ਸੰਦੀਪ ਸਿੰਘ ਸਾਡੇ ਪੰਜਾਬ ਦਾ ਮਾਣ ਸੀ : ਕੈਪਟਨ

Sunday, Sep 29, 2019 - 06:17 PM (IST)

ਸੰਦੀਪ ਸਿੰਘ ਸਾਡੇ ਪੰਜਾਬ ਦਾ ਮਾਣ ਸੀ : ਕੈਪਟਨ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕੀ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਦੀਪ ਸਿੰਘ ਸਾਡੇ ਪੰਜਾਬ ਦਾ ਮਾਣ ਸੀ, ਅਮਰੀਕਾ ਵਿਖੇ ਬਤੌਰ ਪੁਲਸ 'ਚ ਉੱਚ ਅਹੁਦੇ 'ਤੇ ਸੇਵਾ ਨਿਭਾਅ ਰਿਹਾ ਸੀ। ਉਨ੍ਹਾਂ ਕਿਹਾ ਕਿ ਧਾਲੀਵਾਲ ਨੇ ਸਿੱਖ ਭਾਈਚਾਰੇ ਦੀ ਅਮਰੀਕਾ 'ਚ ਨੁਮਾਇੰਦਗੀ ਕੀਤੀ ਅਤੇ ਉਹ ਅਮਰੀਕਾ 'ਚ ਪਹਿਲਾ ਦਸਤਾਰਧਾਰੀ ਪੁਲਸ ਅਧਿਕਾਰੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਖੀ ਪਰਿਵਾਰ ਨਾਲ ਖੜ੍ਹੀ ਹੈ। 

ਉਧਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਇਰਤਾ ਦੀ ਹੱਦ ਪਾਰ ਕਰਦਿਆਂ ਅਮਰੀਕਾ ਦੇ ਟੈਕਸਾਸ ਵਿਖੇ ਹੈਰੀਸਨ ਕਾਉਂਟੀ ਸ਼ਹਿਰ 'ਚ ਡਿਊਟੀ ਦੌਰਾਨ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਪਿੱਠ 'ਚ ਗੋਲੀ ਮਾਰ ਦਿੱਤੀ ਗਈ, ਨੇਕ ਦਿੱਲ ਤੇ ਬਹਾਦਰ ਸਿੱਖ ਜਿਸ ਦੀ ਮਿਸਾਲ ਬਹਾਦਰੀ ਅੱਗੇ ਕੋਈ ਨਹੀਂ ਸੀ ਖੜ੍ਹਦਾ, ਇਸ ਬੇਦਰਦ ਹਮਲੇ ਦੌਰਾਨ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਸੰਦੀਪ ਸਿੰਘ ਧਾਲੀਵਾਲ ਨੇ ਆਪਣੇ ਸਾਥੀ ਅਧਿਕਾਰੀਆਂ ਤੇ ਉਸ ਨੂੰ ਜਾਨਣ ਵਾਲੇ ਹਰ ਵਿਅਕਤੀ ਸਮੇਤ ਪੂਰੀ ਸਿੱਖ ਕੌਮ ਦਾ ਚਹੇਤਾ ਬਣ ਕੇ ਉਸ ਨੇ ਪਿਆਰ ਤੇ ਸਤਿਕਾਰ ਹਾਸਲ ਕੀਤਾ। ਸ਼੍ਰੋਮਣੀ ਅਕਾਲੀ ਦਲ ਪਰਿਵਾਰ ਦੇ ਨਾਲ ਖੜ੍ਹਾ ਹੈ ਤੇ ਕਾਤਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ। 

ਇਸ ਤੋਂ ਇਲਾਵਾ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ, ਇਸਤਰੀ ਅਕਾਲੀ ਦਲ ਪੰਜਾਬ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜ੍ਹੀ ਹੈ। ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕੇ।


author

Gurminder Singh

Content Editor

Related News