''ਖਹਿਰਾ'' ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਰਖੀਆਂ ਬਟੋਰਨਾ ਚਾਹੁੰਦੈ : ਕੈਪਟਨ

01/21/2019 9:32:38 AM

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵਲੋਂ ਉਨ੍ਹਾਂ 'ਤੇ ਕੇਂਦਰ ਸਰਕਾਰ ਦੀ ਲੀਹ 'ਤੇ ਚੱਲਣ ਦੇ ਲਾਏ ਹਾਸੋਹੀਣੇ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਨਵੀਂ ਬਣੀ 'ਪੰਜਾਬੀ ਏਕਤਾ ਪਾਰਟੀ' ਦਾ ਲੀਡਰ ਅਜਿਹੇ ਝੂਠੇ ਇਲਜ਼ਾਮ ਘੜ ਕੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਰਖੀਆਂ ਬਟੋਰਨ ਲਈ ਤਿਲਮਿਲਾ ਰਿਹਾ ਹੈ। ਉਨ੍ਹਾਂ ਖਹਿਰਾ ਨੂੰ ਉਨ੍ਹਾਂ ਖਿਲਾਫ ਜਾਤੀ ਤੌਰ 'ਤੇ ਅਤੇ ਸੂਬਾ ਸਰਕਾਰ ਖਿਲਾਫ਼ ਲਾਏ ਦੋਸ਼ਾਂ ਵਿਚੋਂ ਇਕ ਨੂੰ ਵੀ ਸਿੱਧ ਕਰਕੇ ਦਿਖਾਉਣ ਜਾਂ ਫਿਰ ਸਿਆਸਤ ਤੋਂ ਕਿਨਾਰਾ ਕਰ ਲੈਣ ਦੀ ਚੁਣੌਤੀ ਦਿੱਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਸ ਦੀ ਕਾਰਗੁਜ਼ਾਰੀ ਬਾਰੇ ਖਹਿਰਾ ਦੇ ਬਿਆਨ ਤੋਂ ਹੀ ਸਿੱਧ ਹੋ ਜਾਂਦਾ ਹੈ ਕਿ ਜੋ ਉਹ ਉਭਾਰ ਰਿਹਾ ਹੈ, ਉਸ ਤੋਂ ਉਲਟ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਵਾਧੇ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ ਅਤੇ ਸੂਬਾ ਸਰਕਾਰ ਨੇ ਸੂਬੇ ਦੇ ਨਵੇਂ ਪੁਲਸ ਮੁਖੀ ਲਈ ਆਪਣਾ ਪੈਨਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਇਸ਼ਾਰੇ 'ਤੇ ਅਰੋੜਾ ਨੂੰ ਵਾਧਾ ਦਿੱਤੇ ਜਾਣ ਦਾ ਸਵਾਲ ਕਿਥੋਂ ਪੈਦਾ ਹੋ ਗਿਆ। ਖਹਿਰਾ ਵਲੋਂ ਪੰਜਾਬ ਵਿਚ ਕਾਂਗਰਸ ਅਤੇ ਅਕਾਲੀਆਂ (ਜੋ ਕੇਂਦਰ ਵਿਚ ਭਾਜਪਾ ਦੇ ਭਾਈਵਾਲ ਹਨ) ਦੇ ਆਪਸ 'ਚ ਰਲੇ ਹੋਣ ਦੇ ਲਾਏ ਦੋਸ਼ਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ, ਜਿਸ 'ਚ ਉਸ ਵੇਲੇ ਖਹਿਰਾ ਵੀ ਸ਼ਾਮਲ ਹੁੰਦਾ ਸੀ, ਨੇ ਸਾਲ 2017 ਦੀਆਂ ਵਿਧਾਨ ਸਭਾ ਦੀ ਚੋਣ ਮੁਹਿੰਮ ਦੌਰਾਨ ਵੀ ਅਜਿਹੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੌਰਾਨ ਉਸ ਨੂੰ ਮੂੰਹ ਦੀ ਖਾਣੀ ਪਈ ਸੀ।

ਉਨ੍ਹਾਂ ਕਿਹਾ ਕਿ ਉਸ ਵੇਲੇ ਅਜਿਹੇ ਹੱਥਕੰਡੇ ਅਪਣਾਉਣ ਦਾ ਖਮਿਆਜ਼ਾ ਆਪ ਨੂੰ ਭੁਗਤਣਾ ਪਿਆ ਸੀ ਅਤੇ ਹੁਣ ਖਹਿਰਾ ਦੀ ਪਾਰਟੀ ਵੀ ਭੁਗਤੇਗੀ। Îਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪੰਜਾਬ 'ਚ ਸੱਤਾਧਾਰੀ ਕਾਂਗਰਸ ਦਾ ਕਿਸੇ ਮੁੱਦੇ 'ਤੇ ਉਸਾਰੂ ਢੰਗ ਨਾਲ ਵਿਰੋਧ ਕਰਨ ਦੀ ਬਜਾਏ ਸੂਬੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਚੋਣ ਦ੍ਰਿਸ਼ 'ਤੇ ਆਪਣੀ ਹੋਂਦ ਬਰਕਰਾਰ ਰੱਖਣ ਲਈ ਝੂਠ ਅਤੇ ਸਿਆਸੀ ਚਾਲਾਂ ਚੱਲਣ ਲਈ ਤਿਲਮਿਲਾ ਰਹੀਆਂ ਹਨ।


Babita

Content Editor

Related News