ਵੱਡੀ ਖ਼ਬਰ : ਹਾਈਕਮਾਨ ਨੇ ਨਹੀਂ ਸੁਣੀ ਤਾਂ ਹੁਣ ਪਲਟਵਾਰ ਕਰਨਗੇ ''ਕੈਪਟਨ'', ਇੰਝ ਦਿਖਾਉਣਗੇ ਅਹਿਮੀਅਤ
Monday, Jul 19, 2021 - 09:41 AM (IST)
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਲਗਾਉਣ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਝਾਅ ਨੂੰ ਪਾਰਟੀ ਹਾਈਕਮਾਨ ਵੱਲੋਂ ਨਜ਼ਰ ਅੰਦਾਜ ਕਰਨ ਤੋਂ ਬਾਅਦ ਹੁਣ ਕੈਪਟਨ ਛੇਤੀ ਹੀ ਪਲਟਵਾਰ ਕਰਕੇ ਆਪਣੀ ਅਹਿਮੀਅਤ ਦਿਖਾ ਸਕਦੇ ਹਨ। ਸੰਗਠਨ ਵਿਚ ਹੋਏ ਇਸ ਵੱਡੇ ਬਦਲਾਅ ਦੀ ਕਾਟ ਉਹ ਸਰਕਾਰ ਵਿਚ ਆਪਣੇ ਵਿਰੋਧੀਆਂ ਨੂੰ ਕਿਨਾਰੇ ਕਰਕੇ ਕਰਨਗੇ।
ਹੁਣ ਤੱਕ ਤਾਂ ਕੁੱਝ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਦੀ ਗੱਲ ਹੀ ਕੀਤੀ ਜਾ ਰਹੀ ਸੀ ਪਰ ਜਿਵੇਂ ਹਾਲਾਤ ਬਣੇ ਹਨ, ਉਨ੍ਹਾਂ ਵਿਚ ਉਹ ਉਨ੍ਹਾਂ ਬਾਗੀਆਂ ਦੀ ਛੁੱਟੀ ਵੀ ਕਰ ਸਕਦੇ ਹਨ, ਜੋ ਨਵਜੋਤ ਸਿੱਧੂ ਦੇ ਨਾ ਸਿਰਫ਼ ਅੰਗ-ਸੰਗ ਰਹੇ, ਸਗੋਂ ਉਨ੍ਹਾਂ ਨੂੰ ਪੂਰੀ ਹਵਾ ਵੀ ਦਿੱਤੀ। ਸੁਖਜਿੰਦਰ ਰੰਧਾਵਾ ਦਾ ਅਸਤੀਫ਼ਾ ਤਾਂ ਪਹਿਲਾਂ ਤੋਂ ਹੀ ਉਨ੍ਹਾਂ ਕੋਲ ਪਿਆ ਹੈ। ਰੰਧਾਵਾ ਨੇ ਹੀ ਸਿੱਧੂ ਦਾ ਧੜਾ ਮਜ਼ਬੂਤ ਕੀਤਾ ਸੀ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਨਿਸ਼ਾਨੇ ’ਤੇ ਹੋਣਗੇ।
ਸ਼ੁਰੂਆਤੀ ਬੈਠਕਾਂ ਵਿਚ ਚੰਨੀ, ਸਿੱਧੂ ਅਤੇ ਰੰਧਾਵਾ ਦੇ ਨਾਲ ਦਿਖਾਈ ਦਿੰਦੇ ਰਹੇ। ਅਲਬੱਤਾ ਬੀਤੇ ਦੋ ਦਿਨਾਂ ਤੋਂ ਉਹ ਇਸ ਧੜੇ ਦੇ ਨਾਲ ਨਜ਼ਰ ਨਹੀਂ ਆਏ। ਅਮਰਿੰਦਰ ਦੇ ਖਾਸਮਖਾਸ ਮੰਨੇ ਜਾਂਦੇ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਦਾ ਮੰਤਰੀ ਅਹੁਦਾ ਵੀ ਖ਼ਤਰੇ ਵਿਚ ਦਿਖਾਈ ਦੇ ਰਿਹਾ ਹੈ, ਕਿਉਂਕਿ ਸਿੱਧੂ ਰੰਧਾਵਾ ਦੇ ਨਾਲ ਸਰਕਾਰੀਆ ਵੀ ਦੋ ਮਹੀਨੇ ਤੋਂ ਜੁਗਲਬੰਦੀ ਦਿਖਾ ਰਹੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ