ਪੰਜਾਬ ''ਚ ਕੋਰੋਨਾ ਕੇਸਾਂ ਦੇ ਉਛਾਲ ਕਾਰਨ ਮੁੜ ਹੋਵੇਗੀ ਤਾਲਾਬੰਦੀ, ਕੈਪਟਨ ਨੇ ਦਿੱਤੇ ਸੰਕੇਤ

Monday, Jun 15, 2020 - 08:43 AM (IST)

ਜਲੰਧਰ (ਧਵਨ, ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਅੰਦਰ ਪਾਬੰਦੀਆਂ ’ਚ ਛੋਟ ਤੋਂ ਬਾਅਦ ਕੋਵਿਡ-19 ਦੇ ਕੇਸਾਂ ’ਚ ਭਾਰੀ ਉਛਾਲ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਮੁੜ ਤਾਲਾਬੰਦੀ ਅਤੇ ਪਾਬੰਦੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ’ਤੇ ਰੋਕ ਲਾਉਣ ਲਈ ਰਾਸ਼ਟਰੀ ਤਾਲਾਬੰਦੀ ਨਾਲ ਨਾ ਸਿਰਫ ਦੇਸ਼ ਦੀ ਅਰਥ ਵਿਵਸਥਾ ’ਚ ਖੜ੍ਹੋਤ ਆਈ ਹੈ, ਸਗੋਂ ਇਸ ਨਾਲ ਲੋਕਾਂ ਦੀ ਆਮਦਨੀ ਅਤੇ ਬੱਚਤ ਵੀ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ : ਸ਼ਰਾਬ ਦਾ ਰੈਵੇਨਿਊ ਬਚਾਉਣ ਲਈ 'ਕੈਪਟਨ' ਨੂੰ ਬਦਲਣਾ ਪਿਆ ਫੈਸਲਾ

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਸੰਕਟ ਨੂੰ ਧਿਆਨ ’ਚ ਰੱਖਦੇ ਹੋਏ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ’ ਯੋਜਨਾ ਦਾ ਲਾਭ ਹੋਰ 6 ਮਹੀਨੇ ਲਈ ਅਤੇ ਗਰੀਬਾਂ ਅਤੇ ਕੋਰੋਨਾ ਤੋਂ ਪ੍ਰਭਾਵਿਤ ਲੋੜਵੰਦਾਂ ਨੂੰ ਦੇਣ ਦਾ ਪ੍ਰਬੰਧ ਕਰਨ, ਜਿਸ ਨਾਲ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਲਾਭਪਾਤਰੀਆਂ ਨੂੰ ਮੁਫਤ ਕਣਕ ਅਤੇ ਦਾਲਾਂ ਦਿੱਤੀਆਂ ਜਾ ਸਕਣ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ’ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 6 ਮਹੀਨੇ ਹੋਰ ਯੋਜਨਾ ਦਾ ਲਾਭ ਵਧਾਉਣ ਨਾਲ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇਗਾ ਕਿ ਗਰੀਬ ਅਤੇ ਲੋੜਵੰਦ ਭੁੱਖੇ ਨਾ ਰਹਿ ਸਕਣ ਅਤੇ ਨਾਲ ਹੀ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਦਿੱਲੀ 'ਚ 6 ਦਿਨਾਂ ਦੇ ਅੰਦਰ ਕੋਵਿਡ-19 ਦੇ 10,000 ਤੋਂ ਜ਼ਿਆਦਾ ਮਾਮਲੇ

ਮੁੱਖ ਮੰਤਰੀ ਨੇ ਮੋਦੀ ਨੂੰ ਕਿਹਾ ਕਿ ਉਹ ਕੇਂਦਰੀ ਖਪਤਕਾਰ ਮਾਮਲਿਆਂ, ਖੁਰਾਕ ਅਤੇ ਸਪਲਾਈ ਮੰਤਰਾਲਾ ਨੂੰ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ’ ਯੋਜਨਾ ਦਾ ਲਾਭ ਗਰੀਬਾਂ ਨੂੰ ਦੇਣ ਨਾਲ ਉਨ੍ਹਾਂ ਨੂੰ ਕੋਵਿਡ ਸੰਕਟ ਦੌਰਾਨ ਕਾਫੀ ਫਾਇਦਾ ਪਹੁੰਚਿਆ ਹੈ। ਮੁੱਖ ਮੰਤਰੀ ਨੇ ਇਸ ਯੋਜਨਾ ਦੇ ਲਾਭ ਦਾ ਵਿਸਥਾਰ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਤਾਲਾਬੰਦੀ ਨੂੰ ਹੁਣ ਕਰੀਬ 3 ਮਹੀਨੇ ਪੂਰੇ ਹੋਣ ਜਾ ਰਹੇ ਹਨ ਅਤੇ ਲੋਕਾਂ ਵਿਸ਼ੇਸ਼ ਤੌਰ ’ਤੇ ਗਰੀਬਾਂ ਦੀ ਆਰਥਿਕ ਹਾਲਤ ’ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ, ਭਾਵੇਂ ਦੂਜੇ ਪਾਸੇ ਉਦਯੋਗਿਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਸੂਬੇ ’ਚ 2.60 ਲੱਖ ਉਦਯੋਗਿਕ ਇਕਾਈਆਂ ’ਚ 2.32 ਲੱਖ ਇਕਾਈਆਂ ’ਚ ਮੁੜ ਕੰਮਕਾਜ ਸ਼ੁਰੂ ਹੋ ਚੁੱਕਾ ਹੈ ਪਰ ਪਿਛਲੇ ਕੁਝ ਮਹੀਨਿਆਂ ਦੌਰਾਨ ਮਜ਼ਦੂਰੀ ’ਚ ਕਟੌਤੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਇਸ ਨਾਲ ਲੋਕਾਂ ਦੀ ਖਰੀਦ ਸ਼ਕਤੀ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਕੋਰੋਨਾ ਨੇ ਮਚਾਇਆ ਕੋਹਰਾਮ, ਇਕੱਠੇ 7 ਕੇਸਾਂ ਦੀ ਪੁਸ਼ਟੀ
 


Babita

Content Editor

Related News