ਹੁਣ ਪੰਜਾਬ 'ਚ ਖੁੱਲ੍ਹਣਗੇ ਪਲਾਜ਼ਮਾ ਬੈਂਕ, ਕੈਪਟਨ ਨੇ ਦਿੱਤੀ ਹਰੀ ਝੰਡੀ
Thursday, Jul 09, 2020 - 07:04 PM (IST)
ਚੰਡੀਗੜ੍ਹ/ਜਲੰਧਰ— ਸੂਬਾ ਸਰਕਾਰ ਨੇ ਆਪਣੇ ਪਾਇਲਟ ਰੈਪਿਡ ਟੈਸਟਿੰਗ ਪ੍ਰਾਜੈਕਟ ਨੂੰ ਸ਼ੁੱਕਰਵਾਰ ਤੋਂ 5 ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ 'ਚ ਸ਼ੁਰੂ ਕਰਨ ਦੀ ਤਿਆਰੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ-ਪਲਾਜ਼ਮਾ ਥੈਰੇਪੀ ਦੇ ਇਲਾਜ ਦੀ ਸਹੂਲਤ ਲਈ ਪਲਾਜ਼ਮਾ ਬੈਂਕ ਦੀ ਸਥਾਪਨਾ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਇਥੇ ਦੱਸ ਦੇਈਏ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਪਹਿਲਾਂ ਹੀ ਇਕ ਆਈ. ਸੀ. ਐੱਮ. ਆਰ. ਟ੍ਰਾਇਲ ਪ੍ਰਾਜੈਕਟ ਵਜੋਂ ਕੰਮ ਕੀਤਾ ਜਾ ਰਿਹਾ ਹੈ।
ਸੂਬੇ 'ਚ ਕੋਰੋਨਾ ਦੀ ਸਥਿਤੀ ਜਾਣਨ ਲਈ ਕੀਤੀ ਗਈ ਵੀਡੀਓ ਕਾਨਫਰੰਸ ਦੀ ਬੈਠਕ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲੱਡ ਬੈਂਕ ਅਤੇ ਟਰਾਂਸਫਿਊਜ਼ਨ ਮੈਡੀਸਨ ਦੇ ਸਾਬਕਾ ਮੁਖੀ ਡਾ. ਨੀਲਮ ਮਰਵਾਹਾ ਦੀ ਦੇਖਰੇਖ 'ਚ ਪਲਾਜ਼ਮਾ ਬੈਂਕ ਦੀ ਸਥਾਪਨਾ ਕਰਨ ਦੀ ਮਨਜ਼ੂਰੀ ਦਿੱਤੀ। ਪਲਾਜ਼ਮਾ ਥੈਰਿਪੀ ਦੀ ਵਰਤੋਂ ਗੰਭੀਰ ਰੂਪ 'ਚ ਬੀਮਾਰੀਆਂ ਦੇ ਸ਼ਿਕਾਰ ਵਿਅਕਤੀ, ਬਾਲਗਾਂ ਦੀ ਵਿਸ਼ਾਲ ਸ਼੍ਰੇਣੀ ਦੇ ਇਲਾਜ ਲਈ ਮਦਦਗਾਰ ਸਾਬਤ ਹੋਵੇਗੀ।
ਇਹ ਵੀ ਪੜ੍ਹੋ: ਜਲੰਧਰ ਦਿਹਾਤੀ ਦੇ SSP ਨੂੰ 'ਕੋਰੋਨਾ' ਹੋਣ ਦੀ ਪੁਸ਼ਟੀ, ਸਿਹਤ ਮਹਿਕਮੇ ਨੂੰ ਪਈਆਂ ਭਾਜੜਾਂ
ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਟ੍ਰਾਈਲ ਦੇ ਲਈ ਕੁੱਲ 15 ਮਰੀਜ਼ਾਂ ਨੂੰ ਭਰਤੀ ਕੀਤਾ ਗਿਆ ਸੀ, ਜਿਨ੍ਹਾਂ 'ਚੋਂ 8 ਨੂੰ ਪਲਾਜ਼ਮਾ ਦਿੱਤਾ ਗਿਆ ਸੀ ਅਤੇ ਬਾਕੀ 7 ਨੂੰ ਆਈ. ਸੀ. ਐੱਮ. ਆਰ. ਵੱਲੋਂ ਰੈਂਡਮਾਈਜ਼ੇਸ਼ਨ ਦੇ ਮੁਤਾਬਕ ਕੰਟਰੋਲ ਆਰਮ 'ਚ ਰੱਖਿਆ ਗਿਆ ਸੀ। 5 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਮੀਟਿੰਗ 'ਚ ਦੱਸਿਆ ਗਿਆ ਕਿ ਕੁੱਲ 11 ਦਾਨੀਆਂ ਨੇ ਪਲਾਜ਼ਮਾ ਦਾਨ ਕੀਤਾ ਹੈ ਅਤੇ 300 ਰੋਗੀ ਠੀਕ ਹੋਏ ਹਨ।
ਕੋਰੋਨਾ ਦੇ ਵੱਧਦੇ ਮਾਮਲੇ ਵੇਖ ਕੈਪਟਨ ਹੋਏ ਸਖਤ, ਸਿਆਸੀ ਜਮਾਤਾਂ ਨੂੰ ਲਿਖਣਗੇ ਚਿੱਠੀ
ਸੂਬੇ 'ਚ ਕਮਿਊਨਿਟੀ ਸਪਰੈੱਡ ਦੇ ਵੱਧਦੇ ਖਤਰੇ ਨੂੰ ਵੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਸਖਤ ਹੋ ਗਏ ਹਨ। ਕੈਪਟਨ ਨੇ ਸਿਆਸੀ ਦਲਾਂ ਨੂੰ ਸਿਆਸੀ ਸਗਾਗਮਾਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਸੂਬੇ 'ਚ ਕੋਰੋਨਾ ਦੀ ਵੱਧ ਰਹੀ ਸਥਿਤੀ ਅਤੇ ਨਿਯਮਾਂ ਦੀ ਵੱਧ ਰਹੀ ਉਲੰਘਣਾ ਬਾਰੇ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੀਆਂ ਰਜਿਸਟਰਡ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਚਿੱਠੀ ਲਿਖ ਕੇ ਵੱਡੀਆਂ ਸਭਾਵਾਂ 'ਚ ਜਾਂਚ 'ਚ ਉਨ੍ਹਾਂ ਦਾ ਸਹਿਯੋਗ ਦੇਣ ਦੀ ਮੰਗ ਕਰਨਗੇ। ਉਥੇ ਹੀ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪੁਲਸ ਨੇ ਕੋਵਿਡ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਕੁਝ ਸਿਆਸੀ ਦਲਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਹਿਕਮਾ ਸਾਰੇ ਦਲਾਂ ਨੂੰ ਇਸ ਤਰ੍ਹਾਂ ਦੇ ਕੰਮਾਂ 'ਚ ਸ਼ਾਮਲ ਨਾ ਹੋਣ ਲਈ ਲਿਖਣ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ: ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ