ ਫੋਨ ਬਾਰੇ ਕੌਮੀ ਅਤੇ ਕੌਮਾਂਤਰੀ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ। ਅਗਲੇ ਮਹੀਨੇ ਤੋਂ ਸ਼ਹਿਰੀ ਖੇਤਰਾਂ 'ਚ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਅਤੇ ਪੇਂਡੂ ਖੇਤਰਾਂ 'ਚ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਪ੍ਰੋਗਰਾਮ ਨਾਲੋ ਨਾਲ ਚੱਲਣਗੇ । ਸਰਕਾਰ ਸ਼ਹਿਰੀ ਖੇਤਰਾਂ ਨੂੰ ਲੈ ਕੇ ਬਹੁਤ ਗੰਭੀਰ ਨਜ਼ਰ ਆ ਰਹੀ ਹੈ । ਉਹ ਸ਼ਹਿਰੀ ਖੇਤਰਾਂ 'ਚ ਵਿਕਾਸ ਕਾਰਜਾਂ ਦੇ ਨਾਲ ਨਾਲ ਚੋਣ ਵਾਅਦਿਆਂ ਨੂੰ ਵੀ ਪੂਰਾ ਕਰਨ ਵੱਲ ਧਿਆਨ ਦੇਵੇਗੀ।


Karan Kumar

Content Editor

Related News