ਕੈਪਟਨ ਵੱਲੋਂ ਕੋਵਿਡ ਖਿਲਾਫ ''ਮਿਸ਼ਨ ਫਤਿਹ'' ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
Tuesday, Jun 02, 2020 - 09:08 AM (IST)
ਚੰਡੀਗੜ੍ਹ : ਕੋਵਿਡ ਖ਼ਿਲਾਫ਼ ਜੰਗ ਨੂੰ ਸੂਬੇ ਭਰ 'ਚ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 'ਮਿਸ਼ਨ ਫਤਹਿ' ਤਹਿਤ ਮਹੀਨਾ ਭਰ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਤਾਂ ਜੋ ਇਸ ਮਹਾਮਾਰੀ ਬਾਰੇ ਲੋਕਾਂ 'ਚ ਵਿਆਪਕ ਪੱਧਰ 'ਤੇ ਜਾਗਰੂਕਤਾ ਫੈਲਾਈ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ 'ਮਿਸ਼ਨ ਫਤਹਿ' ਦਾ ਘੇਰਾ ਵਿਸ਼ਾਲ ਕਰਦਿਆਂ ਇਸ ਨੂੰ ਕੋਵਿਡ ਖ਼ਿਲਾਫ਼ ਜੰਗ ਦੇ ਮੋਹਰੀ ਜੰਗਜੂਆਂ ਤੋਂ ਅੱਗੇ ਲੈ ਕੇ ਜਾਏਗੀ ਅਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਕਲਾਵੇ 'ਚ ਲੈਂਦਿਆਂ ਇਸ ਲੜਾਈ ਨੂੰ ਲੋਕਾਂ ਦੀ, ਲੋਕਾਂ ਵੱਲੋਂ ਅਤੇ ਲੋਕਾਂ ਲਈ ਲੜਾਈ ਬਣਾਏਗੀ।'
'ਮਿਸ਼ਨ ਫਤਹਿ' ਨੂੰ ਅਨੁਸ਼ਾਸਨ, ਸਹਿਯੋਗ ਤੇ ਹਮਦਰਦੀ ਰਾਹੀਂ ਨੋਵਲ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਦੇ ਲੋਕਾਂ ਦੀ ਵਚਨਬੱਧਤਾ ਦਾ ਪ੍ਰਤੀਕ ਦੱਸਦਿਆਂ ਮੁੱਖ ਮੰਤਰੀ ਨੇ ਸਾਰੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤਾਲਾਬੰਦੀ ਰੋਕਾਂ ਦੀ ਪਾਲਣਾ ਰਾਹੀਂ ਲੋਕ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਅਤੇ ਗਰੀਬਾਂ ਪ੍ਰਤੀ ਹਮਦਰਦੀ ਦਿਖਾਉਣ। ਇਹੀ ਪੰਜਾਬੀਅਤ ਦੀ ਭਾਵਨਾ ਦੀ ਅਸਲ ਤਰਜ਼ਮਾਨੀ ਹੋਵੇਗੀ, ਜਿਸ ਰਾਹੀਂ ਅਸੀਂ ਸਾਰੀਆਂ ਮੁਸ਼ਕਲਾਂ ਨਾਲ ਜੂਝ ਕੇ ਜੇਤੂ ਵਜੋਂ ਉਭਰਾਂਗੇ।
ਇਸ ਮੁਹਿੰਮ ਦੇ ਹਿੱਸੇ ਵਜੋਂ ਲੜੀਵਾਰ ਗਤੀਵਿਧੀਆਂ ਵਿੱਢੀਆਂ ਜਾਣਗੀਆਂ, ਜੋ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਨਾਲ-ਨਾਲ ਵੱਖ-ਵੱਖ ਐਨ. ਜੀ. ਓਜ਼, ਦਾਨੀ ਸੰਸਥਾਵਾਂ ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਚਲਾਈਆਂ ਜਾਣਗੀਆਂ ਜਿਨ੍ਹਾਂ ਨੂੰ ਆਪਣੇ ਇਲਾਕਿਆਂ 'ਚ ਇਸੇ ਤਰ੍ਹਾਂ ਦੀਆਂ ਮੁਹਿੰਮਾਂ ਚਲਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਸੂਬੇ ਦੇ ਸਾਰੇ ਵਿਭਾਗ ਇਕੱਠੇ ਹੋ ਕੇ ਸੂਬੇ 'ਚ ਸਕਾਰਾਤਮਕ ਮਾਹੌਲ ਸਿਰਜਣ ਲਈ ਇਕਜੁੱਟ ਹੋ ਕੇ ਕੰਮ ਕਰਨਗੇ ਤਾਂ ਜੋ ਲੋਕਾਂ ਨੂੰ ਅੱਗੇ ਵਧਣ ਅਤੇ ਮਿਸ਼ਨ ਫਤਿਹ ਨੂੰ ਸਫਲ ਬਣਾਉਣ 'ਚ ਮਦਦ ਕੀਤੀ ਜਾ ਸਕੇ।