ਕੈਪਟਨ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹੁਕਮ ਜਾਰੀ
Saturday, Feb 15, 2020 - 01:57 PM (IST)
ਜਲੰਧਰ (ਧਵਨ, ਅਸ਼ਵਨੀ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ। ਹੁਕਮ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸਿੱਖਿਆ, ਸਿਹਤ, ਪਾਣੀ ਅਤੇ ਬਿਜਲੀ ਜਿਹੇ ਕੋਰ ਸੈਕਟਰਾਂ ਨੂੰ ਵਿਕਾਸ ਕਰਵਾਉਂਦੇ ਸਮੇਂ ਪਹਿਲ ਦੇਣ ਤਾਂ ਜੋ ਆਮ ਲੋਕਾਂ ਦੇ ਜੀਵਨ ਦੀ ਗੁਣਵੱਤਾ ਸੁਧਾਰੀ ਜਾ ਸਕੇ। ਮੁੱਖ ਮੰਤਰੀ ਨੇ ਬੀਤੇ ਦਿਨ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਸੀ, ਜਿਸ 'ਚ ਉਨ੍ਹਾਂ ਵੱਖ-ਵੱਖ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਇਨ੍ਹਾਂ ਦੀ ਨਿੱਜੀ ਤੌਰ 'ਤੇ ਮਾਨੀਟਰਿੰਗ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨੂੰ ਸਖਤ ਨਿਗਰਾਨੀ ਹੇਠ ਕਰਵਾਇਆ ਜਾਵੇ।
ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਸੂਬੇ ਦੀ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ਅਤੇ ਵਿਕਾਸ ਅਤੇ ਲੋਕ ਭਲਾਈ ਪ੍ਰਾਜੈਕਟਾਂ ਨੂੰ ਤੇਜ਼ ਰਫਤਾਰ ਦੇਣ ਲਈ ਕਮਰ ਕੱਸ ਲੈਣ। ਸੂਬਾ ਸਰਕਾਰ ਆਪਣੇ ਡਿਵੈੱਲਪਮੈਂਟ ਦੇ ਏਜੰਡੇ ਨੂੰ ਤੇਜ਼ੀ ਨਾਲ ਅੱਗੇ ਵਧਾਏਗੀ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਨਾਮਜ਼ਦ ਨੁਮਾਇੰਦਿਆਂ ਨੂੰ ਲੋਕਤੰਤਰ 'ਚ ਪੂਰਾ ਸਨਮਾਨ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਨਾਗਰਿਕ ਹਿਤੈਸ਼ੀ ਸੇਵਾਵਾਂ ਵਲ ਵੀ ਧਿਆਨ ਦੇਣ ਦੇ ਨਿਰਦੇਸ਼ ਦਿੰਦੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਸੇਵਾ ਕੇਂਦਰਾਂ 'ਚ ਪੈਂਡਿੰਗ ਪਈਆਂ ਅਰਜ਼ੀਆਂ ਨੂੰ ਲੈ ਕੇ ਖੁਦ ਨਿਗਰਾਨੀ ਰੱਖਣ ਤਾਂ ਜੋ ਜਨਤਾ ਨੂੰ ਸੇਵਾ ਕੇਂਦਰਾਂ ਿਵਚ ਭਟਕਣਾ ਨਾ ਪਵੇ। ਮੀਟਿੰਗ 'ਚ ਏ. ਸੀ. ਐੱਸ. ਗਵਰਨੈਂਸ ਰਿਫਾਰਮਸ ਵਿਨੀ ਮਹਾਜਨ ਨੇ ਕਿਹਾ ਕਿ ਸੂਬੇ 'ਚ 515 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਉਥੇ ਸਾਰੇ ਜ਼ਿਲਿਆਂ ਤੋਂ ਪ੍ਰਾਪਤ 2,60, 4975 ਅਰਜ਼ੀਆਂ ਨੂੰ ਦੇਖਦੇ ਹੋਏ ਪੈਂਡਿੰਗ ਅਰਜ਼ੀਆਂ ਦੀ ਗਿਣਤੀ 42,261 ਹੈ। ਮੁੱਖ ਮੰਤਰੀ ਅਮਰਿੰਦਰ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਮਾਲੀਆ ਅਧਿਕਾਰੀਆਂ ਨੂੰ ਿਨਰਦੇਸ਼ ਜਾਰੀ ਕਰਨ ਕਿ ਪ੍ਰਾਪਰਟੀ, ਪਾਰਟੀਸ਼ਨ ਜਾਂ ਇੰਤਕਾਲ ਨਾਲ ਸਬੰਧਿਤ ਸਾਰੇ ਮਾਮਲਿਆਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਹਰ ਮਹੀਨੇ ਸ਼ਿਕਾਇਤ ਨਿਵਾਰਣ ਕਮੇਟੀ ਦੀਆਂ ਮੀਟਿੰਗਾਂ ਹੋਣੀਆਂ ਚਾਹੀਦੀਆਂ ਹਨ ਅਤੇ ਉਸ ਦੀ ਰਿਪੋਰਟ ਸਰਕਾਰ ਨੂੰ ਦਿੱਤੀ ਜਾਵੇ। ਉਨ੍ਹਾਂ ਸਰਹੱਦੀ ਖੇਤਰਾਂ ਵਿਚ ਬਿਜਲੀ ਚੋਰੀ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ ਅਤੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਪੁਲਸ ਅਤੇ ਪਾਵਰ ਕਾਰਪੋਰੇਸ਼ਨ ਦੀ ਮਦਦ ਲੈ ਕੇ ਤਰਨਤਾਰਨ ਜ਼ਿਲੇ 'ਚ ਬਿਜਲੀ ਚੋਰੀ ਰੋਕਣੀ ਚਾਹੀਦੀ ਹੈ, ਜਿੱਥੇ 71.29 ਫੀਸਦੀ ਚੋਰੀ ਦੀਆਂ ਸ਼ਿਕਾਇਤਾਂ ਹਨ।
ਨਸ਼ੇ ਦੇ ਮਾਮਲੇ 'ਚ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਦੇ ਨਤੀਜੇ ਤਸੱਲੀਬਖਸ਼ ਰਹੇ ਹਨ ਅਤੇ ਨਸ਼ਾ ਕਰਨ ਵਾਲਿਆਂ ਦਾ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਿਵਚ ਇਲਾਜ ਵੀ ਚੱਲ ਰਿਹਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਐੱਸ. ਟੀ. ਐੱਫ. ਅਤੇ ਜ਼ਿਲਾ ਪੁਲਸ ਅਤੇ ਸਿਹਤ ਿਵਭਾਗ ਦੇ ਨਾਲ ਤਾਲਮੇਲ ਕਰਦੇ ਹੋਏ ਨਸ਼ਿਆਂ ਖਿਲਾਫ ਮੁਹਿੰਮ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ। ਉਨ੍ਹਾਂ ਘਰ-ਘਰ ਰੋਜ਼ਗਾਰ ਸਕੀਮ ਦਾ ਵੀ ਜਾਇਜ਼ਾ ਲਿਆ ਅਤੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉੱਦਮੀਆਂ, ਕਾਰੋਬਾਰੀ ਸਮੂਹਾਂ ਤੇ ਹੋਰਨਾਂ ਨਾਲ ਤਾਲਮੇਲ ਕਰਦਿਆਂ ਨੌਜਵਾਨਾਂ ਲਈ 3 ਲੱਖ ਰੁਪਏ ਦੇ ਸਾਲਾਨਾ ਪੈਕੇਜ ਵਾਲੀਆਂ ਨੌਕਰੀਆਂ ਦੇ ਮੌਕਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਮੀਟਿੰਗ ਿਵਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਿਸ਼ੇਸ਼ ਮੁੱਖ ਸਕੱਤਰ ਕੇ. ਬੀ. ਐੱਸ. ਸਿੱਧੂ, ਸੰਜੇ ਕੁਮਾਰ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਤੇਜਵੀਰ ਸਿੰਘ ਤੋਂ ਇਲਾਵਾ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਸ਼ਹਿਰਾਂ 'ਚ ਆਵਾਰਾ ਜਾਨਵਰਾਂ ਤੇ ਕੁੱਤਿਆਂ ਦੀ ਸਮੱਸਿਆ ਦਾ ਹੱਲ ਕੱਢਣ ਦੇ ਹੁਕਮ
ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ 'ਚ ਅਧਿਕਾਰੀਆਂ ਨਾਲ ਮਾਨਸੂਨ ਸੀਜ਼ਨ ਤੋਂ ਪਹਿਲਾਂ ਹੀ ਹੜ੍ਹਾਂ ਦੀ ਰੋਕਥਾਮ ਲਈ ਸਮੁੱਚੇ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ। ਉਨ੍ਹਾਂ ਸ਼ਹਿਰਾਂ ਵਿਚ ਘਰ-ਘਰ ਤੋਂ ਕੂੜਾ ਚੁੱਕਣ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸ਼ਹਿਰਾਂ ਵਿਚ ਸਫਾਈ ਵਿਵਸਥਾ 'ਚ ਹੋਰ ਸੁਧਾਰ ਲਿਆਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਫੌਜ ਦੇ ਨਾਲ ਤਾਲਮੇਲ ਕਰਦੇਸਰਹੱਦੀ ਖੇਤਰਾਂ 'ਚ ਧਾਤੂਆਂ ਨਾਲ ਬਣੇ ਛੋਟੇ ਬ੍ਰਿੱਜਾਂ ਨੂੰ ਅਪਗ੍ਰੇਡ ਕਰਨ। ਉਨ੍ਹਾਂ ਸ਼ਹਿਰਾਂ 'ਚ ਆਵਾਰਾ ਜਾਨਵਰਾਂ ਅਤੇ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਆਵਾਰਾ ਜਾਨਵਰਾਂ ਦੇ ਕਾਰਨ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਵੀ ਕਾਫੀ ਵੱਧ ਚੁੱਕੀਆਂ ਹਨ।