ਕੈਪਟਨ ਨੇ ਜਾਖੜ ਨੂੰ ਭਵਿੱਖ ਦਾ ਮੁੱਖ ਮੰਤਰੀ ਦੱਸ ਖੇਡਿਆ ਨਵਾਂ ਸਿਆਸੀ ਪੱਤਾ!

05/12/2019 6:53:12 PM

ਚੰਡੀਗੜ੍ਹ (ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਨੀਵਾਰ ਨੂੰ ਗੁਰਦਾਸਪੁਰ 'ਚ ਪਾਰਟੀ ਦੀ ਚੋਣ ਮੀਟਿੰਗ ਦੌਰਾਨ ਖੁੱਲ੍ਹੇਆਮ ਸੁਨੀਲ ਜਾਖੜ ਨੂੰ ਭਵਿੱਖ ਦਾ ਮੁੱਖ ਮੰਤਰੀ ਕਹੇ ਜਾਣ ਨਾਲ ਸੂਬਾ ਕਾਂਗਰਸ 'ਚ ਨਵੀਂ ਚਰਚਾ ਛਿੜ ਗਈ ਹੈ। ਕੈਪਟਨ ਦੇ ਇਸ ਬਿਆਨ ਨਾਲ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਬਾਦਲ ਖੇਮਿਆਂ 'ਚ ਵੀ ਹੈਰਾਨੀ ਹੈ ਕਿ ਇਸ ਬਿਆਨ ਦੇ ਕੀ ਅਰਥ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ਆਪਣੇ ਆਪ ਨੂੰ ਕੈਪਟਨ ਤੋਂ ਬਾਅਦ ਭਵਿੱਖ ਦੇ ਮੁੱਖ ਮੰਤਰੀ ਦੇ ਦਾਅਵੇਦਾਰਾਂ ਵਜੋਂ ਦੇਖਦੇ ਹਨ। ਇਹੀ ਕਾਰਨ ਹੈ ਕਿ ਸਿੱਧੂ ਅਤੇ ਮਨਪ੍ਰੀਤ ਪੰਜਾਬ ਦੀ ਸਿਆਸਤ ਵਿਚ ਸਰਗਰਮ ਰਹਿਣਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਇਸ ਵਾਰ ਲੋਕ ਸਭਾ ਚੋਣਾਂ ਲੜਨ ਦੀ ਹਾਮੀ ਵੀ ਨਹੀਂ ਭਰੀ ਸੀ।
ਕੈਪਟਨ ਵਲੋਂ ਜਾਖੜ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਸੂਬਾ ਕਾਂਗਰਸ ਦੇ ਪ੍ਰਮੁੱਖ ਆਗੂਆਂ ਵਲੋਂ ਕਈ ਅਰਥ ਕੱਢੇ ਜਾ ਰਹੇ ਹਨ। ਕੁੱਝ ਆਗੂਆਂ ਤੇ ਮੰਤਰੀਆਂ ਦਾ ਮੰਨਣਾ ਹੈ ਕਿ ਗੁਰਦਾਸਪੁਰ ਵਿਖੇ ਜਾਖੜ ਨੂੰ ਸੰਨੀ ਦਿਓਲ ਵਲੋਂ ਦਿੱਤੀ ਜਾ ਰਹੀ ਚੁਣੌਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਆਪਣੀ ਸਿਆਸੀ ਰਣਨੀਤੀ ਦੇ ਤਹਿਤ ਇਕ ਨਵਾਂ ਪੱਤਾ ਖੇਡਿਆ ਹੈ। ਇਸ ਨਾਲ ਗੁਰਦਾਸਪੁਰ ਦੇ ਵੋਟਰਾਂ ਦੀ ਜਾਖੜ 'ਚ ਦਿਲਚਸਪੀ ਵੱਧ ਸਕਦੀ ਹੈ। ਕੁੱਝ ਆਗੂਆਂ ਦਾ ਕਹਿਣਾ ਹੈ ਕਿ ਕੈਪਟਨ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦਾ ਯਤਨ ਕੀਤਾ ਹੈ। ਇਸ ਨਾਲ ਜਿੱਥੇ ਇਕ ਪਾਸੇ ਜਾਖੜ ਨੂੰ ਮੌਜੂਦਾ ਚੋਣ 'ਚ ਇਸ ਨਾਲ ਫਾਇਦਾ ਹੋਵੇਗਾ, ਉਥੇ ਦੂਜੇ ਪਾਸੇ ਭਵਿੱਖ ਵਿਚ ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਦੇਖ ਰਹੇ ਨਵਜੋਤ ਸਿੱਧੂ ਤੇ ਕੁੱਝ ਹੋਰ ਆਗੂਆਂ ਦੇ ਦਾਅਵੇ ਕਮਜ਼ੋਰ ਹੋਣਗੇ। ਇਸ ਤਰ੍ਹਾਂ ਕੈਪਟਨ ਦੇ ਬਿਆਨ ਨਾਲ ਪਾਰਟੀ 'ਚ ਨਵੇਂ ਸਿਆਸੀ ਸਮੀਕਰਨ ਬਣਨਗੇ।


Gurminder Singh

Content Editor

Related News