ਕੈਪਟਨ ਦੇ ਨਾ ਹੋਏ ਦੀਦਾਰ, ਵਰਕਰ ਤਿੱਖੀ ਧੁੱਪ ''ਚ ਕਰਦੇ ਰਹੇ ਇੰਤਜ਼ਾਰ

05/10/2019 3:42:25 PM

ਮਾਛੀਵਾੜਾ ਸਾਹਿਬ, ਸਾਹਨੇਵਾਲ (ਟੱਕਰ, ਜਗਰੂਪ) : ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਅਮਰ ਸਿੰਘ ਦੀ ਚੋਣ ਮੁਹਿੰਮ ਨੂੰ ਸਿਖਰਾਂ 'ਤੇ ਪਹੁੰਚਾਉਣ ਲਈ ਹਲਕਾ ਸਾਹਨੇਵਾਲ ਦੇ ਪਿੰਡ ਭਾਗਪੁਰ ਵਿਖੇ ਇੱਕ ਚੋਣ ਰੈਲੀ ਰੱਖੀ ਗਈ ਸੀ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁੱਜਣਾ ਸੀ ਪਰ ਉਹ ਰੈਲੀ ਵਿਚ ਨਾ ਪੁੱਜੇ, ਜਿਸ ਕਾਰਨ ਵੱਖ-ਵੱਖ ਹਲਕਿਆਂ ਤੋਂ ਆਏ ਕਾਂਗਰਸੀ ਵਰਕਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਤੇ ਕਾਂਗਰਸੀ ਆਗੂਆਂ ਨੇ ਆਪ ਹੀ ਸੰਬੋਧਨ ਕਰ ਰੈਲੀ ਨੂੰ ਸਮੇਟ ਦਿੱਤਾ। 
ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਪਿੰਡ ਭਾਗਪੁਰ ਵਿਖੇ ਹਲਕਾ ਸਾਹਨੇਵਾਲ ਦੇ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਵਲੋਂ ਕੈਪਟਨ ਦੀ ਆਮਦ ਸੰਬੰਧੀ ਵਿਸ਼ਾਲ ਪੰਡਾਲ ਲਗਾਇਆ ਹੋਇਆ ਸੀ ਅਤੇ ਕਾਂਗਰਸੀ ਆਗੂ ਪਿਛਲੇ ਕਈ ਦਿਨਾਂ ਤੋਂ ਵਰਕਰਾਂ ਨੂੰ ਲਾਮਬੰਦ ਕਰ ਇਸ ਰੈਲੀ ਵਿਚ ਆਉਣ ਲਈ ਵਰਕਰਾਂ ਨੂੰ ਪ੍ਰੇਰਿਤ ਕਰਦੇ ਰਹੇ। ਕਰੀਬ 3 ਘੰਟੇ ਕਹਿਰ ਦੀ ਗਰਮੀ ਤੇ ਤਿੱਖੀ ਧੁੱਪ ਵਿਚ ਕਾਂਗਰਸੀ ਵਰਕਰ ਇੰਤਜ਼ਾਰ ਕਰਦੇ ਰਹੇ ਪਰ ਉਨ੍ਹਾਂ ਨੂੰ ਆਪਣੇ ਕੈਪਟਨ ਦੇ ਦੀਦਾਰ ਨਾ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਉਮੀਦਵਾਰ ਡਾ. ਅਮਰ ਸਿੰਘ ਨੇ ਕਿਹਾ ਕਿ ਲੋਕ ਸਭਾ ਹਲਕਾ ਫਤਿਹਗੜ੍ਹ ਵਿਚ ਕਾਂਗਰਸ ਦਾ ਮੁਕਾਬਲਾ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਕਿਉਂÎਕਿ ਲੋਕਾਂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਮਨ ਬਣਾ ਲਿਆ ਹੈ ਤੇ ਇੱਕ-ਇੱਕ ਵੋਟ ਕਾਂਗਰਸ ਨੂੰ ਪਵੇਗੀ। 
ਕਾਂਗਰਸ ਉਮੀਦਵਾਰ ਅਮਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਰੈਲੀ ਵਿਚ ਨਾ ਪੁੱਜਣ ਦਾ ਭਾਂਡਾ ਵੀ ਮੋਦੀ ਸਿਰ ਭੰਨਦਿਆਂ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਆਉਣਾ ਸੀ, ਜਿਸ ਕਾਰਨ ਏਅਰਪੋਰਟ 4 ਘੰਟੇ ਲਈ ਉਨ੍ਹਾਂ ਦੀ ਆਮਦ ਕਾਰਨ ਬਿਲਕੁਲ ਬੰਦ ਕਰ ਦਿੱਤਾ ਗਿਆ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਵੀ ਏਅਰਪੋਰਟ ਤੋਂ ਨਾ ਉੱਡ ਸਕਿਆ, ਜਿਸ ਕਾਰਨ ਉਹ ਰੈਲੀ ਵਿਚ ਨਾ ਪੁੱਜ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਲਕਾ ਸਾਹਨੇਵਾਲ ਦੀ ਰੈਲੀ ਵਿਚ ਜੁੜੇ 10 ਹਜ਼ਾਰ ਕਾਂਗਰਸੀ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਹੈ ਪਰ ਦੂਸਰੇ ਪਾਸੇ ਹਲਕਾ ਸਾਹਨੇਵਾਲ ਦੀ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਆਪਣੇ ਸੰਬੋਧਨ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਨਾ ਆਉਣ ਦਾ ਕਾਰਨ ਇਹ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਾ ਪੈ ਗਿਆ, ਜਿਸ ਕਾਰਨ ਉਹ ਇਸ ਰੈਲੀ ਵਿਚ ਨਾ ਆ ਸਕੇ। ਦੋਵੇਂ ਹੀ ਕਾਂਗਰਸੀ ਆਗੂਆਂ ਦੇ ਕੈਪਟਨ ਦੀ ਆਮਦ 'ਤੇ ਦਿੱਤੇ ਵੱਖੋ-ਵੱਖਰੇ ਬਿਆਨ ਇਹ ਦਰਸਾ ਰਹੇ ਸਨ ਕਿ ਕਾਂਗਰਸ ਆਪਣੀ ਇੱਜ਼ਤ ਬਚਾਉਣ ਲਈ ਅਜੀਬ ਬਿਆਨਬਾਜ਼ੀ ਕਰ ਰਹੀ ਹੈ। 
ਇਸ ਰੈਲੀ ਨੂੰ ਐਚ.ਐਚ.ਹੰਸਪਾਲ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਵਿਧਾਇਕ ਲਖਵੀਰ ਸਿੰਘ ਲੱਖਾ, ਵਿਧਾਇਕ ਜੀ.ਪੀ.ਸਿੰਘ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਵਿਕਰਮ ਸਿੰਘ ਬਾਜਵਾ, ਕੁਲਰਾਜ ਸਿੰਘ ਗਰੇਵਾਲ, ਮਲਕੀਤ ਸਿੰਘ ਦਾਖਾ, ਕਮਲਜੀਤ ਸਿੰਘ ਢਿੱਲੋਂ, ਅਜਮੇਰ ਸਿੰਘ ਭਾਗਪੁਰ, ਮਨਜੀਤ ਸਿੰਘ ਝਿਲਬੂਟੀ, ਕਸਤੂਰੀ ਲਾਲ ਮਿੰਟੂ, ਦਰਸ਼ਨ ਕੁਮਾਰ ਕੁੰਦਰਾ, ਜਗਜੀਤ ਸਿੰਘ ਪ੍ਰਿਥੀਪੁਰ, ਸੁਰਿੰਦਰ ਕੁੰਦਰਾ, ਰਮਨੀਤ ਸਿੰਘ ਗਿੱਲ, ਲੱਕੀ ਸੰਧੂ ਆਦਿ ਵੀ ਮੌਜੂਦ ਸਨ।
 


Babita

Content Editor

Related News