ਕੇਂਦਰ ਸਰਕਾਰ ਅਕਾਲੀਆਂ ਦੇ ਇਸ਼ਾਰੇ ''ਤੇ ਕਣਕ ਦੀ ਖਰੀਦ ''ਚ ਪਾਉਣ ਲੱਗੀ ਵਿਘਨ : ਕੈਪਟਨ

05/06/2019 10:28:25 AM

ਜਲੰਧਰ/ਚੰਡੀਗੜ੍ਹ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ 'ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਐਤਵਾਰ ਕਿਹਾ ਕਿ ਮੋਦੀ ਸਰਕਾਰ ਅਕਾਲੀਆਂ ਦੇ ਇਸ਼ਾਰਿਆਂ 'ਤੇ ਪੰਜਾਬ 'ਚ ਕਣਕ ਦੀ ਖਰੀਦ 'ਚ ਵਿਘਨ ਪੈਦਾ ਕਰਨ 'ਚ ਲੱਗੀ ਹੋਈ ਹੈ। ਉਹ ਜਾਣਬੁਝ ਕਿ ਪੰਜਾਬ 'ਚ ਕਣਕ ਦੀਆਂ ਬੋਰੀਆਂ ਦੀ ਕਮੀ ਪੈਦਾ ਕਰ ਰਹੀ ਹੈ ਤਾਂ ਜੋ ਚੋਣਾਂ ਦੇ ਸਮੇਂ ਦੌਰਾਨ ਕਾਂਗਰਸ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਕਣਕ ਦੀ ਰਿਕਾਰਡ ਪੈਦਾਵਾਰ ਹੋਈ ਹੈ। ਕਣਕ ਸੰਭਾਲਣ ਲਈ ਬੋਰੀਆਂ ਦੀ ਲੋੜ ਹੈ ਪਰ ਕੇਂਦਰ ਸਰਕਾਰ ਨੇ 12 ਮਈ ਨੂੰ ਹਰਿਆਣਾ 'ਚ ਹੋਣ ਵਾਲੀਆਂ ਵੋਟਾਂ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਨੂੰ ਦਿੱਤੀਆਂ ਜਾਣ ਵਾਲੀਆਂ ਬੋਰੀਆਂ ਹਰਿਆਣਾ ਦੀਆਂ ਮੰਡੀਆਂ 'ਚ ਭੇਜ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਹਰਿਆਣਾ ਨੂੰ ਬੋਰੀਆਂ ਭੇਜੇ ਜਾਣ ਦੀ ਕੋਈ ਤੁਕ ਨਹੀਂ ਬਣਦੀ। ਲਗਭਗ 4 ਲੱਖ ਬੋਰੀਆਂ ਪੰਜਾਬ ਤੋਂ ਹਰਿਆਣਾ ਵੱਲ ਭੇਜੀਆਂ ਗਈਆਂ ਹਨ। ਪੰਜਾਬ 'ਚ ਪਿਛਲੇ 2 ਸਾਲਾਂ 'ਚ ਪਹਿਲੀ ਵਾਰ ਕਣਕ ਦੀ ਖਰੀਦ 'ਚ ਮੁਸ਼ਕਿਲ ਪੈਦਾ ਕੀਤੀ ਗਈ ਹੈ ਤਾਂ ਜੋ ਸੂਬੇ ਦੀ ਕਾਂਗਰਸ ਸਰਕਾਰ ਦੇ ਅਕਸ ਨੂੰ ਧੁੰਦਲਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਾਂਗਰਸ ਸਰਕਾਰ ਨੂੰ ਕਿਸਾਨਾਂ ਨੂੰ ਆਪਣੀ ਫਸਲ ਵੇਚਣ 'ਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਸਲ 'ਚ ਆਪਣੀ ਸਹਿਯੋਗੀ ਸ਼੍ਰੋਮਣੀ ਅਕਾਲੀ ਦੇ ਇਸ਼ਾਰਿਆਂ 'ਤੇ ਮੰਡੀਆਂ 'ਚ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ। ਹਰਿਆਣਾ 'ਚ ਭਾਜਪਾ ਸਰਕਾਰ ਹੋਣ ਕਾਰਨ ਉੱਥੇ ਵਾਧੂ ਬੋਰੀਆਂ ਭੇਜੀਆਂ ਗਈਆਂ ਹਨ। ਪੰਜਾਬ ਨਾਲ ਕੇਂਦਰ ਦੀ ਮੋਦੀ ਸਰਕਾਰ ਮਤਰੇਈ ਮਾਂ ਵਾਲਾ ਵਤੀਰਾ ਅਪਣਾ ਰਹੀ ਹੈ ਕਿਉਂਕਿ ਕੇਂਦਰ ਨੂੰ ਪਤਾ ਹੈ ਕਿ ਉਹ ਲੋਕ ਸਭਾ ਦੀਆਂ ਚੋਣਾਂ ਹਾਰਨ ਵਾਲੀ ਹੈ। ਇਸੇ ਕਾਰਨ ਕਾਂਗਰਸ ਸ਼ਾਸਕ ਸੂਬਿਆਂ 'ਚ ਕਣਕ ਦੀ ਖਰੀਦ ਦੇ ਕੰਮ 'ਚ ਜਾਣਬੁਝ ਕਿ ਰੁਕਾਵਟਾਂ ਪੈਦਾ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ 'ਚ ਹਰਿਆਣਾ ਦੀ ਕਣਕ ਵੀ ਭੇਜੀ ਜਾ ਰਹੀ ਹੈ। ਤਾਂ ਜੋ ਉਸ ਨੂੰ ਸੰਭਾਲਣਾ ਔਖਾ ਹੋ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਰਿਆਣਾ ਤੋਂ ਆਉਣ ਵਾਲੀ ਕਣਕ ਨੂੰ ਤੁਰੰਤ ਰੋਕਿਆ ਜਾਵੇ। ਉਨ੍ਹਾਂ ਭਾਜਪਾ ਨੂੰ ਕਿਹਾ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆਵੇ। ਇਸ ਉਸ ਨੂੰ ਕੋਈ ਲਾਭ ਨਹੀਂ ਹੋਵੇਗਾ। ਉਲਟਾ ਕਿਸਾਨ ਮੋਦੀ ਸਰਕਾਰ ਦੇ ਵਿਰੁੱਧ ਹੋ ਜਾਣਗੇ। ਕਿਸਾਨ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਦਾ ਕਰਜ਼ਾ ਮੋਦੀ ਸਰਕਾਰ ਨੇ ਮੁਆਫ ਨਹੀਂ ਕੀਤਾ।

ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਕਣਕ ਦੀਆਂ ਬੋਰੀਆਂ ਦੀ ਕਮੀ ਦਾ ਮੁੱਦਾ ਕੇਂਦਰ ਸਰਕਾਰ ਅਤੇ ਐੱਫ. ਸੀ. ਆਈ. ਕੋਲ ਉਠਾ ਰਹੀ ਹੈ ਨਾਲ ਖੁਦ ਵੀ ਐੱਫ. ਸੀ. ਆਈ. ਦੇ ਚੇਅਰਮੈਨ ਡੀ. ਵੀ. ਪ੍ਰਸਾਰ ਨਾਲ ਬੀਤੇ ਦਿਨੀਂ ਗੱਲਬਾਤ ਕੀਤੀ ਸੀ। ਐੱਫ. ਸੀ. ਆਈ. ਕਿਉਂਕਿ ਕੇਂਦਰ ਸਰਕਾਰ ਦੇ ਅਧੀਨ ਹੈ। ਇਸ ਲਈ ਪੰਜਾਬ ਸਰਕਾਰ ਨਾਲ ਮਤਰੇਈ ਮਾਂ ਵਾਲਾ ਵਤੀਰਾ ਅਪਣਾ ਰਹੀ ਹੈ। 
ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਏ. ਪੀ. ਸਿਨਹਾ ਨੇ ਵੀ ਕੇਂਦਰੀ ਖੁਰਾਕ ਮੰਤਰਾਲਾ ਦੇ ਸਕੱਤਰ ਨੂੰ ਚਿੱਠੀ ਲਿਖੀ ਸੀ ਅਤੇ ਕਿਹਾ ਸੀ ਕਿ ਕਣਕ ਦੀਆਂ ਬੋਰੀਆਂ ਦੀ ਸਮੱਸਿਆ ਹੋਣ ਨਾਲ ਪੰਜਾਬ 'ਚ ਅਮਨ ਕਾਨੂੰਨ ਦੀ ਹਾਲਤ ਵਿਗੜ ਸਕਦੀ ਸੀ। ਤਿੰਨ ਮਈ ਤੱਕ ਪੰਜਾਬ ਦੀਆਂ ਮੰਡੀਆਂ 'ਚ 105.4 ਲੱਖ ਟਨ ਕਣਕ ਪਹੁੰਚ ਚੁੱਕੀ ਸੀ। 6 ਮਈ ਤੱਕ 15 ਤੋਂ 16 ਲੱਖ ਟਨ ਹੋਰ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਸਿਨਹਾ ਨੇ ਕੇਂਦਰ ਨੂੰ ਲਿਖਿਆ ਸੀ ਕਿ ਬਠਿੰਡਾ, ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਵਿਖੇ ਇਕ ਲੱਖ ਬਾਰਦਾਨੇ ਦੀ ਕਮੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਉਤਸਵ ਲਈ ਵੀ ਗ੍ਰਾਂਟ ਜਾਰੀ ਨਹੀਂ ਕੀਤੀ
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਰਾਜਭਾਗ 'ਚ ਕਿਸਾਨਾਂ ਨੂੰ ਉਤਸ਼ਾਹਿਤ ਹੁੰਦਿਆਂ ਅਕਾਲੀ ਦੇਖ ਨਹੀਂ ਸਕਦੇ। ਇਸ ਲਈ ਮੋਦੀ ਸਰਕਾਰ ਰਾਹੀਂ ਕਾਂਗਰਸ ਸਰਕਾਰ ਨੂੰ ਪ੍ਰੇਸ਼ਾਨ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਲਿਆਂਵਾਲਾ ਬਾਗ ਕਤਲੇਆਮ ਦੀ ਸ਼ਤਾਬਦੀ ਮਨਾਉਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਗਟ ਉਤਸਵ ਨੂੰ ਦੇਖਦਿਆਂ ਅਜੇ ਤੱਕ ਪੰਜਾਬ ਨੂੰ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਗਈ।

'ਬੀ'-ਕਲਾਸ ਬਾਰਦਾਨਾ ਖਰੀਦਣ ਲਈ ਹਰਿਆਣਾ ਨੂੰ ਪ੍ਰਵਾਨਗੀ, ਪੰਜਾਬ ਨੂੰ ਨਾਂਹ
ਸਿਨਹਾ ਨੇ ਕੇਂਦਰ ਕੋਲੋਂ ਪੰਜਾਬ ਨੂੰ ਖੁੱਲ੍ਹੇ ਬਾਜ਼ਾਰ 'ਚੋਂ ਬਾਰਦਾਨਾ ਖਰੀਦਣ ਲਈ ਪ੍ਰਵਾਨਗੀ ਮੰਗੀ ਸੀ। ਹਰਿਆਣਾ ਨੂੰ ਤਾਂ ਬੀ ਕਲਾਸ ਬਾਰਦਾਨੇ ਦੀ ਖਰੀਦ ਸਬੰਧੀ ਪ੍ਰਵਾਨਗੀ ਦੇ ਦਿੱਤੀ ਗਈ ਪਰ ਪੰਜਾਬ ਨੂੰ ਇਹ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਪਿਛਲੇ 4 ਦਿਨਾਂ 'ਚ ਦੂਜੀ ਚਿੱਠੀ ਐੱਫ. ਸੀ. ਆਈ. ਨੂੰ ਭੇਜੀ ਪਰ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਸਿਨਹਾ ਨੇ ਸੀ. ਬੀ. ਆਈ. ਨੂੰ ਦੱਸਿਆ ਕਿ ਪੰਜਾਬ 'ਚ ਇਸ ਵਾਰ ਕੁੱਲ 132 ਲੱਖ ਟਨ ਪਹੁੰਚਣ ਦੇ ਆਸਾਰ ਹਨ। ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਕਾਰਨ ਕਣਕ ਦਾ ਰਿਕਾਰਡ ਉਤਪਾਦਨ ਹੋ ਰਿਹਾ ਹੈ।


shivani attri

Content Editor

Related News