ਹੁਣ ਇਕ ਪਲੇਟਫਾਰਮ ''ਤੇ ਮਿਲਣਗੀਆਂ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ, ਕੈਪਟਨ ਵੱਲੋਂ ਇਹ ਮੋਬਾਇਲ ਐਪ ਲਾਂਚ
Thursday, Jan 09, 2020 - 07:11 PM (IST)
ਜਲੰਧਰ/ਚੰਡੀਗੜ੍ਹ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਲੋਕਾਂ ਨੂੰ ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਇਕੋ ਪਲੇਟਫਾਰਮ 'ਤੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅੱਜ ਐੱਮ ਸੇਵਾ ਮੋਬਾਇਲ ਐਪ ਨੂੰ ਲਾਂਚ ਕੀਤਾ ਹੈ, ਜਿਸ ਨਾਲ ਹੁਣ ਸਮਾਰਟ ਫੋਨ 'ਤੇ ਵੱਖ-ਵੱਖ ਸੇਵਾਵਾਂ ਤੱਕ ਪਹੁੰਚ ਕੀਤੀ ਜਾ ਸਕੇਗੀ। ਇਸ ਐਪ ਨੂੰ ਇਸ ਮੰਤਵ ਲਈ ਵਿਕਸਿਤ ਕੀਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਇਕੋ ਹੀ ਮੋਬਾਇਲ ਐਪ 'ਤੇ ਸਾਰੀਆਂ ਸਰਕਾਰੀ ਸੇਵਾਵਾਂ ਮਿਲ ਸਕਣ। ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਦੇ ਮੋਬਾਇਲ ਐਪ 'ਤੇ ਜਾਣਾ ਨਾ ਪਵੇ।
ਇਸ ਸੇਵਾ ਦੇ ਲਾਂਚ ਹੋ ਜਾਣ ਨਾਲ ਲੋਕ ਹੁਣ ਆਪਣੇ ਦਸਤਾਵੇਜ਼ਾਂ ਤੱਕ ਨੂੰ ਵੀ ਸਿੱਧੇ ਤੌਰ 'ਤੇ ਐੱਮ ਸੇਵਾ ਦੇ ਜ਼ਰੀਏ ਡਿਗੀਲਾਕਰ 'ਚ ਜਾ ਕੇ ਪਹੁੰਚ ਬਣਾ ਸਕਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨਾਗਰਿਕ ਹਿਤੈਸ਼ੀ ਡਿਜੀਟਲ ਪਹਿਲਕ਼ਦਮੀ ਨੂੰ ਭਵਿੱਖ 'ਚ ਹੋਰ ਵਧਾਉਣ ਦਾ ਇਰਾਦਾ ਰੱਖਦੀ ਹੈ । ਲੋਕਾਂ ਨੂੰ ਉਕਤ ਮੋਬਾਇਲ ਐਪਲੀਕੇਸ਼ਨ ਹੁਣ ਉਨ੍ਹਾਂ ਦੇ ਐਂਡਰਾਇਡ ਅਤੇ ਆਈ. ਓ. ਐੱਸ. ਸਮਾਰਟ ਫੋਨਾਂ 'ਤੇ ਉਪਲੱਬਧ ਹੋਣਗੇ ਅਤੇ ਐੱਮ ਸੇਵਾ ਪੰਜਾਬ 'ਚ ਸਰਚ ਕਰਕੇ ਉਹ ਆਪਣੇ ਸਬੰਧਤ ਐਪ ਸਟੋਰ ਤੋਂ ਡਾਊਨਲੋਡ ਕਰ ਸਕਣਗੇ।
ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਜਿਵੇਂ ਸਿੱਖਿਆ, ਸਿਹਤ, ਪਰਿਵਾਰ ਕਲਿਆਣ, ਮਾਲ, ਦਿਹਾਤੀ ਵਿਕਾਸ ਅਤੇ ਪੰਚਾਇਤ, ਸਮਾਜ ਕਲਿਆਣ, ਪੰਜਾਬ ਰਾਜ ਖੇਤੀ ਅਤੇ ਮੰਡੀਕਰਨ ਬੋਰਡ, ਪੰਜਾਬ ਪੁਲਸ ਅਤੇ ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ ਆਦਿ ਨਾਲ ਸਬੰਧਤ ਸੇਵਾਵਾਂ ਇਕੋ ਹੀ ਮੋਬਾਇਲ ਐਪ 'ਤੇ ਉਪਲੱਬਧ ਹੋਣਗੀਆਂ। ਮੋਬਾਇਲ ਐਪਲੀਕੇਸ਼ਨ ਪਲੇਟਫਾਰਮ ਐਂਟਰਪ੍ਰਾਈਜ ਆਰਕੀਟੈਕਚਰ 'ਤੇ ਆਧਾਰਿਤ ਹੈ, ਜਿਸ 'ਤੇ ਰਾਜ ਸਰਕਾਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਵੱਖ-ਵੱਖ ਸੇਵਾਵਾਂ ਲਈ ਆਨਲਾਈਨ ਅਦਾਇਗੀ ਕਰ ਸਕਣਗੇ, ਜਦੋਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਨੇਕਾਂ ਵੱਖ-ਵੱਖ ਮੁਤਬਾਦਲਾਂ ਦੀ ਵਰਤੋਂ ਕਰਨੀ ਪੈਂਦੀ ਸੀ। ਸ਼ਹਿਰੀ ਹੁਣ ਐੱਮ ਸੇਵਾ ਜਾਂ ਸੇਵਾ ਕੇਂਦਰਾਂ ਦੇ ਰਾਹੀਂ ਆਪਣੀਆਂ ਸੇਵਾਵਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਹਾਸਿਲ ਕਰ ਸਕਣਗੇ ।