ਖਾਲਿਸਤਾਨ ਦੇ ਮੁੱਦੇ ''ਤੇ ਅਕਾਲੀ ਦਲ ਨੇ ਕੈਪਟਨ ''ਤੇ ਲਾਏ ਗੰਭੀਰ ਦੋਸ਼

07/12/2019 10:11:04 AM

ਚੰਡੀਗੜ੍ਹ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਖਾਲਿਸਤਾਨ ਅਤੇ ਅਖੌਤੀ ਰਾਏਸ਼ੁਮਾਰੀ 2020 ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਦੋਗਲੀ ਬਾਜ਼ੀ ਖੇਡਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕੈਪਟਨ ਪੰਜਾਬ ਅੰਦਰ ਵੱਖਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਅਨਸਰਾਂ ਬਾਰੇ ਆਪਣੇ ਸਟੈਂਡ ਨੂੰ ਸਪੱਸ਼ਟ ਕਰੇ। ਪਾਰਟੀ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਇਕ ਪਾਸੇ ਮੁੱਖ ਮੰਤਰੀ ਖਾਲਿਸਤਾਨ ਦਾ ਸ਼ਰੇਆਮ ਸਮਰਥਨ ਕਰਨ ਵਾਲੇ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਵਰਗਿਆਂ ਨਾਲ ਖਾਂਦਾ-ਪੀਂਦਾ ਅਤੇ ਉੱਠਦਾ-ਬੈਠਦਾ ਹੈ ਅਤੇ ਇੱਥੋਂ ਤਕ ਕਿ ਵਿਦੇਸ਼ਾਂ 'ਚ ਡਿਕਸੀ ਵਰਗੇ ਖਾਲਿਸਤਾਨੀ ਗੜ੍ਹ ਵਾਲੇ ਇਲਾਕਿਆਂ 'ਚ ਜਾਂਦਾ ਹੈ ਅਤੇ ਦੂਜੇ ਪਾਸੇ ਦੇਸ਼-ਭਗਤ ਹੋਣ ਦਾ ਵੀ ਢਕਵੰਜ ਕਰਦਾ ਹੈ।

ਇਸ ਬਾਰੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੀ ਕਿਰਪਾ ਕਰ ਕੇ ਅਸਲੀ ਅਮਰਿੰਦਰ ਸਾਹਮਣੇ ਆਵੇਗਾ, ਜਿਸ ਦਾ ਇਸ ਮੁੱਦੇ 'ਤੇ ਇਕ ਸਟੈਂਡ ਹੋਵੇ? ਡਾ. ਚੀਮਾ ਨੇ ਕਿਹਾ ਕਿ 'ਸਿੱਖਸ ਫਾਰ ਜਸਟਿਸ' 'ਤੇ ਪਾਬੰਦੀ ਲਾਉਣ ਦੇ ਮੁੱਦੇ 'ਤੇ ਅਮਰਿੰਦਰ ਦਾ ਪਾਖੰਡੀ ਸਟੈਂਡ ਅਤੇ ਸ਼ਰੇਆਮ ਖਾਲਿਸਤਾਨ ਦੀ ਹਮਾਇਤ ਕਰਨ ਵਾਲੇ ਅਨਸਰਾਂ ਨਾਲ ਉਸ ਦਾ ਮੇਲ-ਜੋਲ ਇਸ ਗੱਲ ਦੀ ਉੱਘੜਵੀਂ ਮਿਸਾਲ ਹੈ ਕਿ ਉਹ ਇਸ ਮੁੱਦੇ 'ਤੇ ਦੋਗਲੀ ਬਾਜ਼ੀ ਖੇਡ ਰਿਹਾ ਹੈ। ਇਕ ਬੋਲੀ ਉਹ ਦਿੱਲੀ ਵਾਸਤੇ ਬੋਲਦਾ ਹੈ ਅਤੇ ਦੂਜੀ ਉਨ੍ਹਾਂ ਵਾਸਤੇ ਬੋਲਦਾ ਹੈ, ਜਿਨ੍ਹਾਂ ਨੂੰ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਸਿੱਖਾਂ ਵਿਚ ਵੰਡੀਆਂ ਪਾਉਣ ਲਈ ਇਸਤੇਮਾਲ ਕਰਦਾ ਹੈ। ਰਾਸ਼ਟਰਵਾਦ ਦੇ ਨਾਅਰੇ ਲਾਉਣਾ ਅਤੇ ਸਿੱਖਾਂ ਦੇ ਗੁਰਧਾਮਾਂ ਉੱਤੇ ਕਬਜ਼ਾ ਕਰਨ ਲਈ ਅੰਦਰਖਾਤੇ ਅਕਾਲੀ ਦਲ-ਵਿਰੋਧੀ ਗਰਮਖਿਆਲੀਆਂ ਨਾਲ ਸਾਂਝਾਂ ਪਾਉਣਾ ਕਾਂਗਰਸੀ ਦਾ ਇਕ ਪੁਰਾਣਾ ਹਥਕੰਡਾ ਹੈ।


Babita

Content Editor

Related News