ਪਾਵਰਕਾਮ ਨੇ ਬਿਜਲੀ ਲਾਈਨਾਂ ਬਦਲਣ ਲਈ ਖਰਚਿਆਂ ਤੋਂ ਦਿੱਤੀ ਛੋਟ

Thursday, Sep 05, 2019 - 10:44 AM (IST)

ਪਾਵਰਕਾਮ ਨੇ ਬਿਜਲੀ ਲਾਈਨਾਂ ਬਦਲਣ ਲਈ ਖਰਚਿਆਂ ਤੋਂ ਦਿੱਤੀ ਛੋਟ

ਚੰਡੀਗੜ੍ਹ (ਸ਼ਰਮਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਪਾਵਰਕਾਮ ਵਲੋਂ ਇਮਾਰਤਾਂ ਉਤੋਂ ਨੇੜਿਓਂ ਲੰਘ ਰਹੀਆਂ 11 ਕੇ. ਵੀ. ਐੱਚ. ਟੀ./ਐੱਲ. ਟੀ. ਦੀਆਂ ਲਾਈਨਾਂ ਦੀ ਤਬਦੀਲੀ ਲਈ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਘਰੇਲੂ ਅਤੇ ਵਪਾਰਕ ਖਪਤਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਮੁੱੱਖ ਮੰਤਰੀ ਵਲੋਂ ਪਾਵਰਕਾਮ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਫੈਸਲਾ ਹਾਈ ਟੈਨਸ਼ਨ ਤਾਰਾਂ ਤੋਂ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਚ ਵੀ ਸਹਾਈ ਹੋਵੇਗਾ।

ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਵਰਕਾਮ ਵਲੋਂ ਦਿੱਤੇ ਲਾਭਾਂ ਦਾ ਲਾਹਾ ਲੈਣ ਲਈ ਅੱਗੇ ਆਉਣ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਖਪਤਕਾਰ ਮੌਕੇ 'ਤੇ ਕੀਤੇ ਜਾਂਦੇ ਖਰਚਿਆਂ ਕਾਰਨ ਵਾਧੂ ਸਮੱਗਰੀ ਦੀ ਲਾਗਤ ਦਾ 4 ਫੀਸਦੀ ਖਰਚਾ ਝੱਲ ਰਹੇ ਸਨ, ਜਿਸ 'ਤੇ ਹੁਣ ਛੋਟ ਦਿੱਤੀ ਗਈ ਹੈ। ਵਾਧੂ ਸਮੱਗਰੀ ਦੀ ਕੀਮਤ 'ਤੇ ਪਹਿਲਾਂ ਲਾਏ ਜਾਂਦੇ 1.5 ਫੀਸਦੀ ਸਟੋਰੇਜ ਖਰਚੇ ਵੀ ਮੁਆਫ ਕੀਤੇ ਗਏ ਹਨ। ਸਮੱਗਰੀ ਦੀ ਢੋਆ-ਢੁਆਈ ਅਤੇ ਲੇਬਰ ਖਰਚਿਆਂ ਤੋਂ ਵੀ ਛੋਟ ਮਿਲੇਗੀ, ਜੇਕਰ ਖਪਤਕਾਰ ਇਸ ਦੀ ਵਿਵਸਥਾ ਖੁਦ ਕਰਦਾ ਹੈ।

ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਫੁਟਕਲ ਖਰਚੇ, ਜੋ ਕਿ ਲਾਗਤ ਦਾ ਇਕ ਫੀਸਦੀ ਸੀ, ਵੀ ਹਟਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੁਪਰਵਿਜ਼ਨ ਚਾਰਜ, ਜੋ ਕਿ ਲੇਬਰ ਚਾਰਜਿਜ਼ 'ਤੇ 15 ਫੀਸਦੀ ਲਿਆ ਜਾਂਦਾ ਸੀ, ਵੀ ਹਟਾ ਦਿੱਤਾ ਗਿਆ ਹੈ। ਭਾਵੇਂ ਕਿ ਨਿਰਮਾਣ ਕਾਰਜ ਦੀ ਨਿਗਰਾਨੀ ਪੀ. ਐੱਸ. ਪੀ. ਐੱਲ. ਵਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਡਿਟ ਅਤੇ ਅਕਾਊਂਟਸ ਅਤੇ ਟੀ. ਐਂਡ ਪੀ ਚਾਰਜਿਜ਼, ਜੋ ਕਿ ਕੁੱਲ ਅਨੁਮਾਨਿਤ ਖਰਚੇ 'ਤੇ ਪਹਿਲਾਂ 1.5 ਫੀਸਦੀ ਦੇ ਹਿਸਾਬ ਨਾਲ ਲਾਏ ਜਾਂਦੇ ਸਨ, ਵੀ ਖਤਮ ਕਰ ਦਿੱਤੇ ਗਏ ਹਨ।


author

Babita

Content Editor

Related News