ਪੰਜਾਬ ਨੂੰ ਆਉਣ ਵਾਲੀ ਆਕਸੀਜਨ ਸਪਲਾਈ ਹੋ ਰਹੀ ਹਾਈਜੈੱਕ : ਮੁੱਖ ਮੰਤਰੀ

Saturday, Apr 24, 2021 - 12:00 PM (IST)

ਪੰਜਾਬ ਨੂੰ ਆਉਣ ਵਾਲੀ ਆਕਸੀਜਨ ਸਪਲਾਈ ਹੋ ਰਹੀ ਹਾਈਜੈੱਕ : ਮੁੱਖ ਮੰਤਰੀ

ਚੰਡੀਗੜ੍ਹ (ਅਸ਼ਵਨੀ) : ਆਕਸੀਜਨ ਉਤਪਾਦਕ ਪੰਜਾਬ ਨੂੰ ਸਪਲਾਈ ਦੇਣ ਦੀ ਵਚਨਬੱਧਤਾ ਦਾ ਪਾਲਣ ਨਹੀਂ ਕਰ ਰਹੇ ਹਨ। ਇਹ ਗੱਲ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਮੁੱਖ ਮੰਤਰੀਆਂ ਦੀ ਬੁਲਾਈ ਵਰਚੁਅਲ ਬੈਠਕ ਵਿਚ ਕਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਆਕਸੀਜਨ ਦੀ ਸਪਲਾਈ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਤੋਂ ਹੁੰਦੀ ਹੈ ਅਤੇ ਸਪਲਾਈ ਨੂੰ ਹਾਈਜੈੱਕ ਕੀਤੇ ਜਾਣ ਦੀਆਂ ਖ਼ਬਰਾਂ ਹਨ। ਭਾਰਤ ਸਰਕਾਰ ਇਹ ਜ਼ਰੂਰ ਯਕੀਨੀ ਬਣਾਏ ਕਿ ਦੂਜੇ ਸੂਬਿਆਂ ਵਿਚ ਲਿਕਵਿਡ ਆਕਸੀਜਨ ਉਤਪਾਦਕਾਂ ਵੱਲੋਂ ਇਸ ਦੀ ਵੰਡ ਸਬੰਧੀ ਆਪਣੀਆਂ ਸਾਰੀਆਂ ਵਚਨਬੱਧਤਾਵਾਂ ਦਾ ਪਾਲਣ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਆਕਸੀਜਨ ਦੀ ਮੰਗ ਨੂੰ ਘੱਟ ਤੋਂ ਘੱਟ ਕਰਨ ਲਈ ਸਾਰੇ ਹੱਲ ਅਪਣਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਮੌਸਮ ਨੇ ਤੋੜਿਆ 50 ਸਾਲਾਂ ਦਾ ਰਿਕਾਰਡ, ਪਹਿਲੀ ਵਾਰ ਇੰਨਾ ਠੰਡਾ ਰਿਹਾ 'ਅਪ੍ਰੈਲ' ਮਹੀਨਾ
ਟੀਕਾਕਰਨ ’ਤੇ 1000 ਕਰੋੜ ਰੁਪਏ ਦੀ ਲਾਗਤ
18 ਸਾਲ ਤੋਂ ਜ਼ਿਆਦਾ ਉਮਰ ਵਰਗ ਲਈ ਸ਼ੁਰੂ ਹੋਣ ਵਾਲੀ ਟੀਕਾਕਰਨ ਦੀ ਮੁਹਿੰਮ ਬਾਰੇ ਮੁੱਖ ਮੰਤਰੀ ਨੇ ਦੱਸਿਆ ਕਿ ਇਕ ਨਿਰਮਾਤਾ ਵੱਲੋਂ ਘੋਸ਼ਿਤ ਕੀਤੀਆਂ ਗਈਆਂ ਦਰਾਂ ’ਤੇ ਪੰਜਾਬ ਸਰਕਾਰ ਨੂੰ 1000 ਕਰੋੜ ਰੁਪਏ ਤੋਂ ਜ਼ਿਆਦਾ ਲਾਗਤ ਆਵੇਗੀ। ਉਨ੍ਹਾਂ ਨੇ ਟੀਕਾਕਰਨ ਲਈ ਕੇਂਦਰ ਸਰਕਾਰ ਤੋਂ ਫੰਡਿੰਗ ਦੀ ਮੰਗ ਕੀਤੀ ਅਤੇ ਮੱਧਵਰਤੀ ਤੌਰ ’ਤੇ ਐੱਸ. ਡੀ. ਆਰ. ਐੱਫ. ਫੰਡ ਵਿਚੋਂ ਜਾਇਜ਼ ਖ਼ਰਚ ਕਰਨ ਦੀ ਮਨਜ਼ੂਰੀ ਮੰਗੀ। ਉਨ੍ਹਾਂ ਕਿਹਾ ਕਿ ਸਪਲਾਈ ਦੀ ਕਮੀ ਕਾਰਨ ਪਿਛਲੇ ਇਕ ਹਫਤੇ ਤੋਂ ਟੀਕਾਕਰਨ ਮੁਹਿੰਮ ਦੀ ਰਫ਼ਤਾਰ ਘਟੀ ਹੈ, ਜੋ ਕਿ 75-80,000 ਰੋਜ਼ਾਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬੀਤੇ ਦਿਨ ਤਾਜ਼ਾ ਸਪਲਾਈ ਮਿਲੀ ਹੈ ਅਤੇ ਟੀਕਾਕਰਨ ਦੀ ਮੰਗ ਵਧਣ ਨਾਲ ਮੌਜੂਦਾ ਸਟਾਕ ਸਿਰਫ 3 ਦਿਨ ਤੱਕ ਹੀ ਚੱਲੇਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਵੱਡੀ ਖ਼ਬਰ : ਹਸਪਤਾਲ 'ਚ ਆਕਸੀਜਨ ਦੀ ਕਮੀ ਕਾਰਨ 6 ਮਰੀਜ਼ਾਂ ਦੀ ਮੌਤ, ਜਾਣੋ ਕੀ ਬੋਲੇ ਪ੍ਰਬੰਧਕ (ਵੀਡੀਓ
ਜਨਤਾ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਕੋਲ ਜਾਦੂ ਦੀ ਛੜੀ ਨਹੀਂ ਹੈ
ਮੁੱਖ ਮੰਤਰੀ ਨੇ ਰੇਮਡੇਸਿਵਰ ਅਤੇ ਟੋਸੀ ਵਰਗੀਆਂ ਦਵਾਈਆਂ ’ਤੇ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਇਨ੍ਹਾਂ ਦੀ ਸਪਲਾਈ ਵਧਾਉਣ ਲਈ ਯਤਨ ਕਰ ਰਹੀ ਹੈ ਪਰ ਲੋਕਾਂ ਨੂੰ ਇਹ ਦੱਸਣ ਲਈ ਇਕ ਸਪੱਸ਼ਟ ਸੁਨੇਹਾ ਦੇਣਾ ਪਵੇਗਾ ਕਿ ਉਨ੍ਹਾਂ ਕੋਲ ਜਾਦੂ ਦੀ ਛੜੀ ਨਹੀਂ ਹੈ ਅਤੇ ਇਨ੍ਹਾਂ ਦੇ ਬਦਲ ਵੀ ਉਪਲੱਬਧ ਹਨ। ਮੁੱਖ ਮੰਤਰੀ ਨੇ ਰਾਜ ਵਿਚ ਐਂਟੀ-ਵਾਇਰਲ ਰੇਮਡੇਸਿਵਰ ਟੀਕਿਆਂ ਦੀ ਕਮੀ ਅਤੇ ਟੋਸੀ ਟੀਕਿਆਂ ਦੀ ਜ਼ੀਰੋ ਉਪਲਬਧਤਾ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਾਲਾਂਕਿ ਹਸਪਤਾਲ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਹਨ ਅਤੇ ਬਦਲਵੀਆਂ ਦਵਾਈਆਂ ਦਾ ਪ੍ਰਯੋਗ ਕਰ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News