ਨਾਰਾਜ਼ ਸੰਸਦ ਮੈਂਬਰਾਂ ਤੇ ਵਿਧਾਇਕਾਂ ਲਈ ਕੈਪਟਨ ਨੇ ਸੁੱਟਿਆ ਨਵਾਂ ਪਾਸਾ, ਇਨ੍ਹਾਂ ਕੰਮਾਂ ਨੂੰ ਦਿੱਤੀ ਹਰੀ ਝੰਡੀ

Tuesday, Jun 01, 2021 - 08:44 AM (IST)

ਨਾਰਾਜ਼ ਸੰਸਦ ਮੈਂਬਰਾਂ ਤੇ ਵਿਧਾਇਕਾਂ ਲਈ ਕੈਪਟਨ ਨੇ ਸੁੱਟਿਆ ਨਵਾਂ ਪਾਸਾ, ਇਨ੍ਹਾਂ ਕੰਮਾਂ ਨੂੰ ਦਿੱਤੀ ਹਰੀ ਝੰਡੀ

ਚੰਡੀਗੜ੍ਹ (ਹਰੀਸ਼ਚੰਦਰ) : ਨਾਰਾਜ਼ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਸਾਧਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਪਾਸਾ ਸੁੱਟਿਆ ਹੈ। ਉਨ੍ਹਾਂ ਇਕ ਸੰਸਦ ਮੈਂਬਰ ਦੇ ਭਤੀਜੇ ਨੂੰ ਸਿੱਧੇ ਡੀ. ਐੱਸ. ਪੀ. ਭਰਤੀ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮਾਝੇ ਨਾਲ ਸਬੰਧਿਤ ਇਸ ਸੰਸਦ ਮੈਂਬਰ ਨੇ ਲੰਬੇ ਅਰਸੇ ਤੋਂ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਇਕ ਸਾਥੀ ਸੰਸਦ ਮੈਂਬਰ ਨੂੰ ਲੈ ਕੇ ਉਹ ਕਈ ਵਾਰ ਕੈਪਟਨ ’ਤੇ ਨਿਸ਼ਾਨਾ ਸਾਧ ਚੁੱਕੇ ਹਨ ਪਰ ਹੁਣ ਉਹ ਤਿੱਖੇ ਵਾਰ ਕਰਨ ਦੀ ਬਜਾਏ ਮੁੱਖ ਮੰਤਰੀ ਨੂੰ ਨਸੀਹਤ ਵਾਲੇ ਬਿਆਨਾਂ ’ਤੇ ਆ ਗਏ ਹਨ। ਸੂਤਰਾਂ ਮੁਤਾਬਕ ਉਕਤ ਸੰਸਦ ਮੈਂਬਰ ਦੇ ਭਤੀਜੇ ਨੂੰ ਸਿੱਧਾ ਡੀ. ਐੱਸ. ਪੀ. ਭਰਤੀ ਕਰਨ ਦੀ ਫਾਈਲ ’ਤੇ ਮੁੱਖ ਮੰਤਰੀ ਨੇ ਦਸਤਖ਼ਤ ਕਰ ਦਿੱਤੇ ਹਨ। ਇਸ ਨੂੰ ਅਗਲੀ ਕੈਬਨਿਟ ਬੈਠਕ ਦੇ ਏਜੰਡੇ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਮਨਜ਼ੂਰੀ ਮਿਲੀ ਤਾਂ ਸੰਸਦ ਮੈਂਬਰ ਦਾ ਭਤੀਜਾ ਡੀ. ਐੱਸ. ਪੀ. ਦੇ ਅਹੁਦੇ ’ਤੇ ਸੇਵਾਵਾਂ ਦਿੰਦਾ ਮਿਲੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : GMCH ਦੇ ਕੋਵਿਡ ਆਈ. ਸੀ. ਯੂ. ਵਾਰਡ 'ਚ ਦਾਖ਼ਲ 4 ਮਰੀਜ਼ਾਂ ਦੀ ਮੌਤ, ਪਰਿਵਾਰਾਂ ਨੇ ਲਾਏ ਗੰਭੀਰ ਦੋਸ਼

ਇੰਨਾ ਹੀ ਨਹੀਂ ਲੁਧਿਆਣਾ ਜ਼ਿਲ੍ਹੇ ਦੇ ਹੀ ਪਾਰਟੀ ਵਿਧਾਇਕ ਦੇ ਪੁੱਤਰ ਨੂੰ ਵੀ ਸਿੱਧੇ ਤਹਿਸੀਲਦਾਰ ਨਿਯੁਕਤ ਕੀਤਾ ਜਾ ਰਿਹਾ ਹੈ। ਕਈ ਵਾਰ ਜਿੱਤਣ ਦੇ ਬਾਵਜੂਦ ਉਹ ਸੀਨੀਅਰ ਹੁੰਦੇ ਹੋਏ ਵੀ ਕੈਪਟਨ ਅਮਰਿੰਦਰ ਸਰਕਾਰ ਵਿਚ ਮੰਤਰੀ ਨਹੀਂ ਬਣ ਸਕੇ ਹਨ। ਇਸ ਪਿੱਛੇ ਕਾਰਣ ਇਹ ਰਿਹਾ ਹੈ ਕਿ ਉਹ ਅਮਰਿੰਦਰ ਦੀ ਸਾਬਕਾ ਸਰਕਾਰ ਦੇ ਸਮੇਂ ਵਿਰੋਧੀ ਖੇਮੇ ਦੇ ਪ੍ਰਮੁੱਖ ਆਗੂਆਂ ਵਿਚ ਗਿਣੇ ਜਾਂਦੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਧੜੇ ਦੇ ਮੁਖੀ ਚਾਹੇ ਅਮਰਿੰਦਰ ਨਾਲ ਸਮਝੌਤਾ ਕਰਕੇ ਇਸ ਸਮੇਂ ਸੱਤਾ ਸੁੱਖ ਭੋਗ ਰਹੇ ਹੋਣ ਪਰ ਕੈਪਟਨ ਅਮਰਿੰਦਰ ਹੁਣ ਤੱਕ ਇਸ ਵਿਧਾਇਕ ਤੋਂ ਖਫ਼ਾ ਹੀ ਚੱਲੇ ਆ ਰਹੇ ਸਨ। ਸਮੇਂ ਦੀ ਨਜ਼ਾਕਤ ਨੂੰ ਭਾਂਪਦਿਆਂ ਇਹ ਵਿਧਾਇਕ ਹੁਣ ਹਾਲ ਹੀ ਵਿਚ ਨਾਰਾਜ਼ ਆਗੂਆਂ ਦੇ ਖੇਮੇ ਤੋਂ ਦੂਰੀ ਬਣਾ ਕੇ ਬੈਠਾ ਹੈ। ਕੈਪਟਨ ਵਿਰੋਧੀ ਕੋਈ ਬਿਆਨ ਵੀ ਉਹ ਨਹੀਂ ਦਾਗ ਰਿਹਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਮਰਾਲਾ ਦੇ ਸਾਬਕਾ ਅਕਾਲੀ ਵਿਧਾਇਕ ਖੀਰਨੀਆਂ ਨੇ ਫੜ੍ਹਿਆ 'ਆਪ' ਦਾ ਝਾੜੂ

ਅਜਿਹੇ ਵਿਚ ਅਮਰਿੰਦਰ ਨੇ ਵੀ ਹੱਥ ਵਧਾਇਆ ਅਤੇ ਉਸ ਦੇ ਪੁੱਤਰ ਨੂੰ ਸਿੱਧੇ ਤਹਿਸੀਲਦਾਰ ਭਰਤੀ ਕਰ ਲਿਆ। ਸੂਤਰਾਂ ਦੀ ਮੰਨੀਏ ਤਾਂ 2 ਜੂਨ ਨੂੰ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਨਿਯੁਕਤੀ ਨੂੰ ਵੀ ਹਰੀ ਝੰਡੀ ਮਿਲ ਜਾਵੇਗੀ। ਧਿਆਨਯੋਗ ਹੈ ਕਿ ਠਾਠ ਦੀ ਨੌਕਰੀ ਪਾਉਣ ਵਾਲੇ ਦੋਵਾਂ ਉਮੀਦਵਾਰਾਂ ਦੇ ਦਾਦੇ 1987 ਵਿਚ ਅੱਤਵਾਦ ਦਾ ਸ਼ਿਕਾਰ ਹੋਏ ਸਨ। ਅਜਿਹੇ ਵਿਚ ਕਰੀਬ 34 ਸਾਲਾਂ ਬਾਅਦ ਅੱਤਵਾਦ ਪੀੜਤ ਆਸ਼ਰਿਤਾਂ ਦੇ ਕੋਟੇ ਤੋਂ ਉਨ੍ਹਾਂ ਨੂੰ ਹੁਣ ਕਾਂਗਰਸ ਸਰਕਾਰ ਵਿਚ ਨੌਕਰੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਵਧਾਇਆ ਗਿਆ 'ਲਾਕਡਾਊਨ'

2017 ਵਿਚ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੋਤੇ ਨੂੰ ਡੀ.ਐੱਸ.ਪੀ. ਦੇ ਅਹੁਦੇ ’ਤੇ ਕੀਤਾ ਸੀ ਨਿਯੁਕਤ

ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਜਦੋਂ ਕੈਪਟਨ ਅਮਰਿੰਦਰ ਨੇ ਕਿਸੇ ਨੂੰ ਸਿੱਧੇ ਅਜਿਹੇ ਉੱਚ ਅਹੁਦੇ ’ਤੇ ਭਰਤੀ ਕੀਤਾ ਹੋਵੇ। 2017 ਵਿਚ ਸਰਕਾਰ ਬਣੇ ਅਜੇ ਦੋ ਮਹੀਨੇ ਹੀ ਹੋਏ ਸਨ ਕਿ ਕੈਪਟਨ ਨੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਸਿੰਘ ਨੂੰ ਡੀ. ਐੱਸ. ਪੀ. ਦੇ ਅਹੁਦੇ ’ਤੇ ਨਿਯੁਕਤ ਕਰ ਦਿੱਤਾ ਸੀ। ਗੁਰਇਕਬਾਲ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਭਰਾ ਅਤੇ ਵਿਧਾਇਕ ਗੁਰਕੀਰਤ ਕੋਟਲੀ ਦੇ ਚਚੇਰੇ ਭਰਾ ਹਨ। ਉਨ੍ਹਾਂ ਦੀ ਨਿਯੁਕਤੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ, ਜਿਸ ਦੀ ਸੁਣਵਾਈ ਅਜੇ ਪੈਂਡਿੰਗ ਹੈ ਕਿਉਂਕਿ ਹਾਈਕੋਰਟ ਪਿਛਲੇ ਸਾਲਾਂ ਤੋਂ ਸਰਵਿਸ ਮੈਟਰ ’ਤੇ ਸੁਣਵਾਈ ਨਹੀਂ ਕਰ ਰਿਹਾ ਹੈ। ਪਟੀਸ਼ਨ ਵਿਚ ਕਿਹਾ ਸੀ ਕਿ ਡੀ. ਐੱਸ. ਪੀ. ਦੇ ਅਹੁਦੇ ’ਤੇ ਸਿੱਧੇ ਨਿਯੁਕਤੀ ਲਈ ਵੱਧ ਤੋਂ ਵੱਧ ਉਮਰ 28 ਸਾਲ ਹੋਣੀ ਚਾਹੀਦੀ ਹੈ, ਜਦੋਂ ਕਿ ਗੁਰਇਕਬਾਲ ਸਿੰਘ ਉਸ ਸਮੇਂ ਕਰੀਬ 29 ਸਾਲ ਦੇ ਸਨ। ਇੰਨਾ ਹੀ ਨਹੀਂ ਅੱਤਵਾਦ ਦੌਰਾਨ ਹੋਏ ਬੇਅੰਤ ਸਿੰਘ ਦੇ ਕਤਲ ਦੇ 20 ਸਾਲ ਬਾਅਦ ਇਹ ਨਿਯੁਕਤੀ ਕੀਤੀ ਗਈ। ਪਟੀਸ਼ਨਰ ਦਾ ਕਹਿਣਾ ਸੀ ਕਿ ਤਰਸ ਦੇ ਆਧਾਰ ’ਤੇ ਨੌਕਰੀ ਲੋੜਵੰਦ ਨੂੰ ਹੀ ਦਿੱਤੀ ਜਾ ਸਕਦੀ ਹੈ, ਜਦੋਂ ਕਿ ਇਸ ਮਾਮਲੇ ਵਿਚ ਉਸਦੇ ਪਰਿਵਾਰ ਦੇ ਮੈਂਬਰ ਸੰਸਦ ਮੈਂਬਰ ਅਤੇ ਵਿਧਾਇਕ ਹੀ ਨਹੀਂ, ਸਗੋਂ ਉਨ੍ਹਾਂ ਦਾ ਪਰਿਵਾਰ ਵੀ ਕਾਫ਼ੀ ਸਮਰੱਥ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News